ਪਰਲਜ਼ ਗਰੁੱਪ ਦੀ ਬਹੁ-ਕਰੋੜੀ ਜ਼ਮੀਨ ਵੇਚਣ ਵਾਲਾ ਗ੍ਰਿਫਤਾਰ

Tuesday, Jun 01, 2021 - 01:33 AM (IST)

ਜ਼ੀਰਾ(ਰਾਜੇਸ਼ ਢੰਡ)– ਚਿੱਟ-ਫੰਡ ਕੰਪਨੀ ਦੇ ਨਾਂ ’ਤੇ ਆਮ ਲੋਕਾਂ ਨਾਲ ਲਗਭਗ 50 ਹਜ਼ਾਰ ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਪਰਲਜ਼ ਗਰੁੱਪ ਦਾ ਮਾਮਲਾ ਉਸ ਵੇਲੇ ਫਿਰ ਚਰਚਾ ’ਚ ਆ ਗਿਆ ਜਦ ਪੰਜਾਬ ਪੁਲਸ ਵੱਲੋਂ ਬਣਾਈ ਗਈ ‘ਸਿੱਟ’ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਅਤੇ ਪੁਲਸ ਨੇ ਪਰਲਜ਼ ਕੰਪਨੀ ਦੇ ਚੇਅਰਮੈਨ ਨਿਰਮਲ ਸਿੰਘ ਭੰਗੂ ਦੇ ਜਵਾਈ ਹਰਸਤਿੰਦਰ ਸਿੰਘ ਨੂੰ ਪਰਲਜ਼ ਗਰੁੱਪ ਦੀ ਬਹੁ-ਕਰੋੜੀ ਜ਼ਮੀਨ ਅਤੇ ਫਰਜ਼ੀ ਤਰੀਕੇ ਨਾਲ ਵੇਚਣ ਦੇ ਜ਼ੁਰਮ ’ਚ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਅਨੁਸਾਰ ਸਾਲ 2016 ’ਚ ਮਾਣਯੋਗ ਸੁਪਰੀਮ ਕੋਰਟ ਵੱਲੋਂ ਪਰਲਜ਼ ਗਰੁੱਪ ਦੀ ਸਮੁੱਚੀ ਜਾਇਦਾਦ ਨੂੰ ਵੇਚਣ, ਮਾਲਕੀ ਤਬਦੀਲ ਕਰਨ ਆਦਿ ਸਬੰਧੀ ਮਨਾਹੀ ਦੇ ਹੁਕਮ ਜ਼ਾਰੀ ਕੀਤੇ ਸਨ। ਮਾਮਲੇ ਦੀ ਡੂੰਘਾਈ ਨਾਲ ਜਾਣਕਾਰੀ ਇਕੱਤਰ ਕੀਤੀ ਤਾਂ ਪਤਾ ਲੱਗਿਆ ਕਿ ਉਕਤ ਦੋਸ਼ੀ ਹਰਸਤਿੰਦਰ ਸਿੰਘ, ਨਿਰਮਲ ਸਿੰਘ ਭੰਗੂ ਦਾ ਜਵਾਈ ਹੈ ਅਤੇ ਭੰਗੂ ਦੀ ਬੇਟੀ ਬਰਿੰਦਰ ਕੌਰ ਵੱਲੋਂ ਜਾਰੀ ਪਾਵਰ ਆਫ ਅਟਾਰਨੀ ਅਤੇ ਹੋਰ ਕਾਗਜ਼ਾਂ ਸਹਾਰੇ ਜਿਨ੍ਹਾਂ ’ਚ ਕੁਝ ਜ਼ੀਰਾ ਕਚਿਹਰੀ ’ਚ ਤਿਆਰ ਕੀਤੇ ਗਏ ਸਨ, ਦੇ ਸਹਾਰੇ ਜ਼ਮੀਨ ਨੂੰ ਗਲਤ ਤਰੀਕੇ ਨਾਲ ਹੋਰ ਲੋਕਾਂ ਨੂੰ ਵੇਚਦਾ ਸੀ।

ਇਹ ਵੀ ਪੜ੍ਹੋ-  ਬੇਅਦਬੀ ਕਾਂਡ : ਬਰਗਾੜੀ ਕਸਬਾ ਪੁਲਸ ਛਾਉਣੀ ’ਚ ਤਬਦੀਲ

ਪੁਲਸ ਸੂਤਰਾਂ ਅਨੁਸਾਰ ਪਟਿਆਲਾ ਦੇ ਭਾਦਸੋਂ ਨਿਵਾਸੀ ਪਰਦੀਪ ਸਿੰਘ ਦੀ ਸ਼ਿਕਾਇਤ ’ਤੇ ਮਾਮਲੇ ਦੀ ਪੜਤਾਲ ਡੀ. ਆਈ. ਜੀ. ਹਰਦਿਆਲ ਸਿੰਘ ਮਾਨ ਨੂੰ ਸੌਂਪੀ ਗਈ ਸੀ, ਜਿਨ੍ਹਾਂ ਵੱਲੋਂ ਕਪਤਾਨ ਪੁਲਸ ਤਰਨਤਾਰਨ, ਉੱਪ ਕਪਤਾਨ ਪੁਲਸ ਜ਼ੀਰਾ ਅਤੇ ਉੱਪ ਕਪਤਾਨ ਪੁਲਸ ਜਲਾਲਾਬਾਦ ਨੂੰ ‘ਸਿੱਟ’ ਮੈਂਬਰ ਬਣਾ ਕੇ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਕਰਵਾਈ ਤਾਂ ਤੱਥ ਸਾਹਮਣੇ ਆਏ ਕਿ ਕਾਫੀ ਲੋਕਾਂ ਵੱਲੋਂ ਪੈਸਾ ਇਨਵੈਸਟ ਕਰਵਾ ਕੇ ਕੰਪਨੀ ਨੇ ਜਾਇਦਾਦਾਂ ਖਰੀਦ ਲਈਆਂ ਪਰ ਬਾਅਦ ’ਚ ਕੰਪਨੀ ਬੰਦ ਕਰ ਕੇ ਲੋਕਾਂ ਦਾ ਪੈਸਾ ਵਾਪਸ ਨਹੀਂ ਕੀਤਾ, ਜਿਸ ’ਤੇ ਹਜ਼ਾਰਾਂ ਇਨਵੈਸਟਰਾਂ ਅਤੇ ਜਥੇਬੰਦੀਆਂ ਵੱਲੋਂ (ਸੇਬੀ) ਸਕਿਓਰਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆਂ ਵੱਲੋਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮ ਨਾਲ ਉਕਤ ਕੰਪਨੀ ਦਾ ਜਾਇਦਾਦ ਅਟੈਚ ਕੀਤੀ ਜਾ ਚੁੱਕੀ ਹੈ ਅਤੇ ਸੁਪਰੀਮ ਕੋਰਟ ਵੱਲੋਂ ਬਣਾਏ ਗਏ ਕਮਿਸ਼ਨ ਵੱਲੋਂ ਕੰਪਨੀ ਦੀ ਅਟੈਚ ਕੀਤੀ ਜਾਇਦਾਦ ਵੇਚ ਕੇ ਲੋਕਾਂ ਦੇ ਪੈਸੇ ਵਾਪਸ ਕੀਤੇ ਜਾ ਰਹੇ ਹਨ ਪਰ ਕੰਪਨੀ ਦੇ ਅਹੁਦੇਦਾਰ ਤੇ ਸਹਿਯੋਗੀ ਇਸ ਜਾਇਦਾਦ ਨੂੰ ਗਲਤ ਤਰੀਕੇ ਨਾਲ ਵੇਚ ਕੇ ਖੁਰਦ-ਬੁਰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਕੈਪਟਨ ਨੇ ਆਪਣੀ ਰਣਨੀਤੀ ਬਣਾਈ, ਵਿਰੋਧੀ ਖੇਮੇ ਦੀ ਬਿਆਨਬਾਜ਼ੀ ਦਾ ਰਿਕਾਰਡ ਕੀਤਾ ਇਕੱਠਾ

ਇਸ ਮਾਮਲੇ ਸਬੰਧੀ ਦਰਖਾਸਤੀ ਤੇ ਹੋਰ ਪੀਡ਼ਤਾਂ ਬਿਆਨਾਂ ਦੇ ਆਧਾਰ ’ਤੇ ਪੁਲਸ ਵੱਲੋਂ ਥਾਣਾ ਸਿਟੀ ਜ਼ੀਰਾ ਵਿਖੇ ਜੁਲਾਈ 2020 ਨੂੰ ਮੁਕੱਦਮਾ ਦਰਜ ਕੀਤਾ ਸੀ, ਜਿਸ ਸਬੰਧੀ ਕਾਰਵਾਈ ਕਰਦਿਆਂ ਪੁਲਸ ਨੇ ਹਰਸਤਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ‘ਸਿੱਟ’ ਦੇ ਮੈਂਬਰ ਪਲਵਿੰਦਰ ਸਿੰਘ ਸੰਧੂ ਡੀ. ਐੱਸ. ਪੀ. ਜਲਾਲਾਬਾਦ, ਰਾਜਵਿੰਦਰ ਸਿੰਘ ਰੰਧਾਵਾ ਡੀ. ਐੱਸ. ਪੀ. ਜ਼ੀਰਾ ਅਤੇ ਮੋਹਿਤ ਧਵਨ ਐੱਸ. ਐੱਚ. ਓ. ਥਾਣਾ ਸਿਟੀ ਜ਼ੀਰਾ ਆਦਿ ਪੁਲਸ ਦੀ ਟੀਮ ਵੱਲੋਂ ਉਕਤ ਮੁਲਜ਼ਮ ਨੂੰ ਮਾਣਯੋਗ ਅਦਾਲਤ ਪੇਸ਼ ਕੀਤਾ ਗਿਆ ਹੈ।


Bharat Thapa

Content Editor

Related News