ਪਟਿਆਲਾ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਬੇਹੱਦ ਚੌਕਸ ਰਹਿਣ ਦੀ ਲੋੜ
Wednesday, Oct 23, 2024 - 06:15 PM (IST)
ਪਟਿਆਲਾ (ਪਰਮੀਤ) : ਪਟਿਆਲਾ ’ਚ ਡੇਂਗੂ ਦਾ ਕਹਿਰ ਜਾਰੀ ਹੈ। ਅੱਜ 18 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਇਸ ਸਾਲ ਹੁਣ ਤੱਕ ਆਏ ਕੇਸਾਂ ਦੀ ਗਿਣਤੀ 156 ਹੋ ਗਈ ਹੈ ਜਦੋਂ ਕਿ ਪਿਛਲੇ ਸਾਲ ਅੱਜ ਤੱਕ ਆਏ ਕੇਸਾਂ ਦੀ ਇਹ ਗਿਣਤੀ 621 ਸੀ। ਇਹ ਜਾਣਕਾਰੀ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮਿਤ ਸਿੰਘ ਨੇ ਦਿੰਦਿਆਂ ਦੱਸਿਆ ਕਿ ਜਿਹੜੇ ਕੇਸ ਆਏ ਹਨ, ਉਨ੍ਹਾਂ ’ਚੋਂ 12 ਸ਼ਹਿਰੀ ਅਤੇ 6 ਪੇਂਡੂ ਇਲਾਕਿਆਂ ’ਚੋਂ ਹਨ।
ਤ੍ਰਿਪੜੀ ਦਾ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ
ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਪਟਿਆਲਾ ’ਚ ਜਿੰਨੇ ਵੀ ਡੇਂਗੂ ਕੇਸ ਸਾਹਮਣੇ ਆਏ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਕੇਸ ਸਰਹਿੰਦ ਰੋਡ ਤੋਂ ਭਾਦਸੋਂ ਰੋਡ ਵਿਚਾਲੇ ਪੈਂਦੀਆਂ ਤ੍ਰਿਪੜੀ ਦੀਆਂ ਕਾਲੋਨੀਆਂ ਜਿਵੇਂ ਤ੍ਰਿਪੜੀ, ਦੀਪ ਨਗਰ, ਆਨੰਦ ਨਗਰ ਏ, ਆਨੰਦ ਨਗਰ ਬੀ, ਏਕਤਾ ਵਿਹਾਰ ਆਦਿ ਇਲਾਕਿਆਂ ’ਚੋਂ ਹੀ ਸਾਹਮਣੇ ਆਏ ਹਨ। ਇਕ ਕੇਸ ਪਾਸੀ ਰੋਡ ’ਤੇ ਵੀ ਆਇਆ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਕੋਰੋਨਾ ਤੋਂ ਬਾਅਦ ਪੈਰ ਪਸਾਰਣ ਲੱਗਾ ਇਹ ਖ਼ਤਰਨਾਕ ਵਾਇਰਸ
ਸਿਹਤ ਵਿਭਾਗ ਦੀਆਂ ਟੀਮਾਂ ਸਪਰੇਅ ਵਾਸਤੇ ਸਰਗਰਮ
ਇਸ ਦੌਰਾਨ ਜਿਥੇ ਕਿਤੇ ਵੀ ਡੇਂਗੂ ਕੇਸ ਸਾਹਮਣੇ ਆ ਰਿਹਾ ਹੈ, ਸਿਹਤ ਵਿਭਾਗ ਦੀਆਂ ਟੀਮਾਂ ਉੱਥੇ ਆਲੇ-ਦੁਆਲੇ ਘਰਾਂ ’ਚ ਲਾਰਵਾ ਦੀ ਚੈਕਿੰਗ ਕਰਨ ਦੇ ਨਾਲ ਸਪਰੇਅ ਕਰਨ ਵਾਸਤੇ ਵੀ ਸਰਗਰਮ ਹਨ। ਨਾਲ ਲੱਗਦੇ 5 ਤੋਂ 7 ਘਰਾਂ ’ਚ ਲਾਜ਼ਮੀ ਤੌਰ ’ਤੇ ਸਪਰੇਅ ਕੀਤੀ ਜਾ ਰਹੀ ਹੈ। ਲੋਕਾਂ ਨੂੰ ਲਾਰਵਾ ਪੈਦਾ ਨਾ ਹੋਣ ਦੇਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਦਾ ਵੱਡਾ ਫ਼ੈਸਲਾ
ਡੇਂਗੂ ਬੁਖਾਰ ਨਾਲ ਸਬੰਧਤ ਲੋਕਾਂ ’ਚ ਫੈਲੇ ਕੁਝ ਭਰਮ
ਹਰ ਸਾਲ ਬਰਸਾਤਾਂ ਤੋਂ ਬਾਅਦ ਅਕਤੂਬਰ ਨਵੰਬਰ ਦੇ ਤਿਉਹਾਰੀ ਸਮੇਂ ਦੌਰਾਨ ਡੇਂਗੂ ਬੁਖਾਰ ਦੀ ਨਾਮੁਰਾਦ ਬਿਮਾਰੀ ਮੌਸਮੀ ਚੱਕਰ ਦੇ ਹਿਸਾਬ ਨਾਲ ਸਾਡੇ ਇਲਾਕੇ ’ਚ ਫੈਲਦੀ ਹੈ। ਇਸ ਨੂੰ ਕਾਫੀ ਹੱਦ ਤਕ ਸਾਂਝੇ ਯਤਨਾਂ ਨਾਲ ਆਪਣੇ ਘਰਾਂ ’ਚ ਮੱਛਰ ਦੇ ਪੈਦਾਇਸ਼ ਦੇ ਸਰੋਤ ਨਾ ਬਣਨ ਦੇਣ ਨਾਲ ਘਟਾਇਆ ਜਾ ਸਕਦਾ ਹੈ। ਇਸ ਬੁਖਾਰ ਰੋਗ ਨਾਲ ਲੋਕਾਂ ’ਚ ਕੁਝ ਧਾਰਨਾਵਾਂ ਅਤੇ ਮਿੱਥ ਘਰ ਕਰ ਗਏ ਹਨ।
ਮਿੱਥ/ਗਲਤਫਹਿਮੀ 1: ਡੇਂਗੂ ਕਿਸੇ ਵੀ ਮੱਛਰ ਰਾਹੀਂ ਫੈਲ ਸਕਦਾ ਹੈ।
ਤੱਥ : ਇਹ ਬਿਲਕੁੱਲ ਸੱਚ ਨਹੀਂ ਹੈ, ਕਿਉਂਕਿ ਡੇਂਗੂ ਸਿਰਫ ਮਾਦਾ ਏਡੀਜ਼ ਮੱਛਰ ਦੁਆਰਾ ਫੈਲਦਾ ਹੈ। ਇਹ ਮੱਛਰ ਖਾਸ ਤੌਰ ’ਤੇ ਦਿਨ ਵੇਲੇ ਕੱਟਦਾ ਹੈ। ਵੇਖਣ ’ਚ ਚਿੱਟੇ ਤੇ ਕਾਲੀ ਧਾਰੀਦਾਰ ਰੂਪ ਦਾ ਹੁੰਦਾ ਹੈ। ਇਹ ਮੱਛਰ ਉਦੋਂ ਹੀ ਕਿਸੇ ਵਿਅਕਤੀ ਨੂੰ ਇਹ ਵਾਇਰਸ ਟ੍ਰਾਂਸਫਰ ਕਰ ਸਕਦੇ ਹਨ, ਜਦੋਂ ਉਹ ਕਿਸੇ ਡੇਂਗੂ ਪੀੜਤ ਮਰੀਜ਼ ਨੂੰ ਕੱਟਣ ਤੋਂ ਬਾਅਦ ਹੋਰਾਂ ਨੂੰ ਕੱਟਦੇ ਹਨ। ਇਹ ਮੱਛਰ ਆਮ ਤੌਰ ’ਤੇ ਦਿਨ ਦੇ ਦੌਰਾਨ ਇਕ ਤੋਂ ਵੱਧ ਵਿਅਕਤੀਆਂ ਨੂੰ ਕੱਟਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਨੂੰ ਲੈ ਕੇ ਆ ਗਿਆ ਵੱਡਾ ਫ਼ੈਸਲਾ, ਹਰ ਘਰ ਨੂੰ ਅਲਾਟ ਹੋਣਗੇ ਨੰਬਰ
ਮਿੱਥ/ਗਲਤਹਿਮੀ 2: ਜੇਕਰ ਬੁਖਾਰ ਨਾਲ ਤੁਹਾਡੀ ਪਲੇਟਲੇਟ ਗਿਣਤੀ ਘੱਟ ਹੈ ਤਾਂ ਡੇਂਗੂ ਹੀ ਹੈ।
ਤੱਥ : ਹਾਲਾਂਕਿ ਪਲੇਟਲੇਟ ਦੀ ਗਿਣਤੀ ਦਾ ਘਟਣਾ ਡੇਂਗੂ ਦਾ ਮਹੱਤਵਪੂਰਨ ਸੰਕੇਤ ਹੈ ਪਰ ਜਦੋਂ ਵੀ ਪਲੇਟਲੇਟ ਘੱਟ ਹੋਣ, ਉਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਸਿਰਫ ਡੇਂਗੂ ਹੀ ਹੈ। ਇਹ ਲੈਪਟੋਸਪਾਇਰੋਸਿਸ, ਸਕ੍ਰਬ ਟਾਈਫਸ ਅਤੇ ਯੈਲੋ ਫੀਵਰ, ਚਿਕਨਗੁਨੀਆ, ਐੱਚ. ਆਈ. ਵੀ., ਸਕ੍ਰਬ ਟਾਈਫਸ, ਮਲੇਰੀਆ ਅਤੇ ਹੋਰ ਵਾਇਰਲ ਬੁਖਾਰ ਆਦਿ ਦੇ ਕਾਰਨ ਵੀ ਹੋ ਸਕਦਾ ਹੈ।
ਮਿੱਥ/ਗਲਤਹਿਮੀ 3: ਪਪੀਤੇ ਦੇ ਪੱਤੇ, ਬਕਰੀ ਦਾ ਦੁੱਧ ਡੇਂਗੂ ਨੂੰ ਠੀਕ ਕਰ ਸਕਦੇ ਹਨ।
ਤੱਥ : ਪਪੀਤੇ ਦੇ ਪੱਤੇ ਤੇ ਬੱਕਰੀ ਦਾ ਦੁੱਧ ਬਾਰੇ ਕੋਈ ਵੀ ਵਿਗਿਆਨਕ ਰਿਸਰਚ ਇਹ ਨਹੀਂ ਦੱਸਦੀ ਕਿ ਇਸ ਨਾਲ ਮਰੀਜ਼ ਛੇਤੀ ਠੀਕ ਹੋ ਜਾਂਦਾ ਹੋਵੇ। ਡੇਂਗੂ ਤੋਂ ਰਿਕਵਰੀ ਕਰਨ ਅਤੇ ਦੁਬਾਰਾ ਚੁਸਤ-ਦਰੁਸਤ ਹੋਣ ’ਚ ਮਦਦ ਕਰਨ ’ਚ ਕੁਝ ਹੱਦ ਤੱਕ ਤਾਂ ਸਹਾਈ ਹੋ ਸਕਦਾ ਹੈ ਪਰ ਇਹ ਡੇਂਗੂ ਦਾ ਇਲਾਜ ਨਹੀਂ। ਇਸ ਲਈ ਤੁਸੀਂ ਇਸ ਨੂੰ ਹੱਲ ਸਮਝ ਕੇ ਇਸ ’ਤੇ ਭਰੋਸਾ ਨਹੀਂ ਕਰ ਸਕਦੇ। ਡੇਂਗੂ ਬੁਖਾਰ ’ਚ ਖਤਰੇ ਦੇ ਨਿਸ਼ਾਨ ਆਉਣ ’ਤੇ ਮਰੀਜ਼ ਨੂੰ ਹਸਪਤਾਲ ਲੈ ਕੇ ਜਾਣ ’ਚ ਦੇਰ ਨਾ ਕਰੋ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e