ਪੱਟੀ ਕਤਲ ਮਾਮਲਾ : 36 ਸਾਲਾਂ ਬਾਅਦ 7 ਪੁਲਸ ਮੁਲਾਜ਼ਮਾਂ ਖਿਲਾਫ ਜਾਂਚ ਦੇ ਹੁਕਮ

Thursday, Feb 21, 2019 - 04:06 PM (IST)

ਪੱਟੀ ਕਤਲ ਮਾਮਲਾ : 36 ਸਾਲਾਂ ਬਾਅਦ 7 ਪੁਲਸ ਮੁਲਾਜ਼ਮਾਂ ਖਿਲਾਫ ਜਾਂਚ ਦੇ ਹੁਕਮ

ਚੰਡੀਗੜ੍ਹ : ਪੰਜਾਬ ਪੁਲਸ ਵਲੋਂ 36 ਸਾਲ ਪੁਰਾਣੇ ਪੱਟੀ ਕਤਲ ਕੇਸ 'ਚ ਆਪਣੇ 7 ਪੁਲਸ ਮੁਲਾਜ਼ਮਾਂ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਂਚ ਦੌਰਾਨ ਪਤਾ ਲਾਇਆ ਜਾਵੇਗਾ ਕਿ ਆਖਰ 1983 'ਚ ਪੱਟੀ ਵਿਖੇ ਹੋਏ ਡਾਕਟਰ ਸੁਦਰਸ਼ਨ ਕੁਮਾਰ ਤ੍ਰੇਹਨ ਦੇ ਕਤਲ ਮਾਮਲੇ 'ਚ 2 ਵਾਰ ਅਕਾਲੀ ਵਿਧਾਇਕ ਰਹੇ ਵਿਰਸਾ ਸਿੰਘ ਵਲਟੋਹਾ ਖਿਲਾਫ ਸਾਢੇ 3 ਦਹਾਕਿਆਂ ਤੱਕ ਚਲਾਨ ਕਿਉਂ ਨਹੀਂ ਪੇਸ਼ ਕੀਤਾ ਗਿਆ। ਪੱਟੀ ਉਸ ਸਮੇਂ ਅੰਮ੍ਰਿਤਸਰ ਜ਼ਿਲੇ 'ਚ ਹੁੰਦਾ ਸੀ ਪਰ ਹੁਣ ਇਹ ਤਰਨਤਾਰਨ ਜ਼ਿਲੇ 'ਚ ਪੈਂਦਾ ਹੈ। ਪੁਲਸ ਨੇ ਕਦੇ ਵੀ ਇਸ ਕਤਲ ਕੇਸ ਬਾਰੇ ਕੋਈ ਜਾਂਚ ਨਹੀਂ ਕੀਤੀ। ਜਾਂਚ ਦੇ ਹੁਕਮ ਵੀ ਸਿਰਫ ਇਸ ਸਾਲ 14 ਜਨਵਰੀ ਨੂੰ ਤਰਨਤਾਰਨ ਦੇ ਐੱਸ. ਐੱਸ. ਪੀ. ਵਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਦੇ ਆਧਾਰ 'ਤੇ ਦਿੱਤੇ ਗਏ ਹਨ। ਤਰਨਤਾਰਨ ਦੇ ਐੱਸ. ਪੀ. ਗੁਰਨਾਮ ਸਿੰਘ ਗਿੱਲ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਐੱਸ. ਐੱਸ. ਪੀ. ਨੂੰ ਆਪਣੀ ਰਿਪੋਰਟ ਕਰਨਗੇ। ਇਸ ਮਾਮਲੇ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਤਾਂ ਭਾਵੇਂ ਕਤਲ ਵਾਲੇ ਦਿਨ ਹੀ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਵਲਟੋਹਾ ਖਿਲਾਫ ਚਲਾਨ ਪੇਸ਼ ਕਰਨ ਲਈ ਪੁਲਸ ਨੂੰ 36 ਸਾਲ ਲੱਗ ਗਏ। ਚਲਾਨ ਪੱਟੀ ਅਦਾਲਤ 'ਚ ਇਸ ਸਾਲ ਇਕ ਫਰਵਰੀ ਨੂੰ ਪੇਸ਼ ਕੀਤਾ ਗਿਆ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 13 ਮਾਰਚ ਨੂੰ ਹੋਵੇਗੀ। ਜਾਂਚ ਟੀਮ ਨੇ ਆਪਣੀ ਰਿਪੋਰਟ 'ਚ ਜਾਂਚ ਅਧਿਕਾਰੀਆਂ ਸਬ ਇੰਸਪੈਕਟਰ ਮੇਜਰ ਸਿੰਘ, ਰਾਮਨਾਥ, ਪੂਰਨ ਸਿੰਘ, ਸੀਤਾ ਰਾਮ, ਗੁਰਵਿੰਦਰ ਸਿੰਘ, ਇੰਸਪੈਕਟਰ ਹਰਭਜਨ ਲਾਲ ਅਤੇ ਹਰਜੀਤ ਸਿੰਘ ਨੂੰ ਡਿਊਟੀ 'ਚ ਕੋਤਾਹੀ ਵਰਤਣ ਲਈ ਜ਼ਿੰਮੇਵਾਰ ਠਹਿਰਾਇਆ ਹੈ। 


author

Babita

Content Editor

Related News