ਪਟਿਆਲਾ : ਕੈਪਟਨ ਦੀ ਰਿਹਾਇਸ਼ ਦੇ ਬਾਹਰ ਹਜ਼ਾਰਾਂ ਅਧਿਆਪਕਾਂ ਵਲੋਂ ਰੋਸ ਪ੍ਰਦਰਸ਼ਨ

10/21/2018 4:42:09 PM

ਪਟਿਆਲਾ - ਕੈਪਟਨ ਸਰਕਾਰ ਵਲੋਂ 8886 ਅਧਿਆਪਕਾਂ ਦੀਆਂ ਤਨਖਾਹਾਂ 'ਚ ਕਟੌਤੀ ਕਰਨ ਦੇ ਵਿਰੋਧ ਨੂੰ ਲੈ ਕੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਅਧਿਆਪਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਹਜ਼ਾਰਾਂ ਦੀ ਗਿਣਤੀ 'ਚ ਅਧਿਆਪਕਾਂ ਆਈਆਂ ਹੋਈਆਂ ਹਨ। ਉਕਤ ਅਧਿਆਪਕ ਰੋਸ ਮਾਰਚ ਕਰਨ ਤੋਂ ਪਹਿਲਾਂ ਰੋਸ ਰੈਲੀ ਕਰ ਰਹੇ ਹਨ। ਸਾਂਝਾ ਅਧਿਆਪਕ ਮੋਰਚਾ ਪੰਜਾਬ ਪਿਛਲੇ ਦਸ ਸਾਲਾਂ ਤੋਂ ਸਰਕਾਰੀ ਸਕੂਲਾਂ 'ਚ ਪੜ੍ਹਾ ਰਹੇ 8886 ਅਧਿਆਪਕਾਂ ਨੂੰ ਨਵੀਂ ਭਰਤੀ ਦੇ ਨਿਯਮਾਂ 'ਚ ਉਲਝਾ ਕੇ ਤਨਖਾਹਾਂ 'ਚ ਕਟੌਤੀ ਕਰਨ ਦਾ ਫੈਸਲਾ ਵਾਪਸ ਲੈਣ, 30 ਹਜ਼ਾਰ ਦੇ ਕਰੀਬ ਕੱਚੇ ਅਧਿਆਪਕਾਂ ਸਮੇਤ ਮਾਸਟਰ ਕਾਡਰ 5178, ਆਈ. ਈ. ਆਰ. ਟੀ, ਓ. ਡੀ. ਐੱਲ, ਵਲੰਟੀਅਰ ਤੇ ਸਿੱਖਿਆ ਪ੍ਰੋਵਾਇਡਰ ਅਧਿਆਪਕਾਂ, ਪਿਕਟਸ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ 'ਤੇ ਵਿਭਾਗ 'ਚ ਪੱਕੇ ਕਰਵਾਉਣ, ਅਖੌਤੀ ਰੈਸ਼ਨੈਲਾਈਜੇਸ਼ਨ ਨੀਤੀ ਵਾਪਸ ਲੈਣ, ਮਹਿੰਗਾਈ ਭੱਤੇ ਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣ ਆਦਿ ਮੰਗਾਂ ਪੂਰੀਆਂ ਕਰਨ ਲਈ ਸੰਘਰਸ਼ ਕਰ ਰਿਹਾ ਹੈ। 

PunjabKesari

ਇਨ੍ਹਾਂ ਮੰਗਾਂ ਨੂੰ ਲੈ ਕੇ ਚੱਲ ਰਹੇ ਪੱਕੇ ਧਰਨੇ ਤੇ ਮਰਨ ਵਰਤ ਦੇ 15ਵੇਂ ਦਿਨ ਸੂਬੇ ਭਰ 'ਚੋਂ ਪਹੁੰਚੇ ਹਜ਼ਾਰਾਂ ਅਧਿਆਪਕਾਂ ਨੇ ਮੁਲਾਜ਼ਮਾਂ, ਕਿਸਾਨਾਂ ਤੇ ਵਿਦਿਆਰਥੀਆਂ ਨੂੰ ਨਾਲ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਵਿਸ਼ਾਲ ਸੂਬਾ ਪੱਧਰੀ ਰੋਸ ਮਾਰਚ ਕੀਤਾ। ਪਿਛਲੇ 15 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਨੇ ਬੁਲੰਦ ਹੌਸਲਿਆਂ ਨਾਲ ਮੰਗਾਂ ਪੂਰੀਆਂ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਆਗੂਆਂ ਨੇ 8,886 ਐੱਸ.ਐੱਸ. ਏ, ਰਮਸਾ, ਆਦਰਸ਼ ਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਨਾਲ ਹੋ ਰਹੀਆਂ ਸਰਕਾਰੀ ਧੱਕੇਸ਼ਾਹੀ ਤਹਿਤ ਤਨਖਾਹਾਂ 'ਚ 65 ਤੋਂ 75% ਦੀ ਕੀਤੀ ਕਟੌਤੀ ਨੂੰ ਮੁੱਢੋ ਰੱਦ ਕਰਦਿਆਂ ਪੂਰੀਆਂ ਤਨਖਾਹਾਂ 'ਤੇ ਹੀ ਰੈਗੂਲਰ ਕਰਨ ਦੀ ਮੰਗ ਕੀਤੀ। ਦੱਸ ਦੇਈਏ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਮੋਤੀ ਮਹਿਲ ਦੀ ਸੁਰੱਖਿਆ ਲਈ ਪੰਜ ਹਜ਼ਾਰ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੁਲਸ ਨੇ ਸ਼ਹਿਰ ਦੀਆਂ ਅਹਿਮ ਥਾਵਾਂ 'ਤੇ ਬੀਤੀ ਰਾਤ ਹੀ ਨਾਕੇ ਲਗਾ ਦਿੱਤੇ ਸਨ। ਇਸ ਮੌਕੇ ਮੋਤੀ ਮਹਿਲ ਦੀ ਸੁਰੱਖਿਆ ਲਈ ਛੇ ਐੱਸ.ਪੀ, 16 ਡੀ.ਐੱਸ.ਪੀ. ਤੇ 35 ਇੰਸਪੈਕਟਰਾਂ ਸਮੇਤ ਚਾਰ ਹਜ਼ਾਰ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।


Related News