ਪੱਟੀ ’ਚ ਵਾਪਰੀ ਦਿਲ-ਕੰਬਾਊ ਵਾਰਦਾਤ, ਪ੍ਰੇਮ ਵਿਆਹ ਤੋਂ ਨਾਰਾਜ਼ ਭਰਾਵਾਂ ਨੇ ਭੈਣ ਦਾ ਕੀਤਾ ਕਤਲ

Friday, Jun 17, 2022 - 10:57 PM (IST)

ਪੱਟੀ ’ਚ ਵਾਪਰੀ ਦਿਲ-ਕੰਬਾਊ ਵਾਰਦਾਤ, ਪ੍ਰੇਮ ਵਿਆਹ ਤੋਂ ਨਾਰਾਜ਼ ਭਰਾਵਾਂ ਨੇ ਭੈਣ ਦਾ ਕੀਤਾ ਕਤਲ

ਪੱਟੀ (ਸੌਰਭ)-ਪੱਟੀ ਸ਼ਹਿਰ ਤੋਂ ਦਿਲ-ਕੰਬਾਊ ਵਾਰਦਾਤ ਵਾਪਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਭੈਣ ਵੱਲੋਂ ਪ੍ਰੇਮ ਵਿਆਹ ਕਰਵਾਉਣ ’ਤੇ ਭਰਾਵਾਂ ਨੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਅੱਜ ਰਾਤ ਤਕਰੀਬਨ ਸਵਾ 8 ਵਜੇ ਪੱਟੀ ਸ਼ਹਿਰ ਦੇ ਭੀੜ-ਭੜੱਕੇ ਵਾਲੇ ਗਾਂਧੀ ਸੱਥ ਚੌਕ ਅੰਦਰ ਪ੍ਰੇਮ ਵਿਆਹ ਦੇ ਚੱਲਦਿਆਂ ਇਕ ਲੜਕੀ ਦਾ ਉਸ ਦੇ ਸਕੇ ਤੇ ਚਚੇਰੇ ਭਰਾ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਚ. ਓ. ਸਿਟੀ ਪੱਟੀ ਬਲਜਿੰਦਰ ਸਿੰਘ ਤੇ ਡੀ.ਐੱਸ.ਪੀ. ਪੱਟੀ ਮਨਿੰਦਰਪਾਲ ਸਿੰਘ ਮੌਕੇ ’ਤੇ ਪਹੁੰਚੇ ਤੇ ਵਾਰਦਾਤ ਨਾਲ ਸਬੰਧਤ ਜਾਣਕਾਰੀ ਇਕੱਠੀ ਕੀਤੀ।

ਇਹ ਵੀ ਪੜ੍ਹੋ : ਗੈਂਗਸਟਰਾਂ ਨਾਲ ਸਬੰਧਾਂ ਨੂੰ ਲੈ ਕੇ ਸਿਆਸੀ ਆਗੂਆਂ ਤੇ ਅਫ਼ਸਰਾਂ ਨੂੰ ਹਰਪਾਲ ਚੀਮਾ ਨੇ ਦਿੱਤੀ ਇਹ ਚਿਤਾਵਨੀ

ਜ਼ਿਕਰਯੋਗ ਹੈ ਕਿ ਸੁਨੇਹਾ ਪੁੱਤਰੀ ਸ਼ਾਮ ਲਾਲ ਵਾਸੀ ਸਰਹਾਲੀ ਰੋਡ ਪੱਟੀ ਨੇ ਤਕਰੀਬਨ ਤਿੰਨ ਮਹੀਨੇ ਪਹਿਲਾਂ ਰਾਜਨ ਜੋਸ਼ਨ ਪੁੱਤਰ ਪਰਮਜੀਤ ਸਿੰਘ ਵਾਸੀ ਗਾਂਧੀ ਸੱਥ ਪੱਟੀ ਨਾਲ ਅਦਾਲਤ ਅੰਦਰ ਪ੍ਰੇਮ ਵਿਆਹ ਕਰਵਾਇਆ ਸੀ ਪਰ ਲੜਕੀ ਦਾ ਪਰਿਵਾਰ ਇਸ ਪ੍ਰੇਮ ਵਿਆਹ ਤੋਂ ਨਾਰਾਜ਼ ਸੀ। ਮ੍ਰਿਤਕਾ ਦੇ ਪਤੀ ਰਾਜਨ ਜੋਸ਼ਨ ਤੇ ਉਸ ਦੀ ਮਾਤਾ ਕਿਰਨ ਜੋਸ਼ਨ ਨੇ ਦੱਸਿਆ ਕਿ ਅੱਜ ਸ਼ਾਮ ਸਨੇਹਾ ਦੇ ਸਕੇ ਭਰਾ ਰੋਹਿਤ ਪੁੱਤਰ ਸ਼ਾਮ ਲਾਲ ਤੇ ਚਚੇਰੇ ਭਰਾ ਅਮਰ ਨੇ ਉਨ੍ਹਾਂ ਦੇ ਘਰ ਦੇ ਸਾਹਮਣੇ ਗਾਂਧੀ ਸੱਥ ਅੰਦਰ ਉਸ ’ਤੇ ਦਾਤਰ ਤੇ ਕਿਰਪਾਨਾਂ ਨਾਲ ਵਾਰ ਕੀਤੇ, ਜਿਸ ਕਾਰਨ ਸਨੇਹਾ ਦੀ ਮੌਕੇ ’ਤੇ ਮੌਤ ਹੋ ਗਈ। ਘਟਨਾ ਸਬੰਧੀ ਡੀ.ਐੱਸ.ਪੀ. ਪੱਟੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਕਾਨੂੰਨੀ ਕਾਰਵਾਈ ਕਰਕੇ ਦੋਸ਼ੀਆਂ ਦੀ ਸ਼ਨਾਖਤ ਕਰ ਲਈ ਗਈ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਸਖ਼ਤੀ ਤੋਂ ਬਚਣ ਲਈ ‘ਮੈਨੇਜ’ ਕਰਕੇ ਤਿਹਾੜ ਪਹੁੰਚਿਆ ਸੀ ਲਾਰੈਂਸ ਬਿਸ਼ਨੋਈ


author

Manoj

Content Editor

Related News