ਪੈਨਸ਼ਨਰਜ਼ ਵੈੱਲਫੇਅਰ ਫਰੰਟ ਦੇ ਵਫਦ ਨੇ ਦਿੱਤਾ ਮੰਗ ਪੱਤਰ

Thursday, Jan 18, 2018 - 01:08 PM (IST)

ਪੈਨਸ਼ਨਰਜ਼ ਵੈੱਲਫੇਅਰ ਫਰੰਟ ਦੇ ਵਫਦ ਨੇ ਦਿੱਤਾ ਮੰਗ ਪੱਤਰ

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਫਰੰਟ ਜ਼ਿਲਾ ਸੰਗਰੂਰ ਦੇ ਇਕ ਵਫਦ ਨੇ ਸਰਪ੍ਰਸਤ ਜਗਦੀਸ਼ ਸ਼ਰਮਾ, ਬਲਬੀਰ ਸਿੰਘ ਰਤਨ, ਸਤਨਾਮ ਸਿੰਘ ਬਾਜਵਾ, ਸੁਖਦੇਵ ਸਿੰਘ ਮਾਨ ਤੇ ਹਰਬੰਸ ਜਿੰਦਲ ਦੀ ਅਗਵਾਈ 'ਚ ਭਗਵੰਤ  ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਨੂੰ ਉਨ੍ਹਾਂ ਦੇ ਦਫਤਰ 'ਚ ਮੰਗ ਪੱਤਰ ਦਿੱਤਾ। ਪੈਨਸ਼ਨਰਾਂ ਦੀਆਂ ਮੰਗਾਂ ਸਿਵਲ ਸਰਜਨ ਸੰਗਰੂਰ, ਖਜ਼ਾਨਾ ਅਫਸਰ ਸੰਗਰੂਰ ਤੇ ਕੁੱਝ ਬੈਂਕਾਂ ਕੋਲ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ, ਉਨ੍ਹਾਂ ਦੇ ਨਿਬੇੜੇ ਲਈ ਗੰਭੀਰਤਾ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਪੈਨਸ਼ਨਰਾਂ 'ਚ ਰੋਸ ਪਾਇਆ ਜਾ ਰਿਹਾ ਹੈ। ਸਰਪ੍ਰਸਤ ਜਗਦੀਸ਼ ਸ਼ਰਮਾ, ਬਲਵੀਰ ਸਿੰਘ ਰਤਨ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਸਿਵਲ ਸਰਜਨ ਸੰਗਰੂਰ ਦੇ ਦਫਤਰ 'ਚ ਬੀਮਾਰ/ਬਿਰਧ ਪੈਨਸ਼ਨਰਾਂ ਦੇ ਕਰੋੜਾਂ ਰੁਪਏ ਦੇ ਮੈਡੀਕਲ ਬਿੱਲ ਪ੍ਰਵਾਨ ਕਰਨ ਤੋਂ ਲਟਕ ਰਹੇ ਹਨ। ਇਸ ਸਬੰਧੀ ਕਈ ਵਾਰ ਮਿਲ ਕੇ ਬੇਨਤੀ ਕੀਤੀ ਗਈ ਪਰ ਨਤੀਜਾ ਕੋਈ ਨਹੀਂ ਨਿਕਲਿਆ। ਇਸੇ ਤਰ੍ਹਾਂ ਖਜ਼ਾਨਾ ਅਫਸਰ ਸੰਗਰੂਰ ਵਿਖੇ ਵਿਭਾਗ ਤੋਂ ਪ੍ਰਵਾਨਗੀ ਕਰਨ ਉਪਰੰਤ ਪਾਸ ਕਰਨ ਲਈ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਧੂਰੀ ਦੇ ਬੈਂਕਾਂ ਵੱਲੋਂ ਪੈਨਸ਼ਨਰਾਂ ਦੀ ਦਸੰਬਰ 2017 ਦੀ ਪੈਨਸ਼ਨ ਅਦਾ ਨਹੀਂ ਕੀਤੀ ਗਈ ਜਦੋਂਕਿ ਪੈਨਸ਼ਨਰਾਂ ਵੱਲੋਂ ਲਾਈਫ ਸਰਟੀਫਿਕੇਟ ਸਮੇਂ ਸਿਰ ਦਿੱਤੇ ਸਨ। ਪੈਨਸ਼ਨਰਾਂ 'ਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਪੈਨਸ਼ਨਰ ਦਫਤਰ ਲਈ ਕੁਰਸੀਆਂ ਤੇ ਸ਼ੈੱਡ ਦੀ ਰਿਪੇਅਰ ਅਤੇ ਹੋਰ ਲੋੜੀਂਦਾ ਸਮਾਨ ਦੇਣ ਦੀ ਬੇਨਤੀ ਕੀਤੀ। ਮੈਂਬਰ ਪਾਰਲੀਮੈਂਟ ਵੱਲੋਂ ਜਥੇਬੰਦੀ ਨੂੰ ਮੰਗਾਂ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਲਿਖਣ ਅਤੇ ਪੂਰਾ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ, ਜੀਤ ਸਿੰਘ, ਤਾਰਾ ਸਿੰਘ ਆਦਿ ਹਾਜ਼ਰ ਸਨ।


Related News