ਕੈਪਟਨ ਦੇ ਅਸਤੀਫੇ ਤੋਂ ਬਾਅਦ ਪਟਿਆਲਾ ਨੂੰ ਮਿਲੇਗੀ ਧਰਨਿਆਂ ਤੋਂ ਰਾਹਤ

09/18/2021 10:16:22 PM

ਪਟਿਆਲਾ(ਰਾਜੇਸ਼ ਪੰਜੌਲਾ)- ਪਿਛਲੇ ਕਈ ਮਹੀਨਿਆਂ ਤੋਂ ਮੁੱਖ ਮੰਤਰੀ ਦਾ ਸ਼ਹਿਰ ਹੋਣ ਕਾਰਨ ਪਟਿਆਲਾ ’ਚ ਵੱਡੇ ਪੱਧਰ ’ਤੇ ਧਰਨੇ ਲੱਗ ਰਹੇ ਹਨ। ਕਿਸਾਨ, ਮਜ਼ਦੂਰ, ਮੁਲਾਜ਼ਮ, ਹਰ ਵਰਗ ਪਟਿਆਲਾ ’ਚ ਧਰਨੇ ਲਾਈ ਬੈਠਾ ਹੈ। ਅਧਿਆਪਕਾਂ, ਪੀ. ਆਰ. ਟੀ. ਸੀ. ਕਰਮਚਾਰੀਆਂ, ਡੇਲੀਵੇਜ਼ ਕਾਮਿਆਂ ਨੇ ਜਗ੍ਹਾ-ਜਗ੍ਹਾ ’ਤੇ ਪੱਕੇ ਧਰਨੇ ਲਾਏ ਹੋਏ ਹਨ। ਸ਼ਹਿਰ ਦੇ ਸਮੁੱਚੇ ਪ੍ਰਮੁੱਖ ਰਸਤੇ ਅਤੇ ਕੈ. ਅਮਰਿੰਦਰ ਸਿੰਘ ਦੇ ਮਹਿਲ ਨੂੰ ਜਾਣ ਵਾਲੀਆਂ ਸਮੁੱਚੀਆਂ ਸੜਕਾਂ ’ਤੇ ਪੱਕੇ ਮੋਰਚੇ ਲੱਗੇ ਹੋਏ ਹਨ। ਪਟਿਆਲਾ ਸ਼ਹਿਰ ਦੇ ਲੋਕ ਇਨ੍ਹਾਂ ਧਰਨਿਆਂ ਅਤੇ ਬੰਦ ਕੀਤੇ ਗਏ ਰਸਤਿਆਂ ਤੋਂ ਬੇਹੱਦ ਦੁਖੀ ਹਨ। ਜਿਸ ਰਸਤੇ ਨੂੰ ਤੈਅ ਕਰਨ ’ਚ 10 ਮਿੰਟ ਲੱਗਦੇ ਹਨ, ਇਨ੍ਹਾਂ ਧਰਨਿਆਂ ਕਾਰਨ ਅਤੇ ਬਲਾਕ ਕੀਤੇ ਗਏ ਰਸਤਿਆਂ ਕਾਰਨ ਉਸ ਰਸਤੇ ਨੂੰ ਤੈਅ ਕਰਨ ਵਿਚ 2-2 ਘੰਟੇ ਲੱਗ ਰਹੇ ਹਨ। ਲੋਕਾਂ ਨੂੰ 15-15 ਕਿਲੋਮੀਟਰ ਘੁੰਮ ਕੇ ਸ਼ਹਿਰ ’ਚ ਆਉਣਾ ਪੈਂਦਾ ਹੈ।

ਸ਼ਹਿਰ ਦੀ ਪ੍ਰਮੁੱਖ ਸੜਕ ਮਾਲ ਰੋਡ, ਬੱਸ ਸਟੈਂਡ ਰੋਡ, ਰਾਜਪੁਰਾ ਰੋਡ, ਪਾਸੀ ਰੋਡ, ਸਰਹਿੰਦ ਰੋਡ, ਠੀਕਰੀ ਵਾਲਾ ਚੌਕ, ਵਾਈ. ਪੀ. ਐੱਸ. ਚੌਕ ’ਤੇ ਪੱਕੇ ਮੋਰਚੇ ਲੱਗੇ ਹੋਏ ਹਨ। ਇਸ ਤੋਂ ਇਲਾਵਾ ਰੋਜ਼ਾਨਾ ਰੋਸ ਮਾਰਚ, ਧਰਨੇ ਪ੍ਰਦਰਸ਼ਨ ਹੋ ਰਹੇ ਹਨ। ਲੋਕ ਇਨ੍ਹਾਂ ਧਰਨਿਆਂ ਤੋਂ ਬੇਹੱਦ ਦੁਖੀ ਅਤੇ ਪਰੇਸ਼ਾਨ ਹਨ। ਕਈ ਵਾਰ ਲੋਕਾਂ ਦੇ ਮੂੰਹੋਂ ਸੁਣਿਆ ਹੈ ਕਿ ਮੁੱਖ ਮੰਤਰੀ ਦੇ ਸ਼ਹਿਰ ਨੂੰ ਕੋਈ ਫਾਇਦਾ ਹੋਇਆ ਜਾਂ ਨਹੀਂ ਪਰ ਲੋਕ ਪ੍ਰੇਸ਼ਾਨ ਬਹੁਤ ਹੋ ਰਹੇ ਹਨ। ਲੋਕਾਂ ਨੂੰ ਉਮੀਦ ਹੈ ਕਿ ਕੈ. ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਇਹ ਧਰਨੇ ਨਵੇਂ ਬਣਨ ਵਾਲੇ ਮੁੱਖ ਮੰਤਰੀ ਦੇ ਸ਼ਹਿਰ ’ਚ ਸ਼ਿਫਟ ਹੋ ਜਾਣਗੇ ਅਤੇ ਪਟਿਆਲਾ ਦੇ ਲੋਕਾਂ ਨੂੰ ਰਾਹਤ ਮਿਲੇਗੀ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਕੈਪਟਨ ਤੋਂ ਬਾਅਦ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਦਿੱਤਾ ਅਸਤੀਫ਼ਾ (ਵੀਡੀਓ)
ਪਟਿਆਲਾ ਦੀ ਬਦਲੇਗੀ ਰਾਜਨੀਤੀ
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਟਿਆਲਾ ਦੇ ਕਾਂਗਰਸੀ ਲੀਡਰਾਂ ’ਤੇ ਮੋਤੀ ਮਹਿਲ ਦਾ ਵਿਸ਼ੇਸ਼ ਆਸ਼ੀਰਵਾਦ ਸੀ। ਜ਼ਿਲੇ ਦੇ 8 ਵਿਧਾਨ ਸਭਾ ਹਲਕਿਆਂ ’ਚੋਂ 7 ’ਤੇ ਕਾਂਗਰਸ ਪਾਰਟੀ ਕਾਬਿਜ਼ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਖੁੱਦ ਪਟਿਆਲਾ ਸ਼ਹਿਰ ਤੋਂ ਵਿਧਾਇਕ ਹਨ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਇਕ ਹਨ। ਦੂਜੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨਾਭਾ ਹਲਕੇ ਤੋਂ ਵਿਧਾਇਕ ਹਨ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ (ਕੈਬਨਿਟ ਮੰਤਰੀ ਰੈਂਕ) ਲਾਲ ਸਿੰਘ ਮੰਡੀ ਬੋਰਡ ਦੇ ਚੇਅਰਮੈਨ ਹਨ। ਡੇਢ ਦਰਜ਼ਨ ਦੇ ਲਗਭਗ ਕਾਂਗਰਸੀ ਆਗੂ ਚੇਅਰਮੈਨ ਜਾਂ ਵਾਈਸ ਚੇਅਰਮੈਨ ਹਨ। ਕੈਪਟਨ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਇਨ੍ਹਾਂ ਦੇ ਭਵਿੱਖ ’ਤੇ ਵੀ ਤਲਵਾਰ ਲਟਕ ਗਈ ਹੈ। ਸਰਕਾਰ ’ਚ ਜੋ ‘ਦਬਕਾ’ ਇਨ੍ਹਾਂ ਆਗੂਆਂ ਦਾ ਸੀ, ਕੈਪਟਨ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਉਨ੍ਹਾਂ ਦੀ ਪੁੱਛ-ਪ੍ਰਤੀਤ ਘੱਟ ਜਾਵੇਗੀ ਅਤੇ ਕਈਆਂ ਦੀਆਂ ਕੁਰਸੀਆਂ ਵੀ ਖੋਹੀਆਂ ਜਾਣਗੀਆਂ।

ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਮਹਾਰਾਣੀ ਪ੍ਰਨੀਤ ਕੌਰ ਦਾ ਵਿਸ਼ੇਸ਼ ਆਸ਼ੀਰਵਾਦ ਹਾਸਲ ਹੈ, ਜਦੋਂ ਕਿ 60 ’ਚੋਂ 50 ਕੌਂਸਲਰ ਬਿੱਟੂ ਦੇ ਡੱਟ ਕੇ ਖਿਲਾਫ ਹਨ। ਅਜਿਹੇ ’ਚ ਪਟਿਆਲਾ ਦੇ ਕੌਂਸਲਰ ਵੀ ਚਾਹੁਣਗੇ ਕਿ ਜਿਸ ਤਰ੍ਹਾਂ ਵਿਧਾਇਕਾਂ ਨੇ ਕੈ. ਅਮਰਿੰਦਰ ਸਿੰਘ ਨੂੰ ਹਟਾਇਆ ਹੈ, ਉਸੇ ਸਟਾਈਲ ’ਚ ਪਟਿਆਲਾ ਦੇ ਕੌਂਸਲਰਾਂ ਨੂੰ ਵੀ ਇਨਸਾਫ ਦਵਾਇਆ ਜਾਵੇ। ਅਜਿਹੇ ’ਚ ਪਟਿਆਲਾ ਸ਼ਹਿਰ ’ਚ ਕਾਫੀ ਉੱਥਲ-ਪੁਥਲ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਸਾਢੇ ਚਾਰ ਸਾਲਾਂ 'ਚ ਕੰਮ ਨਾ ਕਰਨ ਕਰਕੇ ਬੌਖਲਾਈ ਪੰਜਾਬ ਕਾਂਗਰਸ: ਚੁੱਘ
ਮੋਤੀ ਮਹਿਲ ਤੋਂ ਪੁਲਸ ਕਰਮਚਾਰੀ ਜਾਣੇ ਸ਼ੁਰੂ
ਮੁੱਖ ਮੰਤਰੀ ਨਿਵਾਸ ਮੋਤੀ ਮਹਿਲ ਤੋਂ ਪੁਲਸ ਕਰਮਚਾਰੀ ਜਾਣੇ ਸ਼ੁਰੂ ਹੋ ਗਏ ਹਨ। ‘ਜਗ ਬਾਣੀ’ ਦੀ ਟੀਮ ਜਦੋਂ ਮੋਤੀ ਮਹਿਲ ਨੇਡ਼ੇ ਪਹੁੰਚੀ ਤਾਂ ਉਥੇ ਕਈ ਪੁਲਸ ਮੁਲਾਜ਼ਮ ਆਪਣੇ ਬੈਗ ਪੈਕ ਕਰਦੇ ਦਿਖਾਈ ਦਿੱਤੇ। ਕਈਆਂ ਨੇ ਜਾਣ ਲਈ ਆਪਣੇ ਬੈਗ ਪੈਕ ਕਰ ਕੇ ਰੱਖੇ ਹੋਏ ਸਨ। ਪਿਛਲੇ ਸਾਢੇ 4 ਸਾਲਾਂ ਤੋਂ ਵੱਡੀ ਗਿਣਤੀ ’ਚ ਪੰਜਾਬ ਪੁਲਸ ਦੇ ਮੁਲਾਜ਼ਮ ਮੋਤੀ ਮਹਿਲ ਦੀ ਸੁਰੱਖਿਅਤ ’ਚ ਤਾਇਨਾਤ ਹਨ। ਲਗਭਗ 35 ਏਕਡ਼ ’ਚ ਬਣੇ ਨਿਊ ਮੋਤੀ ਮਹਿਲ ਦੇ ਚਾਰੋਂ ਪਾਸੇ ਸੈਂਕਡ਼ੇ ਪੁਲਸ ਕਰਮਚਾਰੀ ਤਾਇਨਾਤ ਸਨ। ਕੈ. ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਦੇਰ ਸ਼ਾਮ ਮੁਲਾਜ਼ਮਾਂ ਦੀ ਗਿਣਤੀ ਕਾਫੀ ਘੱਟ ਦਿਖਾਈ ਦਿੱਤੀ। ਹਾਲਾਂਕਿ ਮੁਲਾਜ਼ਮਾਂ ਨੇ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।


Bharat Thapa

Content Editor

Related News