4500 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਗ੍ਰਿਫ਼ਤਾਰ
Thursday, Sep 15, 2022 - 07:50 PM (IST)
ਗੁਰਦਾਸਪੁਰ/ਬਟਾਲਾ (ਵਿਨੋਦ, ਜ. ਬ., ਯੋਗੀ) - ਵਿਜੀਲੈਂਸ ਵਿਭਾਗ ਗੁਰਦਾਸਪੁਰ ਨੇ ਇਕ ਪਟਵਾਰੀ ਨੂੰ 4500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਵਿਭਾਗ ਗੁਰਦਾਸਪੁਰ ਦੇ ਡੀ. ਐੱਸ. ਪੀ. ਨਿਰਮਲ ਸਿੰਘ ਨੇ ਦੱਸਿਆ ਕਿ ਇਕ ਕੁੜੀ ਗੁਰਮੀਤ ਕੌਰ ਪੁੱਤਰੀ ਗੁਰਬਚਨ ਸਿੰਘ ਵਾਸੀ ਮੈਹਤਾ ਚੌਕ ਨੇ ਸਾਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਮਾਤਾ ਗੁਰਦੀਪ ਕੌਰ ਦੀ ਮੌਤ ਹੋ ਚੁੱਕੀ ਹੈ। ਸਾਡੀ ਮਾਤਾ ਗੁਰਦੀਪ ਕੌਰ ਦੇ ਨਾਮ ’ਤੇ ਇਕ ਪਲਾਟ ਬਟਾਲਾ ’ਚ ਹੈ। ਉਸ ਪਲਾਟ ਦਾ ਮੇਰੇ ਅਤੇ ਮੇਰੀਆਂ ਭੈਣਾਂ ਦੇ ਨਾਮ ’ਤੇ ਵਿਰਾਸਤ ਇੰਤਕਾਲ ਕਰਨ ਦੇ ਹਲਕਾ ਪਟਵਾਰੀ ਜਸਵੰਤ ਸਿੰਘ 10 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ : ਨਸ਼ਾ ਵੇਚਣ ਤੋਂ ਰੋਕਿਆ ਤਾਂ ਡਰੱਗ ਮਾਫੀਆ ਨੇ ਮਾਂ-ਪੁੱਤ ਨੂੰ ਨਿਰਵਸਤਰ ਕਰ ਕੁੱਟਿਆ, ਘਰ ਨੂੰ ਲਾਈ ਅੱਗ
ਸ਼ਿਕਾਇਤਕਰਤਾ ਨੇ ਦੱਸਿਆ ਕਿ ਪਟਵਾਰੀ 5000 ਰੁਪਏ ਪਹਿਲਾ ਅਤੇ 5 ਹਜ਼ਾਰ ਰੁਪਏ ਕੰਮ ਹੋਣ ਤੋਂ ਬਾਅਦ ਲੈਣ ਦੀ ਮੰਗ ਕਰ ਰਿਹਾ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ ’ਤੇ ਯੋਜਨਾ ਬਣਾ ਕੇ ਅੱਜ ਸ਼ਿਕਾਇਤਕਰਤਾਂ ਗੁਰਪ੍ਰੀਤ ਕੌਰ ਨੂੰ ਨਿਸ਼ਾਨ ਲੱਗੇ 5 ਹਜ਼ਾਰ ਰੁਪਏ ਦੇ ਕੇ ਭੇਜਿਆ। ਗੁਰਪ੍ਰੀਤ ਕੌਰ ਨੇ ਜਦ ਪਟਵਾਰੀ ਨੂੰ ਮੋਬਾਇਲ ਫੋਨ ਕਰ ਕੇ ਪੈਸੇ ਦੇਣ ਦੀ ਗੱਲ ਕੀਤੀ ਤਾਂ ਪਟਵਾਰੀ ਜਸਵੰਤ ਸਿੰਘ ਨੇ ਉਸ ਨੂੰ ਇਕ ਹਲਵਾਈ ਦੀ ਦੁਕਾਨ ’ਤੇ ਆਉਣ ਨੂੰ ਕਿਹਾ। ਜਦ ਸ਼ਿਕਾਇਤਕਰਤਾ ਨੇ ਪਟਵਾਰੀ ਜਸਵੰਤ ਸਿੰਘ ਨੂੰ 5 ਹਜ਼ਾਰ ਰੁਪਏ ਦਿੱਤੇ ਤਾਂ ਉਸ ਨੇ 4500 ਰੁਪਏ ਆਪਣੇ ਕੋਲ ਰੱਖ ਲਏ ਅਤੇ 500 ਰੁਪਏ ਗੁਰਪ੍ਰੀਤ ਕੌਰ ਨੂੰ ਵਾਪਸ ਕਰ ਦਿੱਤੇ।
ਪੜ੍ਹੋ ਇਹ ਵੀ ਖ਼ਬਰ : ਪ੍ਰੈੱਸ ਕਾਨਫਰੰਸ ’ਚ ਪਾਰਟੀ ਵਰਕਰ ਦਾ ਵੱਜਿਆ ਮੋਬਾਇਲ ਤਾਂ ਭੜਕੇ ਸਿਮਰਨਜੀਤ ਮਾਨ ਨੇ ਕਿਹਾ-Get Out (ਵੀਡੀਓ)
ਗੁਰਪ੍ਰੀਤ ਕੌਰ ਦਾ ਇਸ਼ਾਰਾ ਮਿਲਦੇ ਹੀ ਮੇਰੀ ਅਗਵਾਈ ਵਿਚ ਗਈ ਟੀਮ, ਜਿਸ ’ਚ ਇੰਸਪੈਕਟਰ ਵਿਕਰਾਂਤ ਸਲਾਰੀਆਂ, ਸਹਾਇਕ ਸਬ-ਇੰਸਪੈਕਟਰ ਖੁਸ਼ਪਾਲ ਸਿੰਘ ਆਦਿ ਨੇ ਤੁਰੰਤ ਕਾਰਵਾਈ ਕਰ ਕੇ ਪਟਵਾਰੀ ਜਸਵੰਤ ਸਿੰਘ ਨੂੰ ਕਾਬੂ ਕਰ ਕੇ ਸਰਕਾਰੀ ਗਵਾਹਾਂ ਦੇ ਸਾਹਮਣੇ 4500 ਰੁਪਏ ਬਰਾਮਦ ਕੀਤੇ।