ਪੈਨਸ਼ਨ ਧਾਰਕਾਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਵਲੋਂ ਪੈਨਸ਼ਨ ਦੁੱਗਣੀ ਕਰਨ ਨੂੰ ਮਨਜ਼ੂਰੀ
Sunday, Jun 06, 2021 - 06:53 PM (IST)
ਚੰਡੀਗੜ੍ਹ : ਸਮਾਜਿਕ ਸੁਰੱਖਿਆ ਮਹੀਨਾਵਾਰ ਪੈਨਸ਼ਨ ਨੂੰ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਪੈਨਸ਼ਨ ਵਿਚ ਇਹ ਵਾਧਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਨਾਲ 1 ਜੁਲਾਈ ਤੋਂ ਲਾਗੂ ਹੋ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਨੋਟੀਫੀਕੇਸ਼ਨ ਨੇ ਬਜ਼ੁਰਗਾਂ, ਦਿਵਿਆਂਗ ਵਿਅਕਤੀਆਂ, ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਤੋਂ ਇਲਾਵਾ ਨਿਰਭਰ ਬੱਚਿਆਂ ਦੀ ਪੈਨਸ਼ਨ ਦੁੱਗਣੀ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਸਾਲ ਦੇ ਬਜਟ ਸੈਸ਼ਨ ਦੌਰਾਨ ਸੂਬਾ ਸਰਕਾਰ ਦੀ ਵਚਨਬੱਧਤਾ ਅਨੁਸਾਰ ਸਮਾਜਿਕ ਸੁਰੱਖਿਆ ਪੈਨਸ਼ਨਾਂ ਅਧੀਨ ਆਉਂਦੇ ਸਮਾਜ ਦੇ ਪੱਛੜੇ ਵਰਗਾਂ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ 1500 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵੀ ਇਕ ਲਾਹੇਵੰਦ ਉਪਰਾਲਾ ਹੈ।
ਇਹ ਵੀ ਪੜ੍ਹੋ : ਪੰਜਾਬ ਟਰਾਂਸਪੋਰਟ ਮੰਤਰੀ ਦਾ ਵੱਡਾ ਐਲਾਨ, ਜਾਰੀ ਕੀਤੇ ਇਹ ਨਵੇਂ ਹੁਕਮ
ਜ਼ਿਕਰਯੋਗ ਹੈ ਕਿ ਮਾਸਿਕ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ (ਦੁੱਗਣੀ ) ਕਰਨ ਦੇ ਮੱਦੇਨਜ਼ਰ 2021-22 ਦੌਰਾਨ 4,000 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ ਜੋ ਕਿ ਸਾਲ 2020-21 ਦੇ 2,320 ਕਰੋੜ ਰੁਪਏ ਦੇ ਬਜਟਰੀ ਖਰਚਿਆਂ ਮੁਕਾਬਲੇ 72 ਫ਼ੀਸਦੀ ਵਾਧਾ ਦਰਸਾਉਂਦਾ ਹੈ। ਸਾਲ 2019-220 ਅਤੇ 2020-21 ਵਿਚ ਕ੍ਰਮਵਾਰ 2,089 ਕਰੋੜ ਅਤੇ 2,277 ਕਰੋੜ ਰੁਪਏ ਦੀ ਸਮਾਜਿਕ ਸੁਰੱਖਿਆ ਪੈਨਸ਼ਨ ਵੰਡੀ ਗਈ, ਜੋ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਸਾਲ 2016-17 ਵਿਚ ਦਿੱਤੀ ਮਹਿਜ਼ 747 ਕਰੋੜ ਰੁਪਏ ਦੀ ਪੈਨਸ਼ਨ ਨਾਲੋਂ ਤਿੰਨ ਗੁਣਾ ਵੱਧ ਬਣਦੀ ਹੈ। ਸਾਲ 2020-21 ਦੌਰਾਨ ਅਨੁਸੂਚਿਤ ਜਾਤੀ ਨਾਲ ਸਬੰਧਤ 13 ਲੱਖ ਲਾਭਪਾਤਰੀਆਂ ਸਮੇਤ ਕੁੱਲ 25.55 ਲੱਖ ਲਾਭਪਾਤਰੀਆਂ ਨੂੰ ਪੈਨਸ਼ਨ ਦਿੱਤੀ ਗਈ।
ਇਹ ਵੀ ਪੜ੍ਹੋ : ਕਾਂਗਰਸ ’ਚ ਬਗਾਵਤ ਨੂੰ ਹੋਰ ਹਵਾ ਮਿਲਣ ਲੱਗੀ ਹੈ, ਖਹਿਰਾ ਦੀ ਐਂਟਰੀ ਨਾਲ ਫਾਇਦਾ ਘੱਟ, ਨੁਕਸਾਨ ਵੱਧ
ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਹਾਲ ਹੀ ਵਿਚ ਕੋਵਿਡ ਮਹਾਮਾਰੀ ਵਿਚ ਅਨਾਥ ਹੋਏ ਸਾਰੇ ਬੱਚਿਆਂ ਲਈ ਗ੍ਰੈਜੂਏਸ਼ਨ ਤੱਕ ਮੁਫਤ ਸਿੱਖਿਆ ਦਾ ਐਲਾਨ ਕੀਤਾ ਸੀ। ਇਹ ਉਪਰਾਲਾ ਉਨ੍ਹਾਂ ਪਰਿਵਾਰਾਂ ਲਈ ਵੀ ਲਾਹੇਵੰਦ ਹੈ ਜੋ ਕੋਵਿਡ ਕਾਰਨ ਆਪਣਾ ਕਮਾਊ ਜੀਅ ਗਵਾ ਚੁੱਕੇ ਹਨ। ਇਹ ਲਾਭ 1 ਜੁਲਾਈ, 2021 ਤੋਂ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦੀ ਲੜਾਈ, ਇਕ ਪਾਸੇ ਖੂਹ, ਦੂਜੇ ਪਾਸੇ ਖੱਡ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?