ਲੁਧਿਆਣਾ : PAU ਨੇ ਹੋਲੀ ਲਈ ਸੁੱਕੇ ਫੁੱਲਾਂ ਤੋਂ ਤਿਆਰ ਕੀਤੇ 'ਰੰਗ', ਜਾਣੋ ਖਾਸੀਅਤ

Thursday, Mar 05, 2020 - 12:42 PM (IST)

ਲੁਧਿਆਣਾ : PAU ਨੇ ਹੋਲੀ ਲਈ ਸੁੱਕੇ ਫੁੱਲਾਂ ਤੋਂ ਤਿਆਰ ਕੀਤੇ 'ਰੰਗ', ਜਾਣੋ ਖਾਸੀਅਤ

ਲੁਧਿਆਣਾ (ਨਰਿੰਦਰ) : 'ਹੋਲੀ' ਦਾ ਤਿਉਹਾਰ ਆਉਣ ਵਾਲਾ ਹੈ ਅਤੇ ਸਾਡੇ ਦੇਸ਼ 'ਚ ਇਹ ਤਿਉਹਾਰ ਬੜੇ ਚਾਅ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹੋਲੀ ਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਦਿਨ ਸਾਰਿਆਂ ਵਲੋਂ ਇਕ-ਦੂਜੇ ਨੂੰ ਰੰਗ ਲਾ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜੋ ਰੰਗ ਬਜ਼ਾਰਾਂ 'ਚੋਂ ਖਰੀਦੇ ਜਾਂਦੇ ਹਨ, ਉਨ੍ਹਾਂ ਨਾਲ ਸਰੀਰ ਦੀ ਚਮੜੀ ਨੂੰ ਕਈ ਵਾਰ ਕਾਫੀ ਨੁਕਸਾਨ ਪੁੱਜ ਜਾਂਦਾ ਹੈ ਕਿਉਂਕਿ ਇਹ ਰੰਗ ਕੈਮੀਕਲਾਂ ਤੋਂ ਬਣਾਏ ਜਾਂਦੇ ਹਨ ਪਰ ਜੇਕਰ ਲੋਕ ਈਕੋ-ਫਰੈਂਡਲੀ ਰੰਗਾਂ ਦਾ ਇਸਤੇਮਾਲ ਕਰਦੇ ਹਨ ਤਾਂ ਇਸ ਦਾ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। 'ਹੋਲੀ' ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਪੈਰਲ ਅਤੇ ਟੈਕਸਟਾਈਲ ਵਿਭਾਗ ਵਲੋਂ ਕੁਦਰਤੀ ਸੋਮਿਆਂ ਤੋਂ ਰੰਗ ਤਿਆਰ ਕੀਤੇ ਜਾ ਰਹੇ ਹਨ, ਜੋ ਨਾ ਸਿਰਫ ਸਾਡੀ ਸਕਿੱਨ ਲਈ ਵਧੀਆ ਹਨ, ਸਗੋਂ ਈਕੋ-ਫਰੈਂਡਲੀ ਵੀ ਹਨ।

PunjabKesari
ਜਾਣੋ ਕਿਵੇਂ ਤਿਆਰ ਹੁੰਦੇ ਨੇ 'ਰੰਗ'
ਯੂਨੀਵਰਸਿਟੀ ਦੇ ਅਪੈਰਲ ਅਤੇ ਟੈਕਸਟਾਈਲ ਵਿਭਾਗ ਦੀ ਸਹਾਇਕ ਪ੍ਰੋਫੈਸਰ ਰਾਜਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਵਰਸਿਟੀ ਵਲੋਂ ਕੁਦਰਤੀ ਸੋਮਿਆਂ ਤੋਂ ਹੋਲੀ ਲਈ ਰੰਗ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਫੁੱਲ ਅਤੇ ਪੱਤੇ ਸੁੱਕ ਕੇ ਹੇਠਾਂ ਡਿਗ ਜਾਂਦੇ ਹਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਸੁਕਾ ਲਿਆ ਜਾਂਦਾ ਹੈ ਅਤੇ ਇਸ ਦਾ ਪਾਊਡਰ ਬਣਾ ਲਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਪਾਊਡਰ 'ਚ ਅਰਾਰੋਟ ਮਿਲਾ ਦਿੱਤਾ ਜਾਂਦਾ ਹੈ। ਜੇਕਰ ਰੰਗ ਨੂੰ ਗੂੜ੍ਹਾ ਰੱਖਣਾ ਹੈ ਤਾਂ ਅਰਾਰੋਟ ਘੱਟ ਪਾਇਆ ਜਾਂਦਾ ਹੈ ਪਰ ਜੇਕਰ ਰੰਗ ਜ਼ਿਆਦਾ ਫਿੱਕਾ ਰੱਖਣਾ ਹੈ ਤਾਂ ਅਰਾਰੋਟ ਦੀ ਮਾਤਰਾ ਵਧਾ ਦਿੱਤੀ ਜਾਂਦੀ ਹੈ। ਰਾਜਵੀਰ ਕੌਰ ਨੇ ਦੱਸਿਆ ਕਿ ਇੱਕੋ ਫੁੱਲ ਜਾਂ ਪੱਤੇ ਤੋਂ 4-5 ਤਰ੍ਹਾਂ ਦੇ ਰੰਗ ਕੱਢੇ ਜਾ ਸਕਦੇ ਹਨ ਅਤੇ ਰੰਗ ਬਣਾਉਣ ਲਈ ਉਨ੍ਹਾਂ ਵਲੋਂ ਗੇਂਦੇ, ਗੁਲਾਬ ਅਤੇ ਹੋਰ ਕਿਸਮਾਂ ਦੇ ਫੁੱਲ ਅਤੇ ਪੱਤੇ ਇਸਤੇਮਾਲ ਕੀਤੇ ਜਾਂਦੇ ਹਨ। ਰਾਜਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਵਰਸਿਟੀ ਵਲੋਂ ਹੋਲੀ ਦੇ ਰੰਗ ਬਣਾਉਣ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ।

PunjabKesari
ਸਕਿੱਨ 'ਤੇ ਨਹੀਂ ਪਾਉਂਦੇ ਮਾੜਾ ਪ੍ਰਭਾਵ
ਰਾਜਵੀਰ ਕੌਰ ਨੇ ਦੱਸਿਆ ਕਿ ਕੁਦਰਤੀ ਸੋਮਿਆਂ ਤੋਂ ਤਿਆਰ ਕੀਤੇ ਗਏ ਇਹ ਰੰਗ ਕਿਸੇ ਵੀ ਤਰ੍ਹਾਂ ਨਾਲ ਹਾਨੀਕਾਰਕ ਨਹੀਂ ਹਨ ਅਤੇ ਇਹ ਰੰਗ ਬੱਚਿਆਂ ਲਈ ਬਹੁਤ ਫਾਇਦੇਮੰਦ ਹਨ ਕਿਉਂਕਿ ਇਨ੍ਹਾਂ ਨੂੰ ਅਕਸਰ ਖਾਣ ਵਾਲੀਆਂ ਚੀਜ਼ਾਂ ਤੋਂ ਹੀ ਬਣਾਇਆ ਜਾਂਦਾ ਹੈ। ਇਸ ਬਾਰੇ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਨੇ ਈਕੋ ਫਰੈਂਡਲੀ ਰੰਗਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੋਲੀ ਦੌਰਾਨ ਅਜਿਹੇ ਹੀ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਸਿਹਤ ਕੈਮੀਕਲ ਮੁਕਤ ਬਣੀ ਰਹੇ ਅਤੇ ਇਸ 'ਤੇ ਰੰਗਾਂ ਦਾ ਕੋਈ ਅਸਰ ਨਾ ਪਵੇ।

PunjabKesari
ਜ਼ਿਕਰਯੋਗ ਹੈ ਕਿ ਹੋਲੀ ਦੇ ਤਿਉਹਾਰ ਦੌਰਾਨ ਅਕਸਰ ਲੋਕ ਕੈਮੀਕਲ ਯੁਕਤ ਰੰਗਾਂ ਦੀ ਵਰਤੋਂ ਕਰਦੇ ਹਨ, ਜਿਸ ਦਾ ਸਾਡੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਪਰ ਯੂਨੀਵਰਸਿਟੀ ਦੇ ਉਪਰਾਲੇ ਨਾਲ ਹੁਣ ਫੁੱਲਾਂ-ਪੱਤਿਆਂ ਤੋਂ ਬਣੇ ਈਕੋ-ਫਰੈਂਡਲੀ ਰੰਗ ਵੀ ਬਾਜ਼ਾਰਾਂ 'ਚ ਮੁਹੱਈਆ ਹੋਣ ਲੱਗੇ ਹਨ। ਇੱਥੋਂ ਤੱਕ ਕਿ ਈਕੋ-ਫਰੈਂਡਲੀ ਰੰਗ ਬਣਾਉਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਤਾਂ ਜੋ ਰੰਗਾਂ ਦੇ ਤਿਉਹਾਰ ਹੋਲੀ 'ਚ ਕੈਮੀਕਲ ਯੁਕਤ ਰੰਗਾਂ ਨਾਲ ਭੰਗ ਨਾ ਪਵੇ।

 


author

Babita

Content Editor

Related News