ਪੇ. ਟੀ. ਐੱਮ. ਦੀ ਕੇ. ਵਾਈ. ਸੀ. ਲਈ ਕਾਲ ਆਏ ਤਾਂ ਹੋ ਜਾਓ ਸਾਵਧਾਨ
Friday, Dec 20, 2019 - 06:42 PM (IST)

ਜਲੰਧਰ (ਵਿਸ਼ੇਸ਼) : ਇਕ ਸਾਈਬਰ ਠੱਗ ਵਲੋਂ ਪੇ. ਟੀ. ਐੱਮ. ਦੀ ਕੇ.ਵਾਈ.ਸੀ. ਕਰਵਾਉਣ ਦੇ ਨਾਂ 'ਤੇ ਇਕ ਨੌਜਵਾਨ ਨਾਲ ਕਰੀਬ 49 ਹਜ਼ਾਰ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗ ਨੇ ਨੌਜਵਾਨ ਨੂੰ ਇਕ ਐੱਪ ਡਾਊਨਲੋਡ ਕਰਵਾ ਕੇ ਉਸ ਦਾ ਫੋਨ ਰਿਮੋਟ 'ਤੇ ਲਿਆ, ਜਿਸ ਤੋਂ ਬਾਅਦ ਉਸ ਨੇ ਇਕ ਰੁਪਏ ਦੀ ਟ੍ਰਾਂਜੈਕਸ਼ਨ ਕਰਨ ਲਈ ਕਿਹਾ। ਇਸ ਦਰਮਿਆਨ ਜਨਰੇਟ ਹੋਏ ਵਨ ਟਾਈਮ ਪਾਸਵਰਡ ਠੱਗ ਦੇ ਕੋਲ ਚਲਾ ਗਿਆ ਅਤੇ ਉਸ ਨੇ ਦੇਖਦਿਆਂ ਹੀ ਦੇਖਦਿਆਂ 80 ਸੈਕਿੰਡ ਦੇ ਅੰਦਰ ਤਿੰਨ ਵਾਰ ਪੈਸੇ ਟਰਾਂਸਫਰ ਕਰ ਦਿੱਤੇ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਕਸਟਮਰ ਕੇਅਰ ਨੰਬਰ 'ਤੇ ਨੌਜਵਾਨ ਦੀ ਠੱਗ ਨਾਲ ਗੱਲ ਹੋ ਰਹੀ ਸੀ, ਉਸ ਨੰਬਰ 'ਤੇ ਦੋਬਾਰਾ ਫੋਨ ਕੀਤਾ ਗਿਆ ਤਾਂ ਠੱਗ ਨੇ ਕਿਹਾ ਕਿ ਪੈਸੇ ਵਾਪਸ ਚਾਹੀਦੇ ਹਨ ਤਾਂ ਦੁਬਾਰਾ ਫੋਨ ਐਪ ਰਾਹੀਂ ਉਸ ਨੂੰ ਰਿਮੋਟ ਕਰ ਦਿਓ।
ਤਿੰਨ ਵਾਰ ਕੱਢੇ ਪੈਸੇ
ਮਹਿੰਦਰ ਨੂੰ ਕਿਹਾ ਗਿਆ- ਕੇ.ਵਾਈ.ਸੀ. ਕਰਨਾ ਜ਼ਰੂਰੀ ਹੈ, ਜਿਸ ਲਈ ਉਸ ਨੂੰ ਟੀਮ ਵਿਊਅਰ ਕਵਿਕ ਸਾਫਟਵੇਅਰ ਆਪਣੇ ਫੋਨ 'ਤੇ ਡਾਊਨਲੋਡ ਕਰਨਾ ਹੋਵੇਗਾ। ਟੀਮ ਵਿਊਅਰ ਨੂੰ ਡਾਊਨਲੋਡ ਕਰਨ ਤੋਂਬਾਅਦ ਠੱਗ ਨੇ ਮਹਿੰਦਰ ਦਾ ਫੋਨ ਰਿਮੋਟ 'ਤੇ ਲੈ ਲਿਆ ਅਤੇ ਉਸ ਨੂੰ ਖੁਦ ਆਪਰੇਟ ਕਰਨ ਲੱਗਾ। ਇਸ ਦਰਮਿਆਨ ਠੱਗ ਨੇ ਪ੍ਰੋਫੈਸ਼ਨਲੀ ਗੱਲਬਾਤ ਕਰਦਿਆਂ ਉਸ ਨੂੰ ਕਿਹਾ ਕਿ ਉਹ ਆਪਣੇ ਪੇ. ਟੀ. ਐੱਮ. 'ਚ ਇਕ ਰੁਪਏ ਦੀ ਟ੍ਰਾਂਜੈਕਸ਼ਨ ਕਰੇਗਾ ਤਾਂ ਉਸ ਲਈ ਕੇ.ਵਾਈ.ਸੀ. ਕਰਨਾ ਆਸਾਨ ਹੋ ਜਾਵੇਗਾ। ਸ਼ਿਕਾਇਤ ਕਰਤਾ ਨੇ ਆਪਣੇ ਅਕਾਊਂਟ 'ਚ ਇਕ ਰੁਪਏ ਦੀ ਟ੍ਰਾਂਜੈਕਸ਼ਨ ਕਰ ਦਿੱਤੀ ਅਤੇ ਠੱਗ ਨੇ ਵਨ ਟਾਈਮ ਪਾਸਵਰਡ ਆਉਂਦਿਆਂ ਹੀ ਤਿੰਨ ਟ੍ਰਾਂਜੈਕਸ਼ਨਾਂ ਕਰ ਦਿੱਤੀਆਂ।
ਸਾਫਟਵੇਅਰ ਡਿਲੀਟ ਕਰ ਕੇ ਬਚਾਏ ਬਾਕੀ ਪੈਸੇ
ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਕਿ ਉਹ ਕੁਝ ਕਰ ਪਾਉਂਦਾ, ਠੱਗ ਨੇ ਪਹਿਲੀ ਅਤੇ ਦੂਜੀ ਵਾਰ 'ਚ 9990 ਅਤੇ ਤੀਸਰੀ ਵਾਰ 29000 ਰੁਪਏ ਪੇ. ਟੀ. ਐੱਮ. ਤੋਂ ਉਡਾ ਲਏ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਆਪਣੇ ਫੋਨ ਤੋਂ ਟੀਮ ਵਿਊਅਰ ਸਾਫਟਵੇਅਰ ਨੂੰ ਡਿਲੀਟ ਕਰ ਦਿੱਤਾ।
ਇਸ ਤਰ੍ਹਾਂ ਹੋਇਆ ਠੱਗੀ ਦਾ ਸ਼ਿਕਾਰ
ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ ਮਹਿੰਦਰ ਸਿੰਘ ਫਗਵਾੜਾ ਦਾ ਰਹਿਣ ਵਾਲਾ ਹੈ। ਉਸ ਨੇ ਇਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਸੈੱਲ ਨੂੰ ਆਨਲਾਈਨ ਕੀਤੀ ਹੈ ਜਦਕਿ ਫਗਵਾੜਾ ਥਾਣੇ 'ਚ ਇਸ ਦੀ ਲਿਖਤੀ ਸ਼ਿਕਾਇਤ ਵੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ 17 ਦਸੰਬਰ ਨੂੰ ਪੇ. ਟੀ. ਐੱਮ. 'ਤੇ ਮੈਸੇਜ ਆਇਆ ਕਿ ਤੁਹਾਡੀ ਕੇ. ਵਾਈ. ਸੀ. ਸਮਾਪਤ ਹੋ ਗਈ ਹੈ ਅਤੇ ਇਸ ਨੂੰ ਰੀਨਿਊ ਕਰਨਾ ਹੈ। ਮੈਸੇਜ 'ਚ ਇਹ ਵੀ ਲਿਖਿਆ ਸੀ ਕਿ ਜੇਕਰ ਤੁਸੀਂ ਕੇ.ਵਾਈ.ਸੀ. ਨਹੀਂ ਕਰਵਾਉਂਦੇ ਹੋ ਤਾਂ ਤੁਹਾਡਾ ਅਕਾਊਂਟ 24 ਘੰਟੇ ਦੇ ਅੰਦਰ ਬਲਾਕ ਕਰ ਦਿੱਤਾ ਜਾਵੇਗਾ। ਮੈਸੇਜ 'ਚ ਇਕ ਕਸਟਮਰ ਕੇਅਰ ਨੰਬਰ 7735982550 ਦਿੱਤਾ ਗਿਆ ਸੀ। ਮਹਿੰਦਰ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਇਸ ਨੰਬਰ 'ਤੇ ਫੋਨ ਕੀਤਾ ਤਾਂ ਉਸ ਨਾਲ ਪੂਰੇ ਪ੍ਰੋਫੈਸ਼ਨਲ ਢੰਗ ਨਾਲ ਗੱਲਬਾਤ ਕੀਤੀ ਗਈ ਜਿਵੇਂ ਕਿ ਅਕਸਰ ਕੰਪਨੀ ਦੇ ਐਗਜ਼ੀਕਿਊਟਿਵ ਗੱਲ ਕਰਦੇ ਹਨ।
ਪੇ. ਟੀ. ਐੱਮ. ਨੇ ਦਿੱਤੀ ਸਫਾਈ
ਨਿੱਜੀ ਕੰਪਨੀ 'ਚ ਕੰਮ ਕਰਦੇ ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੇ ਜਦੋਂ ਪੈਸਿਆਂ ਦੇ ਸਬੰਧ 'ਚ ਪੇ. ਟੀ. ਐੱਮ. ਕਸਟਮਰ ਕੇਅਰ 'ਤੇ ਫੋਨ ਕੀਤਾ ਤਾਂ ਅੱਗਿਓਂ ਜਵਾਬ ਮਿਲਿਆ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਨਾਲ ਹੀ ਭਰੋਸਾ ਦਿੱਤਾ ਕਿ ਜੇਕਰ ਸੰਭਵ ਹੋਇਆ ਤਾਂ ਪੈਸੇ ਵਾਪਸ ਦਿਵਾਉਣ ਦੀ ਕੋਸ਼ਿਸ਼ ਕਰਾਂਗੇ। ਇਸ 'ਚ ਕੁਝ ਦਿਨ ਲੱਗ ਸਕਦੇ ਹਨ।