ਕਿਸਾਨ ਅੰਦੋਲਨ ਨੇ ਵਿਖਾਇਆ ਕਿ ਬੇਇਨਸਾਫ਼ੀ ਖ਼ਿਲਾਫ਼ ਸੱਚਾਈ ਤੇ ਮਜ਼ਬੂਤ ਇਰਾਦਿਆਂ ਦੀ ਜ਼ਰੂਰ ਹੁੰਦੀ ਹੈ ਜਿੱਤ : ਕੇਜਰੀਵਾਲ

Friday, Nov 26, 2021 - 09:52 PM (IST)

ਕਿਸਾਨ ਅੰਦੋਲਨ ਨੇ ਵਿਖਾਇਆ ਕਿ ਬੇਇਨਸਾਫ਼ੀ ਖ਼ਿਲਾਫ਼ ਸੱਚਾਈ ਤੇ ਮਜ਼ਬੂਤ ਇਰਾਦਿਆਂ ਦੀ ਜ਼ਰੂਰ ਹੁੰਦੀ ਹੈ ਜਿੱਤ : ਕੇਜਰੀਵਾਲ

ਚੰਡੀਗੜ੍ਹ/ਨਵੀਂ ਦਿੱਲੀ (ਬਿਊਰੋ)-ਦਿੱਲੀ ਵਿਧਾਨ ਸਭਾ ’ਚ ਸਦਨ ਨੂੰ ਸੰਬੋਧਿਤ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੀ ਜਿੱਤ ਉੱਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ । ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੇ ਦੇਸ਼ ਦੇ ਕਿਸਾਨ ਨੇ ਆਪਣੇ ਅੰਦੋਲਨ ਨਾਲ ਇਹ ਵਿਖਾ ਦਿੱਤਾ ਕਿ ਬੇਇਨਸਾਫ਼ੀ ਦੇ ਖ਼ਿਲਾਫ਼ ਸੱਚਾਈ ਅਤੇ ਮਜ਼ਬੂਤ ਇਰਾਦਿਆਂ ਦੀ ਜਿੱਤ ਜ਼ਰੂਰ ਹੁੰਦੀ ਹੈ । ਦੁਨੀਆ ਦੇ ਇਤਿਹਾਸ ’ਚ ਇਹ ਸਭ ਤੋਂ ਲੰਮਾ ਅੰਦੋਲਨ ਰਿਹਾ, ਜੋ ਦੇਸ਼ ਦੇ ਕਿਸਾਨਾਂ ਨੂੰ ਆਪਣੀ ਹੀ ਚੁਣੀ ਹੋਈ ਸਰਕਾਰ ਦੇ ਖ਼ਿਲਾਫ਼ ਕਰਨਾ ਪਿਆ ਅਤੇ 12 ਮਹੀਨੇ ਤੱਕ ਚੱਲਿਆ । ਕਦੇ ਸੋਚਿਆ ਨਹੀਂ ਸੀ ਕਿ ਆਜ਼ਾਦ ਭਾਰਤ ’ਚ ਕਿਸਾਨਾਂ ਨੂੰ ਰਾਸ਼ਟਰ ਵਿਰੋਧੀ , ਖ਼ਾਲਿਸਤਾਨ, ਚੀਨ-ਪਾਕਿਸਤਾਨ ਦੇ ਏਜੰਟ ਸਮੇਤ ਤਮਾਮ ਗਾਲ੍ਹਾਂ ਦਿੱਤੀਆਂ ਜਾਣਗੀਆਂ। ਅਰਵਿੰਦ ਕੇਜਰੀਵਾਲ ਨੇ ਸਵਾਲ ਕੀਤਾ ਕਿ ਜੇਕਰ ਦੇਸ਼ ਦੇ ਸਾਰੇ ਕਿਸਾਨ ਰਾਸ਼ਟਰ ਵਿਰੋਧੀ ਹਨ ਤਾਂ ਜੋ ਗਾਲ੍ਹਾਂ ਕੱਢ ਰਹੇ ਸਨ, ਉਹ ਕੀ ਹਨ ?  ਪਿਛਲੇ ਕੁਝ ਸਾਲਾਂ ਤੋਂ ਲੋਕਾਂ ਦਾ ਲੋਕਤੰਤਰ ਉੱਤੇ ਭਰੋਸਾ ਉੱਠਦਾ ਜਾ ਰਿਹਾ ਸੀ। ਇਹ ਲੋਕਤੰਤਰ ਦੀ ਜਿੱਤ ਹੈ ਅਤੇ ਇਸ ਤੋਂ ਲੋਕਾਂ ਦਾ ਲੋਕਤੰਤਰ ’ਚ ਭਰੋਸਾ ਵਧਿਆ ਹੈ। ਕਿਸਾਨਾਂ ਦੀਆਂ ਐੱਮ.ਐੱਸ.ਪੀ. ਸਮੇਤ ਹੋਰ ਲੰਬਿਤ ਮੰਗਾਂ ਦਾ ਅਸੀਂ ਪੂਰਾ ਸਮਰਥਨ ਕਰਦੇ ਹਾਂ ਅਤੇ ਕਿਸਾਨਾਂ ਉੱਤੇ ਕੀਤੇ ਗਏ ਸਾਰੇ ਝੂਠੇ ਮੁਕੱਦਮਿਆਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ ।

ਇਹ ਵੀ ਪੜ੍ਹੋ : ਜ਼ੀਰਾ ’ਚ ਕਾਰ ਸਵਾਰਾਂ ਨੇ ਨੌਜਵਾਨ ’ਤੇ ਚਲਾਈਆਂ ਗੋਲੀਆਂ, ਫੈਲੀ ਦਹਿਸ਼ਤ

ਦਿੱਲੀ ਵਿਧਾਨ ਸਭਾ ਵਿੱਚ ਸਦਨ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਤੋਂ ਇੱਕ ਸਾਲ ਪਹਿਲਾਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ । ਕੇਂਦਰ ਸਰਕਾਰ ਵੱਲੋਂ ਬਿਨਾਂ ਕਿਸਾਨਾਂ ਤੋਂ ਪੁੱਛੇ, ਬਿਨਾਂ ਜਨਤਾ ਤੋਂ ਪੁੱਛੇ ਆਪਣੀ ਹੈਂਕੜ ’ਚ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸਨ । ਲੋਕ ਸਭਾ ਵਿਚ ਇਨ੍ਹਾਂ ਦਾ ਬਹੁਮਤ ਹੈ ਅਤੇ ਰਾਜ ਸਭਾ ’ਚ ਵੀ ਇਨ੍ਹਾਂ ਦੀਆਂ ਕਾਫ਼ੀ ਸੀਟਾਂ ਹਨ ।  ਉਸ ਦੀ ਇਨ੍ਹਾਂ ਨੂੰ ਹੈਂਕੜ ਹੈ ਕਿ ਅਸੀਂ ਤਾਂ ਕੁਝ ਵੀ ਪਾਸ ਕਰਾ ਲਵਾਂਗੇ । ਉਸ ਹੈਂਕੜ ਦੇ ਚੱਲਦੇ ਇਨ੍ਹਾਂ ਨੇ ਇਹ ਕਾਲੇ ਕਾਨੂੰਨ ਪਾਸ ਕੀਤੇ । ਇਨ੍ਹਾਂ ਨੂੰ ਲੱਗਦਾ ਸੀ ਕਿ ਕਿਸਾਨ ਆਉਣਗੇ,  ਥੋੜ੍ਹੇ ਦਿਨ ਅੰਦੋਲਨ ਕਰਨਗੇ, ਚੀਕਣਗੇ ਅਤੇ ਫਿਰ ਘਰ ਚਲੇ ਜਾਣਗੇ। ਪਿਛਲੇ ਸਾਲ 26 ਨਵੰਬਰ ਨੂੰ ਦਿੱਲੀ ਦੇ ਬਾਰਡਰ ਉੱਤੇ ਇਹ ਅੰਦੋਲਨ ਸ਼ੁਰੂ ਹੋਇਆ। ਅੱਜ ਪੂਰਾ ਇਕ ਸਾਲ ਹੋ ਗਿਆ ਅਤੇ ਉਨ੍ਹਾਂ ਦਾ ਅੰਦੋਲਨ ਸਫਲ ਰਿਹਾ।  ਸਭ ਤੋਂ ਪਹਿਲਾਂ ਮੈਂ ਇਸ ਦੇਸ਼  ਦੇ ਕਿਸਾਨਾਂ ਨੂੰ ਤਹਿ ਦਿਲੋਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹਾਂ। ਇਸ ਅੰਦੋਲਨ ’ਚ ਸਭ ਲੋਕ ਸ਼ਾਮਿਲ ਹੋਏ । ਜੋ ਵੀ ਇਸ ਦੇਸ਼ ਦਾ ਭਲਾ ਚਾਹੁੰਦੇ ਹਨ, ਸਭ ਨੇ ਇਸ ਅੰਦੋਲਨ ਦਾ ਸਮਰਥਨ ਕੀਤਾ। ਔਰਤਾਂ, ਵਪਾਰੀਆਂ, ਵਿਦਿਆਰਥੀਆਂ, ਸੰਪਾਦਕਾਂ,  ਬਜ਼ੁਰਗਾਂ, ਨੌਜਵਾਨਾਂ ਅਤੇ ਬੱਚੀਆਂ ਦੇ ਨਾਲ ਸਾਰੇ ਧਰਮ-ਜਾਤੀ  ਦੇ ਲੋਕਾਂ ਨੇ ਇਸ ਦਾ ਸਮਰਥਨ ਕੀਤਾ ਅਤੇ ਸਭ ਨੇ ਇਸ ਦੀ ਸਫਲਤਾ ਲਈ ਦੁਆਵਾਂ ਦਿੱਤੀਆਂ ।  ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਦੀ ਸਫਲਤਾ ਉੱਤੇ ਵਧਾਈ ਦੇਣਾ ਚਾਹੁੰਦਾ ਹਾਂ ।

ਇਹ ਵੀ ਪੜ੍ਹੋ : ਦਿਲ ਵਲੂੰਧਰਨ ਵਾਲੀ ਖ਼ਬਰ, ਮਾਛੀਕੇ ਗਊਸ਼ਾਲਾ ’ਚ ਦੋ ਮਹੀਨਿਆਂ ’ਚ ਭੁੱਖ ਨਾਲ ਇਕ ਹਜ਼ਾਰ ਗਊਆਂ ਦੀ ਮੌਤ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੰਦੋਲਨ ’ਚ ਪੰਜਾਬ ਦੇ ਕਿਸਾਨਾਂ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਖ਼ਾਸਕਰ ਪੰਜਾਬ  ਦੇ ਕਿਸਾਨਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿਉਂਕਿ ਉਨ੍ਹਾਂ ਲੋਕਾਂ ਨੇ ਇਸ ਪੂਰੇ ਅੰਦੋਲਨ ਦੀ ਅਗਵਾਈ ਕੀਤੀ । ਜਿਸ ਤਰ੍ਹਾਂ ਬਹੁਤ ਵੱਡੇ ਪੱਧਰ ਉੱਤੇ ਟਰੈਕਟਰ ਟਰਾਲੀ ਪੰਜਾਬ ਤੋਂ ਆਏ ਅਤੇ ਇੱਥੇ ਆ ਕੇ ਬੈਠ ਗਏ । ਪੰਜਾਬ ਦੀਆਂ ਉਨ੍ਹਾਂ ਔਰਤਾਂ ਨੂੰ ਵੀ ਮੈਂ ਵਧਾਈ ਦੇਣਾ ਚਾਹੁੰਦਾ ਹਾਂ,  ਜੋ ਮੋਢੇ ਨਾਲ ਮੋਢਾ ਮਿਲਾ ਕੇ ਕਈ ਦਿਨਾਂ ਤੱਕ ਇਸ ਅੰਦੋਲਨ ’ਚ ਬਾਰਡਰ ਉੱਤੇ ਬੈਠੇ ਸਨ। ਮੈਨੂੰ ਯਾਦ ਹੈ ਕਿ ਪਿਛਲੇ ਸਾਲ ਜਦੋਂ ਕੜਾਕੇ ਦੀ ਸਰਦੀ ਪੈ ਰਹੀ ਸੀ, ਤਦ ਅਸੀਂ ਸੋਚਿਆ ਕਰਦੇ ਸੀ ਕਿ ਅਸੀਂ ਆਪਣੇ ਘਰ ਵਿਚ ਇੰਨੇ ਵੱਡੇ ਹੀਟਰ ਲਗਾ ਕੇ ਬੈਠੇ ਹਾਂ ਅਤੇ ਰਜਾਈ ਦੇ ਅੰਦਰ ਹਾਂ ।  ਉੱਥੇ ਹੀ ਕਿਸਾਨ ਇੰਨੀ ਕੜਾਕੇ ਦੀ ਸਰਦੀ ’ਚ ਖੁੱਲ੍ਹੇ ਆਸਮਾਨ ਦੇ ਹੇਠਾਂ ਪਤਾ ਨਹੀਂ ਕਿਵੇਂ ਬੈਠੇ ਹੋਣਗੇ,  ਕਿਵੇਂ ਸੌਂ ਰਹੇ ਹੋਣਗੇ ।  ਫਿਰ ਗਰਮੀ ਆਈ,  ਡੇਂਗੂ ਆਇਆ ਅਤੇ ਕੋਰੋਨਾ ਆਇਆ ਪਰ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਅਖੀਰ ’ਚ ਕਿਸਾਨਾਂ ਦੀ ਜਿੱਤ ਹੋਈ ਅਤੇ ਤਿੰਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਗਿਆ । ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਸ਼ਾਇਦ ਇਹ ਦੁਨੀਆ ਦੇ ਇਤਿਹਾਸ ’ਚ ਸਭ ਤੋਂ ਲੰਮਾ ਅੰਦੋਲਨ ਸੀ । ਭਾਰਤ ’ਚ 1907 ਵਿਚ ਇਕ ਅੰਦੋਲਨ ਹੋਇਆ ਸੀ । ਉਹ ਪੰਜਾਬ  ਦੇ ਕਿਸਾਨਾਂ ਦਾ ਅੰਦੋਲਨ ਸੀ ਅਤੇ ਉਹ ਅੰਦੋਲਨ ਅੰਗਰੇਜ਼ਾਂ ਦੇ ਖ਼ਿਲਾਫ਼ ਹੋਇਆ ਸੀ ਅਤੇ ਕਰੀਬ 9 ਮਹੀਨੇ ਤੱਕ ਚੱਲਿਆ ਸੀ । ਉਸ ਤੋਂ ਬਾਅਦ ਹੁਣ ਕਿਸਾਨਾਂ ਨੂੰ ਆਪਣੀ ਚੁਣੀ ਹੋਈ ਸਰਕਾਰ ਦੇ ਖ਼ਿਲਾਫ਼ ਅੰਦੋਲਨ ਕਰਨਾ ਪਿਆ ਅਤੇ ਇਹ 12 ਮਹੀਨੇ ਤੱਕ ਚੱਲਿਆ । ਲਖੀਮਪੁਰੀ ਖੀਰੀ ਦੀ ਘਟਨਾ ਬਹੁਤ ਹੀ ਦਰਦਨਾਕ ਘਟਨਾ ਹੈ । ਸ਼ਰੇਆਮ ਸੜਕ ਦੇ ਉੱਪਰ ਹਜ਼ਾਰਾਂ ਲੋਕਾਂ ਦੇ ਸਾਹਮਣੇ ਕਿਸਾਨਾਂ ਨੂੰ ਗੱਡੀ ਨਾਲ ਕੁਚਲ ਦਿੱਤਾ ਗਿਆ, ਇੰਨੀ ਹਿੰਮਤ ਹੋ ਗਈ ਸੀ। ਜੇਕਰ ਸੁਪਰੀਮ ਕੋਰਟ ਦਖ਼ਲਅੰਦਾਜ਼ੀ ਨਾ ਕਰਦੀ ਤਾਂ ਜਿਨ੍ਹੇ ਕੁਚਲਿਆ ਸੀ, ਉਹ ਗ੍ਰਿਫਤਾਰ ਵੀ ਨਹੀਂ ਕੀਤਾ ਜਾਂਦਾ।

ਇਹ ਵੀ ਪੜ੍ਹੋ : ਮਨੀਸ਼ ਸਿਸੋਦੀਆ ਨੇ ਖੁੱਲ੍ਹੀ ਬਹਿਸ ਲਈ ਕਬੂਲ ਕੀਤੀ ਪਰਗਟ ਸਿੰਘ ਦੀ ਸ਼ਰਤ, ਕਿਹਾ-250 ਸਕੂਲਾਂ ਦੀ ਸੂਚੀ ਦਾ ਇੰਤਜ਼ਾਰ

ਮੁੱਖ ਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਇਕ ਤਰ੍ਹਾਂ ਨਾਲ ਹਵਨ ਸੀ ਅਤੇ ਉਸ ਹਵਨ ’ਚ ਅਸੀਂ ਸਭ ਲੋਕਾਂ ਨੇ ਵੀ ਆਪਣੇ ਵੱਲੋਂ ਇਕ ਚੱਮਚ ਘਿਓ ਪਾਇਆ, ਜਦੋਂ ਸਾਡੇ ਕੋਲ ਫਾਈਲ ਆਈ ਕਿ ਪੰਜਾਬ ਤੋਂ ਕਿਸਾਨ ਆ ਰਹੇ ਹਨ। ਪੰਜਾਬ ਤੋਂ ਚੱਲ ਪਏ ਹਨ ਅਤੇ ਬਾਰਡਰ ਉੱਤੇ ਆ ਰਹੇ ਹਨ,  ਉਨ੍ਹਾਂ ਕਿਸਾਨਾਂ ਲਈ ਸਟੇਡੀਅਮਾਂ ਨੂੰ ਜੇਲ੍ਹ ਬਣਾਇਆ ਜਾਵੇਗਾ ਤਾਂ ਮੈਨੂੰ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਆਪਣੇ ਦਿਨ ਯਾਦ ਆ ਗਏ । ਉਸ ਸਮੇਂ ਸਾਨੂੰ ਵੀ ਜੇਲ੍ਹ ’ਚ ਰੱਖਿਆ ਗਿਆ ਸੀ । ਇਨ੍ਹਾਂ ਸਟੇਡੀਅਮ ਦੇ ਅੰਦਰ ਅਸੀਂ ਵੀ ਰਹੇ ਹਾਂ ਅਤੇ ਅਸੀਂ ਵੀ ਇਸ ਸਟੇਡੀਅਮ ਦੇ ਅੰਦਰ ਰਾਤਾਂ ਕੱਟੀਆਂ ਹਨ। ਮੈਂ ਸਮਝ ਗਿਆ ਕਿ ਇਹ ਸਾਰੇ ਕਿਸਾਨਾਂ ਨੂੰ ਇਸ ਸਟੇਡੀਅਮ ਦੇ ਅੰਦਰ ਪਾ ਦੇਣਗੇ ਅਤੇ ਅੰਦੋਲਨ ਖ਼ਤਮ ਹੋ ਜਾਵੇਗਾ ।  ਫਿਰ ਕਿਸਾਨ ਸਟੇਡੀਅਮ ’ਚ ਬੈਠੇ ਰਹੇ, ਜਿੰਨੇ ਦਿਨ ਬੈਠਣਾ ਹੈ, ਅਸੀਂ ਸਟੇਡੀਅਮ ਨੂੰ ਜੇਲ੍ਹ ਬਣਾਉਣ ਦੀ ਆਪਣੀ ਮਨਜ਼ੂਰੀ ਨਹੀਂ ਦਿੱਤੀ । ਇਸ ਦੇ ਲਈ ਕੇਂਦਰ ਸਰਕਾਰ ਬਹੁਤ ਨਾਰਾਜ਼ ਹੋਈ। ਬਾਰਡਰ ਦੇ ਉੱਪਰ ਕਿਸਾਨਾਂ ਨੂੰ ਜਦੋਂ-ਜਦੋਂ ਪਾਣੀ, ਟਾਇਲਟ ਆਦਿ ਦੀ ਜ਼ਰੂਰਤ ਪਈ, ਅਸੀਂ ਹਰ ਸਮਾਂ ਮਦਦ ਕੀਤੀ। ਸਾਡੇ ਵੱਲੋਂ ਜੋ ਵੀ ਹੋ ਸਕਦਾ ਸੀ, ਅਸੀਂ ਕਿਸਾਨਾਂ ਦੀ ਮਦਦ ਕੀਤੀ ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ । ਜਦੋਂ ਇਹ ਤਿੰਨ ਕਾਲੇ ਕਾਨੂੰਨ ਲਿਆਏ ਗਏ ਤਾਂ ਭਾਜਪਾ ਵਾਲੇ ਬੋਲੇ, ਵਾਹ ! ਕੀ ਮਾਸਟਰ ਸਟ੍ਰੋਕ ਹੈ ਅਤੇ ਜਦੋਂ ਇਹ ਤਿੰਨੋਂ ਕਾਲੇ ਕਾਨੂੰਨ ਵਾਪਸ ਲਏ ਗਏ ਤਾਂ ਵੀ ਬੋਲੇ, ਵਾਹ !  ਕੀ ਮਾਸਟਰ ਸਟ੍ਰੋਕ ਹੈ, ਕੀ ਹਾਲ ਬਣਾ ਦਿੱਤਾ ਹੈ, ਭਾਜਪਾ ਵਾਲਿਆਂ ਦਾ ਉਨ੍ਹਾਂ ਦੇ ਆਗੂਆਂ ਨੇ । ਮੈਂ ਇਹੀ ਕਹਿ ਸਕਦਾ ਹਾਂ ਕਿ ਮੈਨੂੰ ਭਾਜਪਾ ਵਾਲਿਆਂ ਉੱਤੇ ਬਹੁਤ ਤਰਸ ਆਉਂਦਾ ਹੈ । ਕਿਸਾਨਾਂ ਦੀਆਂ ਲੰਬਿਤ ਮੰਗਾਂ ਦਾ ਅਸੀਂ ਪੂਰਾ ਸਮਰਥਨ ਕਰਦੇ ਹਾਂ । ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੂੰ ਤੱਤਕਾਲ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ ।  ਮੈਨੂੰ ਨਹੀਂ ਪਤਾ ਕਿ ਕੇਂਦਰ ਸਰਕਾਰ ਨੂੰ ਕੀ ਮਜਬੂਰੀ ਹੈ ।  ਉਨ੍ਹਾਂ ਦੀ ਕੁਝ ਤਾਂ ਮਜਬੂਰੀ ਹੋਵੇਗੀ ਹੀ, ਜੋ ਇਕ ਆਦਮੀ ਦਾ ਬੋਝ ਲੈ ਕੇ ਕੇਂਦਰ ਸਰਕਾਰ ਆਪਣੇ ਮੋਢੇ ਉੱਤੇ ਢੋਅ ਰਹੀ ਹੈ। ਮੈਨੂੰ ਨਹੀਂ ਪਤਾ ਹੈ ਕਿ ਉਨ੍ਹਾਂ ਦੀ ਕੀ ਮਜਬੂਰੀ ਹੈ ਪਰ ਕੁਝ ਤਾਂ ਜ਼ਰੂਰ ਮਜਬੂਰੀ ਹੋਵੇਗੀ । ਪੂਰਾ ਦੇਸ਼ ਮੰਗ ਕਰਦਾ ਹੈ ਕਿ ਅਜਿਹੇ ਵਿਅਕਤੀ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ।  ਕਿਸਾਨਾਂ ਦੀ ਐੱਮ.ਐੱਸ.ਪੀ਼ ਦੀ ਜੋ ਮੰਗ ਹੈ,  ਉਹ ਬਿਲਕੁਲ ਜਾਇਜ਼ ਹੈ । ਕਿਸਾਨਾਂ ਉੱਤੇ ਜਿੰਨੇ ਝੂਠੇ ਮਾਮਲੇ ਲਗਾਏ ਗਏ ਹਨ, ਉਹ ਸਾਰੇ ਵਾਪਸ ਲਏ ਜਾਣ ਅਤੇ ਜੋ 700 ਕਿਸਾਨ ਸ਼ਹੀਦ ਹੋ ਗਏ ਹਨ, ਉਨ੍ਹਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਤੈਅ ਕਰਨਗੇ ਕਿ ਉਹ ਕਦੋਂ ਉੱਠਣਾ ਚਾਹੁੰਦੇ ਹਨ। ਕਿਸਾਨ ਜਦੋਂ ਤੱਕ ਉੱਥੇ ਬੈਠੇ ਹਨ,  ਅਸੀਂ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਹਰ ਕਦਮ ਦੇ ਨਾਲ ਹਾਂ ।

ਨੋਟ-ਇਸ ਖਬਰ਼ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
 


author

Manoj

Content Editor

Related News