ਗਰੀਬ ਬੱਚਿਆਂ ਦੇ ਵਜੀਫਿਆਂ ਨਾਲ ਵੋਟਾਂ ਖਰੀਦ ਰਹੀ ਕਾਂਗਰਸ : ਟੀਨੂੰ
Friday, Apr 19, 2019 - 01:32 PM (IST)

ਚੰਡੀਗੜ੍ਹ (ਮਨਮੋਹਨ) : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਾਂਗਰਸ 'ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਰਕਾਰ ਐੱਸ. ਸੀ. ਵਿਦਿਆਰਥੀਆਂ ਦੇ 284 ਕਰੋੜ ਰੁਪਏ ਵਜ਼ੀਫੇ ਦੀ ਰਾਸ਼ੀ ਨੂੰ ਵੋਟਾਂ ਖਰੀਦਣ ਲਈ ਵਰਤ ਰਹੀ ਹੈ। ਇਸ ਸਬੰਧੀ ਪਵਨ ਕੁਮਾਰ ਟੀਨੂੰ ਦੀ ਅਗਵਾਈ 'ਚ ਅਕਾਲੀ ਦਲ ਦੇ ਇਕ ਵਫਦ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐੱਸ. ਕਰੁਣਾ ਰਾਜੂ ਕੋਲ ਐੱਸ. ਸੀ. ਵਿਦਿਆਰਥੀਆਂ ਨੂੰ ਵਜ਼ੀਫਾ ਨਾ ਮਿਲਣ ਦਾ ਮੁੱਦਾ ਚੁੱਕਿਆ। ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪਵਨ ਕੁਮਾਰ ਟੀਨੂੰ ਅਤੇ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਐੱਸ. ਸੀ. ਵਿਦਿਆਰਥੀਆਂ ਦੇ 284 ਕਰੋੜ ਰੁਪਏ ਦੀ ਵਜ਼ੀਫਾ ਰਾਸ਼ੀ ਨੂੰ ਹੋਰਨਾਂ ਕੰਮਾਂ 'ਚ ਵਰਤੋਂ 'ਚ ਲਿਆਂਦਾ ਹੈ ਅਤੇ ਅਜਿਹਾ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤਾ ਗਈ ਹੈ ਕਿਉਂਕਿ ਵੋਟਾਂ ਦੀ ਖਾਤਰ ਇਹ ਰਾਸ਼ੀ ਠੇਕੇਦਾਰਾਂ ਨੂੰ ਦਿੱਤੀ ਜਾ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਪਹਿਲਾਂ ਵੀ 7 ਕਰੋੜ ਰੁਪਏ ਪੰਜਾਬ ਸਰਕਾਰ ਨੇ ਖੁਰਦ-ਬੁਰਦ ਕੀਤੇ ਹਨ, ਜਿਸ ਕਾਰਨ ਇਸ ਸੈਸ਼ਨ 'ਚ ਇਕ ਲੱਖ ਤੋਂ ਵੱਧ ਐੱਸ. ਸੀ. ਵਿਦਿਆਰਥੀ ਦਾਖਲਿਆਂ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਲਾਇਕੀ ਕਾਰਨ ਐੱਸ. ਸੀ. ਵਿਦਿਆਰਥੀਆਂ ਨੂੰ ਡਿਗਰੀਆਂ ਨਹੀਂ ਮਿਲ ਰਹੀਆਂ ਹਨ।