ਪਟਿਆਲਾ ''ਚ ਪਾਜ਼ੀਟਿਵ ਆਏ ਦੂਜੇ ਕੇਸ ਦਾ ''ਜਗ ਬਾਣੀ'' ਕੋਲ ਵੱਡਾ ਖੁਲਾਸਾ
Monday, Apr 13, 2020 - 06:06 PM (IST)
ਪਟਿਆਲਾ (ਪਰਮੀਤ): ਪਟਿਆਲਾ ਵਿਖੇ ਪਾਜ਼ੀਟਿਵ ਆਏ ਦੂਜੇ ਕੇਸ ਨੇ ਮੰਨਿਆ ਹੈ ਕਿ ਉਹ ਲੀਲਾ ਭਵਨ ਵਿਖੇ 'ਸਾਹਿਬ' ਦੀ ਕੋਠੀ ਵਿਚ ਕੰਮ ਕਰਦਾ ਹੈ। ਉਸ ਨੂੰ ਕੋਈ ਬੁਖਾਰ ਜਾਂ ਜ਼ੁਕਾਮ ਨਹੀਂ ਹੋਇਆ, ਸਿਰਫ ਖਾਂਸੀ ਹੋਈ ਹੈ। 'ਜਗ ਬਾਣੀ' ਨਾਲ ਫੋਨ 'ਤੇ ਹੋਈ ਗੱਲਬਾਤ ਦੌਰਾਨ ਇਸ ਪਾਜ਼ੀਟਿਵ ਕੇਸ ਨੇ ਦੱਸਿਆ ਕਿ ਉਹ ਪਹਿਲਾਂ ਪਟਿਆਲਾ ਵਿਚ ਉੱਚ ਪ੍ਰਸ਼ਾਸਨਿਕ ਅਹੁਦੇ 'ਤੇ ਰਹੇ ਅਫਸਰ ਨਾਲ ਕੰਮ ਕਰਦਾ ਰਿਹਾ ਹੈ। ਇਹ ਅਫਸਰ ਜਦੋਂ ਹੋਰ ਜ਼ਿਲਿਆਂ ਵਿਚ ਐੱਸ. ਡੀ. ਐੱਮ. ਦੇ ਅਹੁਦੇ 'ਤੇ ਤਾਇਨਾਤ ਸੀ ਤਾਂ ਉਹ ਇਸ ਨਾਲ ਬਠਿੰਡਾ 'ਚ ਕੰਮ ਕਰਦਾ ਸੀ। ਫਿਰ ਜਦੋਂ ਅਫਸਰ ਦਾ ਤਬਾਦਲਾ ਪਟਿਆਲਾ ਹੋ ਗਿਆ ਤਾਂ ਉਹ ਵੀ ਉਦੋਂ 'ਸਾਹਿਬ' ਨਾਲ ਪਟਿਆਲਾ ਆ ਗਿਆ। ਉਸ ਨੇ ਦੱਸਿਆ ਕਿ ਉਹ ਕੁੱਕ ਦਾ ਕੰਮ ਕਰਦਾ ਸੀ। 5-6 ਸਾਲ ਤੱਕ ਉਹ ਉਦੋਂ ਦੇ 'ਸਾਹਿਬ' ਨਾਲ ਕੰਮ ਕਰਦਾ ਰਿਹਾ ਹੈ ਪਰ ਜਦੋਂ ਹੁਣ ਵਾਲੇ 'ਸਾਹਿਬ' ਆ ਗਏ ਤਾਂ ਉਹ ਮਾਲੀ ਬਣ ਗਿਆ।
ਇਹ ਵੀ ਪੜ੍ਹੋ: ਪਾਵਰਕਾਮ ਦਾ ਫੈਸਲਾ, ਹੁਣ ਪਿਛਲੇ ਸਾਲ ਦੀ ਰੀਡਿੰਗ ਦੇ ਹਿਸਾਬ ਨਾਲ ਆਵੇਗਾ ਬਿੱਲ
ਇਸ ਪਾਜ਼ੀਟਿਵ ਕੇਸ ਨੇ ਦੱਸਿਆ ਕਿ ਉਸ ਨੂੰ ਤਾਂ ਡੀ. ਸੀ. ਰੇਟ 'ਤੇ ਵੀ ਤਨਖਾਹ ਨਹੀਂ ਮਿਲਦੀ ਬਲਕਿ ਸਿਰਫ 6500 ਰੁਪਏ ਮਹੀਨਾ ਹੀ ਮਿਲਦੇ ਹਨ। ਉਸ ਨੇ ਦੱਸਿਆ ਕਿ ਉਹ 3 ਜਾਂ 4 ਤਾਰੀਖ ਨੂੰ ਕੰਪਨੀ ਦੇ ਦਫਤਰ ਤਨਖਾਹ ਲੈਣ ਗਿਆ ਸੀ। ਉਸ ਨੇ ਦੱਸਿਆ ਕਿ ਕੰਪਨੀ ਸਿਰਫ ਨਕਦ ਹੀ ਤਨਖਾਹ ਦਿੰਦੀ ਹੈ। ਸੁਲੱਭ ਕੰਪਨੀ ਤਾਂ ਬੰਦ ਹੋ ਚੁੱਕੀ ਹੈ। ਹੁਣ ਉਹ ਸਿਰਫ ਪੰਚਤੰਤਰ ਕੰਪਨੀ ਵਿਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਤਨਖਾਹ ਟਾਈਮ 'ਤੇ ਨਹੀਂ ਮਿਲਦੀ ਪਰ ਐਤਕੀਂ ਮਿਲ ਗਈ ਸੀ। ਉਸ ਨੇ ਡੀ. ਸੀ. ਰੇਟ 'ਤੇ ਤਨਖਾਹ ਨਾ ਮਿਲਣ ਦੀ ਗੱਲ 'ਸਾਹਿਬ' ਨੂੰ ਨਹੀਂ ਦੱਸੀ। ਜ਼ਿਕਰਯੋਗ ਹੈ ਕਿ 'ਜਗ ਬਾਣੀ' ਨੇ ਅੱਜ ਆਪਣੀ ਖਬਰ ਵਿਚ ਖੁਲਾਸਾ ਕੀਤਾ ਸੀ ਕਿ ਇਸ ਪਾਜ਼ੀਟਿਵ ਕੇਸ ਦਾ ਜ਼ਿਲੇ ਦੇ ਸੀਨੀਅਰ ਉੱਚ ਅਧਿਕਾਰੀ ਨਾਲ ਸਬੰਧਤ ਹੈ। ਇਸ ਕੇਸ ਨੇ ਅੱਜ ਖੁਦ ਦੱਸ ਦਿੱਤਾ ਕਿ ਉਹ 'ਸਾਹਿਬ' ਦੀ ਲੀਲਾ ਭਵਨ ਸਥਿਤ ਕੋਠੀ ਵਿਚ ਕੰਮ ਕਰਦਾ ਰਿਹਾ ਹੈ।ਸਵਾਲਾਂ ਦੇ ਜਵਾਬ ਵਿਚ ਇਸ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਖਾਣ-ਪੀਣ ਲਈ ਸਭ ਕੁਝ ਮਿਲ ਰਿਹਾ ਹੈ। ਚਾਹ ਵੀ ਮਿਲ ਰਹੀ ਹੈ। ਰੋਟੀ ਵੀ ਮਿਲ ਰਹੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਨਾ ਤਾਂ ਜ਼ੁਕਾਮ ਹੈ ਅਤੇ ਨਾ ਹੀ ਬੁਖਾਰ ਹੈ ਸਿਰਫ ਖਾਂਸੀ ਹੈ ਪਰ ਪਤਾ ਨਹੀਂ ਕਿਉਂਕਿ ਉਸ ਦਾ ਟੈਸਟ ਪਾਜ਼ੀਟਿਵ ਆਇਆ ਹੈ। ਉਸ ਨੇ ਇਹ ਵੀ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਦਾ ਟੈਸਟ ਠੀਕ ਆਉਣ ਮਗਰੋਂ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਸਾਂਸਦਾਂ ਦੀ ਤਨਖਾਹ ਕੱਟਣ 'ਤੇ ਸੁਣੋ ਭਗਵੰਤ ਮਾਨ ਦਾ ਜਵਾਬ (ਵੀਡੀਓ)
ਦੇਰ ਰਾਤ ਪੀ. ਸੀ. ਐੱਸ. ਅਫਸਰ ਦੀ ਕੋਠੀ ਛੱਡਿਆ ਪਾਜ਼ੀਟਿਵ ਕੇਸ ਦਾ ਭਰਾ, ਸਵੇਰੇ ਬੁਲਾਉਣ ਲਈ ਕਰਦੇ ਰਹੇ ਅਨਾਊਂਸਮੈਂਟ
ਪਾਜ਼ੀਟਿਵ ਕੇਸ ਦੇ ਭਰਾ ਦਾ ਟੈਸਟ ਨੈਗੇਟਿਵ ਆਉਣ ਮਗਰੋਂ ਦੇਰ ਸ਼ਾਮ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਪੀ. ਸੀ. ਐੱਸ. ਅਫਸਰ ਦੀ ਕੋਠੀ ਦੇ ਸਰਵੈਂਟ ਕੁਆਰਟਰ ਵਿਚ ਵਾਪਸ ਛੱਡ ਦਿੱਤਾ। ਸਵੇਰੇ ਜਦੋਂ ਸਿਹਤ ਵਿਭਾਗ ਦੇ ਅਧਿਕਾਰੀ ਉਸ ਨੂੰ ਚੈੱਕ ਕਰਨ ਆਏ ਤਾਂ ਵਾਰ-ਵਾਰ ਅਵਾਜ਼ਾਂ ਮਾਰਨ 'ਤੇ ਵੀ ਉਹ ਨਹੀਂ ਆਇਆ। ਇਸ ਉਪਰੰਤ ਸਿਵਲ ਲਾਈਨਜ਼ ਥਾਣੇ ਵਿਚੋਂ ਪੁਲਸ ਪਾਰਟੀ ਨੇ ਆ ਕੇ ਲਾਊਡ ਸਪੀਕਰ ਨਾਲ ਅਨਾਊਂਸਮੈਂਟ ਕੀਤੀ ਤਾਂ ਉਹ ਬਾਹਰ ਆਇਆ। ਸਿਹਤ ਵਿਭਾਗ ਨੇ ਇਸ ਅਧਿਕਾਰੀ ਦੇ ਘਰ ਦੇ ਬਾਹਰ 'ਇਕਾਂਤਵਾਸ' ਵਿਚ ਰੱਖੇ ਹੋਣ ਦਾ ਪੋਸਟਰ ਲਾ ਦਿੱਤਾ ਹੈ। ਨਾਲ ਲਗਦੀ ਜੱਜ ਦੇ ਕੋਠੀ ਦੇ ਬਾਹਰ ਵੀ 'ਇਕਾਂਤਵਾਸ' ਦਾ ਪੋਸਟਰ ਲਾਇਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਕਣਕ ਦੀ ਖਰੀਦ ਨੂੰ ਲੈ ਕੇ ਮੁੱਖ ਮੰਤਰੀ ਨੇ ਕੀਤਾ ਇਹ ਐਲਾਨ
ਰਾਜਿੰਦਰਾ ਹਸਪਤਾਲ ਤੋਂ ਕੀਤੀ ਛੁੱਟੀ, ਘਰ ਵਿਚ ਹੀ ਕੁਆਰੰਟੀਨ ਰਹਿਣ ਲਈ ਕਿਹਾ : ਡਾ. ਮਲਹੋਤਰਾ
ਪਾਜ਼ੀਟਿਵ ਕੇਸ ਦੇ ਨੇੜੇ ਸੰਪਰਕ ਵਿਚ ਆਏ ਸਾਰੇ ਵਿਅਕਤੀਆਂ ਦੇ ਕੋਵਿਡ ਸੈਂਪਲ ਨੈਗੇਟਿਵ ਆਏ ਹਨ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਬੀਤੇ ਦਿਨੀਂ ਸਿਵਲ ਲਾਈਨਜ਼ ਏਰੀਏ ਵਿਚ ਪੀ. ਸੀ. ਐੱਸ. ਅਧਿਕਾਰੀ ਦੀ ਸਰਕਾਰੀ ਕੋਠੀ ਦੇ ਕੁਆਰਟਰ ਵਿਚ ਰਹਿਣ ਵਾਲੇ ਮਾਲੀ ਦੇ ਕੋਵਿਡ ਪਾਜ਼ੀਟਿਵ ਆਉਣ 'ਤੇ ਉਸ ਦੇ ਨੇੜੇ ਦੇ ਸੰਪਰਕ ਵਿਚ ਆਏ 7 ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ਼ ਕਰਵਾ ਕੇ ਕੋਵਿਡ ਜਾਂਚ ਲਈ ਸੈਂਪਲ ਲੈ ਕੇ ਲ਼ੈਬ ਵਿਚ ਭੇਜੇ ਗਏ ਸਨ। ਲੈਬ ਤੋਂ ਆਈ ਜਾਂਚ ਰਿਪੋਰਟ ਅਨੁਸਾਰ ਇਹ ਸਾਰੇ ਵਿਅਕਤੀ ਕੋਵਿਡ ਨੈਗੇਟਿਵ ਪਾਏ ਗਏ ਹਨ। ਇਸ ਵਿਚ ਕੋਵਿਡ ਪਾਜ਼ੀਟਿਵ ਵਿਅਕਤੀ ਦਾ ਭਰਾ, ਪਤਨੀ ਅਤੇ ਬੱਚਾ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨੈਗੇਟਿਵ ਆਏ ਕੇਸਾਂ ਨੂੰ ਰਾਜਿੰਦਰਾ ਹਸਪਤਾਲ 'ਚੋਂ ਛੁੱਟੀ ਕਰ ਕੇ ਆਪਣੇ ਘਰ ਭੇਜ ਦਿੱਤਾ ਗਿਆ। ਇਨ੍ਹਾਂ ਨੂੰ ਘਰ ਵਿਚ ਹੀ ਕੁਅਰੰਟੀਨ ਰਹਿ ਕੇ ਅਹਿਤਿਆਤ ਵਰਤਣ ਲਈ ਕਿਹਾ ਗਿਆ ਹੈ। ਬੁਖਾਰ, ਖਾਂਸੀ ਹੋਣ 'ਤੇ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਲਾਕਡਾਊਨ ਕਿਉਂ ਹੈ ਜ਼ਰੂਰੀ (ਵੀਡੀਓ)
ਡਾ. ਮਲਹੋਤਰਾ ਨੇ ਦੱਸਿਆ ਕਿ ਦੇਸੀ ਮਹਿਮਾਨਦਾਰੀ ਦਾ ਕੋਵਿਡ ਪਾਜ਼ੀਟਿਵ ਕੇਸ ਬਿਲਕੁਲ ਠੀਕ-ਠਾਕ ਹੈ। ਬੀਤੇ ਦਿਨੀਂ ਉਸ ਦਾ ਕੋਵਿਡ ਜਾਂਚ ਲਈ ਲਿਆ ਸੈਂਪਲ ਨੈਗੇਟਿਵ ਆਇਆ ਹੈ। ਕੱਲ ਫਿਰ ਉਸ ਦਾ ਸੈਂਪਲ ਲਿਆ ਜਾਵੇਗਾ। ਜੇਕਰ ਇਸ ਸੈਂਪਲ ਦੀ ਰਿਪੋਰਟ ਵੀ ਨੈਗੇਟਿਵ ਆਈ ਤਾਂ ਇਸ ਵਿਅਕਤੀ ਨੂੰ ਹਸਪਤਾਲੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਰਾਮਨਗਰ ਸੈਣੀਆਂ ਦਾ ਕੋਵਿਡ ਪਾਜ਼ੀਟਿਵ ਕੇਸ ਜੋ ਕਿ ਸਿਵਲ ਹਸਪਤਾਲ ਅੰਬਾਲਾ ਵਿਚ ਦਾਖਲ ਹੈ, ਦੇ ਕੋਰੋਨਾ ਸਬੰਧੀ ਕਰਵਾਏ ਦੋਵੇਂ ਟੈਸਟ ਨੈਗੇਟਿਵ ਆਏ ਹਨ। ਜਲਦੀ ਹੀ ਉਸ ਨੂੰ ਸਿਵਲ ਹਸਪਤਾਲ ਅੰਬਾਲਾ ਤੋਂ ਡਿਸਚਾਰਜ ਕਰ ਕੇ ਘਰ ਭੇਜ ਦਿੱਤਾ ਜਾਵੇਗਾ। ਜ਼ਿਲੇ ਵਿਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ 'ਕੋਰੋਨਾ' ਜਾਂਚ ਲਈ ਜ਼ਿਲੇ ਦੇ 125 ਸੈਂਪਲਾਂ 'ਚੋਂ 2 ਪਾਜ਼ੀਟਿਵ ਅਤੇ 123 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। 2 ਦੀ ਰਿਪੋਰਟ ਆਉਣੀ ਬਾਕੀ ਹੈ।
ਇਹ ਵੀ ਪੜ੍ਹੋ: ਖੁਦ ਨੂੰ ਕੈਬਨਿਟ ਮੰਤਰੀ ਦਾ ਖਾਸਮ-ਖਾਸ ਦੱਸਣ ਵਾਲੇ ਜਾਅਲੀ ਪੱਤਰਕਾਰ ਦੀ ਪੁਲਸ ਨੇ ਭੰਨ੍ਹੀ ਆਕੜ