ਜਾਅਲੀ ਹਸਤਾਖਰ ਨਾਲ ਪੈਂਡਿੰਗ ਸੈਲਰੀ ਕੱਢਣ ਦਾ ਮਾਮਲਾ, ਵਿਜੀਲੈਂਸ ਨੇ ਸ਼ੁਰੂ ਕੀਤੀ ਜਾਂਚ

11/11/2018 3:12:16 AM

ਜਲੰਧਰ, (ਰਵਿੰਦਰ)- ਮਖੂ ਬਲਾਕ ’ਚ ਪੰਚਾਇਤ ਵਿਭਾਗ ਅੰਦਰ ਇਕ ਅਜੀਬੋ-ਗਰੀਬ  ਠੱਗੀ ਦੇਖਣ ਨੂੰ ਮਿਲੀ। ਬਲਾਕ ਦੇ ਇਕ ਅਧਿਕਾਰੀ ਨੇ ਪੰਚਾਇਤ ਸੈਕਟਰੀ ਬਲਜੀਤ ਕੌਰ ਦੀ 9  ਮਹੀਨਿਅਾਂ ਦੀ ਸੈਲਰੀ 3.25 ਲੱਖ ਰੁਪਏ 10  ਜੁਲਾਈ 2018 ਨੂੰ ਐੱਚ. ਡੀ. ਐੱਫ. ਸੀ. ਬੈਂਕ  ਬ੍ਰਾਂਚ ਮਖੂ ਦੇ ਚੈੱਕ 'ਤੇ ਜਾਅਲੀ ਹਸਤਾਖਰ ਕਰ ਕੇ ਕੱਢਵਾ ਲਈ। ਮਹਿਲਾ ਪੰਚਾਇਤ ਸੈਕਟਰੀ  ਨੇ ਮਾਮਲਾ ਸਾਹਮਣੇ ਆਉਣ 'ਤੇ ਇਸ ਦੀ ਸ਼ਿਕਾਇਤ ਵਿਭਾਗ ਦੇ ਡਾਇਰੈਕਟਰ ਤੇ ਵਿਜੀਲੈਂਸ ਨੂੰ  ਦਿੱਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਮਾਮਲੇ ’ਚ ਆਪਣੀ ਜਾਂਚ ਸ਼ੁਰੂ ਕਰ  ਦਿੱਤੀ ਹੈ। ਵਿਜੀਲੈਂਸ ਦੇ ਡਰੋਂ ਉਕਤ ਅਧਿਕਾਰੀ ਹੁਣ ਚੁੱਪ-ਚੁਪੀਤੇ ਪੈਸੇ  ਜਮ੍ਹਾ ਕਰਵਾਉਣ ਦਾ ਜੁਗਾੜ ਲਾ ਰਿਹਾ ਹੈ ਤਾਂ ਜੋ ਕਿਸੇ ਤਰ੍ਹਾਂ ਅਪਰਾਧਿਕ ਕੇਸ ਤੋਂ  ਬਚਿਆ ਜਾ ਸਕੇ।


ਪੰਚਾਇਤ ਸੈਕਟਰੀ ਬਲਜੀਤ ਕੌਰ ਦਾ ਕਹਿਣਾ ਹੈ ਕਿ 25 ਅਗਸਤ 2017  ਨੂੰ ਉਸ ਨੇ ਮਖੂ ਪੰਚਾਇਤ ਸੰਮਤੀ ’ਚ ਬਤੌਰ ਪੰਚਾਇਤ ਸੈਕਟਰੀ ਜੁਆਇਨ ਕੀਤਾ ਸੀ, ਜਿਸ ਤੋਂ  ਬਾਅਦ ਉਸ ਦਾ ਤਬਾਦਲਾ ਕਰ ਦਿੱਤਾ ਗਿਆ ਤੇ 21 ਮਈ 2018 ਨੂੰ ਉਹ ਉਥੋਂ ਰਿਲੀਵ ਹੋ ਗਈ।  ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਾਰ-ਵਾਰ ਸੁਪਰਡੈਂਟ ਪਰਮਿੰਦਰ ਸਿੰਘ (ਵਧੀਕ ਈ.  ਓ. ਚਾਰਜ) ਤੇ ਪੰਚਾਇਤ ਅਧਿਕਾਰੀ ਤੀਰਥ ਸਿੰਘ (ਵਧੀਕ ਅਕਾਊਂਟੈਂਟ ਚਾਰਜ) ਨੂੰ ਆਪਣੀ  ਸੈਲਰੀ ਲਈ ਕਹਿੰਦੀ ਰਹੀ। ਈ. ਓ. ਮਖੂ ਨੇ 20 ਸਤੰਬਰ 2018 ਦੀ ਚਿੱਠੀ ਜੋ ਕਿ  ਬਲਜੀਤ ਕੌਰ ਨੂੰ  ਮਿਲੀ, ਵਿਚ ਦੱਸਿਆ ਕਿ ਚੈੱਕ ਰਾਹੀਂ 10 ਜੁਲਾਈ 2018 ਨੂੰ 3.25 ਲੱਖ  ਰੁਪਏ ਉਸ ਨੂੰ ਸੈਲਰੀ ਜਾਰੀ ਕਰ ਕੇ ਦਿੱਤੇ ਗਏ ਸਨ। ਉਸ ਨੇ ਬੀ. ਡੀ. ਪੀ. ਓ. ਤੋਂ ਐੈੱਚ. ਡੀ.  ਐੱਫ. ਸੀ. ਬੈਂਕ ਦੀ ਡਿਟੇਲ ਮੰਗੀ ਤਾਂ ਉਸ ਨੂੰ ਚੈੱਕ ਦੀ ਫੋਟੋਕਾਪੀ ਦਿਖਾਈ ਗਈ, ਜਿਸ ਨੂੰ  ਦੇਖਣ 'ਤੇ ਪਤਾ ਲੱਗਾ ਕਿ ਬਲਜੀਤ ਕੌਰ ਦੇ ਨਾਂ 'ਤੇ 10 ਜੁਲਾਈ 2018 ਨੂੰ ਪੇਮੈਂਟ ਕਢਵਾਈ  ਗਈ ਸੀ। ਬਲਜੀਤ ਕੌਰ ਦਾ ਕਹਿਣਾ ਹੈ ਕਿ ਈ. ਓ. ਪਰਮਿੰਦਰ ਸਿੰਘ ਤੇ ਤੀਰਥ ਸਿੰਘ ਨੇ ਉਸ ਦੇ  ਜਾਅਲੀ ਹਸਤਾਖਰ ਕਰ ਕੇ ਸੈਲਰੀ ਕਢਵਾਈ ਹੈ। ਐੱਚ. ਡੀ. ਐੱਫ. ਸੀ. ਬੈਂਕ ਮਖੂ ਦੇ ਮੈਨੇਜਰ  ਗੌਰਵ ਦਾ ਕਹਿਣਾ ਹੈ ਕਿ 10 ਜੁਲਾਈ 2018 ਨੂੰ ਚੈੱਕ ਰਾਹੀਂ ਈ. ਓ. ਪੀ. ਏ. ਅਕਾਊਂਟ  ’ਚੋਂ 3.25 ਲੱਖ ਰੁਪਏ ਦੀ ਰਕਮ ਤਤਕਾਲੀਨ ਡੀ. ਡੀ. ਓ. ਪਾਵਰ ਤਹਿਤ ਬੀ. ਡੀ. ਓ.  ਹਸਤਾਖਰ ਸਣੇ ਤੇ ਚੈੱਕ ਪਿੱਛੇ ਬਲਜੀਤ ਕੌਰ ਦੇ ਹਸਤਾਖਰ ਦੀ ਬੀ. ਡੀ. ਓ. ਦੀ ਤਸਦੀਕ ਨਾਲ  ਕਢਵਾਈ ਗਈ ਸੀ। ਇਹ ਈ. ਓ. ਪੀ. ਐੈੱਸ. ਅਕਾਊਂਟ ਵਿਭਾਗ ਦਾ ਹੈ। ਇਸ ਵਿਚ ਜਿਸ ਵੀ  ਅਧਿਕਾਰੀ ਕੋਲ ਡੀ. ਡੀ. ਓ. ਪਾਵਰ ਹੈ, ਉਹ ਕਿਸੇ ਵੀ ਮੁਲਾਜ਼ਮ ਜਾਂ ਹੋਰ ਦੇ ਨਾਂ ਨੂੰ  ਤਸਦੀਕ ਕਰ ਕੇ ਇਸ ਅਕਾਊਂਟ ’ਚੋਂ ਪੈਸੇ ਕਢਵਾ ਸਕਦਾ ਹੈ। ਡੀ. ਡੀ. ਪੀ. ਓ. ਫਿਰੋਜ਼ਪੁਰ ਦਾ  ਕਹਿਣਾ ਹੈ ਕਿ ਡਾਇਰੈਕਟਰ ਨੇ ਬੀ. ਡੀ. ਓ. ਨੂੰ ਚੰਡੀਗੜ੍ਹ ਤਲਬ ਕੀਤਾ ਸੀ ਅਤੇ ਜਾਂਚ  ਜਾਰੀ ਹੈ। ਆਡਿਟ ਤੋਂ ਬਾਅਦ ਹੀ ਪੂਰਾ ਮਾਮਲਾ ਸਾਫ ਹੋਵੇਗਾ ਪਰ ਇਸ ਦੌਰਾਨ ਸ਼ਿਕਾਇਤ ਮਿਲਣ  ਤੋਂ ਬਾਅਦ ਵਿਜੀਲੈਂਸ ਵਿਭਾਗ ਵੀ ਹਰਕਤ ਵਿਚ ਆ ਗਿਆ ਹੈ। ਵਿਜੀਲੈਂਸ ਦੇ ਹਰਕਤ ’ਚ ਆਉਂਦਿਆਂ ਹੀ  ਮੁਲਜ਼ਮ ਪੈਸਾ ਵਾਪਸ ਕਰਨ ਦਾ ਕੋਈ ਨਾ ਕੋਈ ਜੁਗਾੜ ਲਾ ਰਹੇ ਹਨ।

 
ਕੀ ਕਹਿਣਾ ਹੈ ਸੁਪਰਡੈਂਟ ਦਾ—
ਸੁਪਰਡੈਂਟ  ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਕੋਈ ਧੋਖਾਦੇਹੀ ਨਹੀਂ ਹੋਈ। ਪੈਸਾ ਕੱਢਵਾ ਕੇ ਦਫਤਰ  ’ਚ ਸੇਫ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬਲਜੀਤ ਕੌਰ ਕਾਫੀ ਸਮੇਂ ਤੋਂ ਸੈਲਰੀ ਲੈਣ  ਨਹੀਂ ਆਈ ਸੀ, ਜਦੋਂ ਸੈਲਰੀ ਆਈ ਤਦ ਤੱਕ ਉਸ ਦੀ ਬਦਲੀ ਹੋ ਚੁੱਕੀ ਸੀ। ਕਈ ਫੋਨ ਕੀਤੇ ਪਰ  ਬਲਜੀਤ ਕੌਰ ਸੈਲਰੀ ਲੈਣ ਨਹੀਂ ਆਈ ਤਾਂ ਪੈਸਾ ਕੱਢਵਾ ਕੇ ਸੇਫ ਰੱਖ ਦਿੱਤਾ ਗਿਆ ਸੀ।  ਕਾਫੀ ਸਮੇਂ ਤੱਕ ਉਨ੍ਹਾਂ ਦੇ ਨਾ ਆਉਣ 'ਤੇ ਉਹ ਪੈਸਾ ਫਿਰ ਬੈਂਕ ’ਚ ਜਮ੍ਹਾ ਕਰਵਾ  ਦਿੱਤਾ ਗਿਆ। ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਬਲਜੀਤ ਕੌਰ ਜੋ ਦੋਸ਼ ਲਾ ਰਹੀ ਹੈ, ਝੂਠੇ ਹਨ ਤੇ ਇਹ ਦੋਸ਼ ਉਹ ਨਿੱਜੀ ਕਾਰਨਾਂ ਕਾਰਨ ਲਾ ਰਹੀ ਹੈ।

 
ਸਰਪੰਚਾਂ ਦੇ ਮਾਣ-ਭੱਤੇ ’ਚ ਵੀ ਹੋਇਆ ਘਪਲਾ—
ਅਜੇ  ਬਲਜੀਤ ਕੌਰ ਦੀ ਸੈਲਰੀ ਕਢਵਾਉਣ ਦਾ ਮਾਮਲਾ ਠੰਡਾ ਨਹੀਂ ਹੋਇਆ ਸੀ ਕਿ ਗ੍ਰਾਮ ਪੰਚਾਇਤ ਦੇ  ਸਰਪੰਚਾਂ ਨੂੰ ਮਾਣ-ਭੱਤੇ ਲਈ ਕੱਟੇ ਗਏ 12 ਚੈੱਕ ਜਿਨ੍ਹਾਂ ਦੀ ਰਕਮ 24-24 ਹਜ਼ਾਰ ਸੀ, 'ਤੇ ਵੀ   ਜਾਅਲੀ ਹਸਤਾਖਰ ਕਰ ਕੇ ਕਢਵਾਉਣ ਦਾ ਮਾਮਲਾ ਸਾਹਮਣੇ ਆ ਗਿਆ। ਆਈ. ਸੀ. ਆਈ. ਸੀ. ਆਈ.  ਬੈਂਕ ਮਖੂ ਬ੍ਰਾਂਚ ਵਿਚ 2.88 ਲੱਖ 12 ਜਨਵਰੀ 2018 ਨੂੰ 2.09 ਲੱਖ ਰੁਪਏ ਸਣੇ ਕੁਲ  18.02 ਲੱਖ ਰੁਪਏ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ। ਸਰਪੰਚਾਂ ਨੂੰ ਜਦੋਂ ਮਾਣ-ਭੱਤੇ  ਬਾਰੇ ਪਤਾ ਲੱਗਾ ਤਾਂ ਤੁਰੰਤ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਵਿੱਤ  ਕਮਿਸ਼ਨ ਦੇ ਧਿਆਨ ਵਿਚ ਲਿਅਾਂਦਾ ਗਿਆ। ਵਿਭਾਗ ਨੇ ਪੂਰੇ ਮਾਮਲੇ ਦਾ ਰਿਕਾਰਡ ਆਪਣੇ ਕੋਲ  ਤਲਬ ਕਰ ਲਿਆ ਹੈ। 


Related News