ਸਾਈਬਰ ਠੱਗਾਂ ਨੇ ਹੁਣ 'ਆਪ' ਦੀ ਨੀਨਾ ਮਿੱਤਲ ਦੇ ਪੇ.ਟੀ.ਐੱਮ. 'ਚੋਂ ਉਡਾਏ ਪੈਸੇ

01/15/2020 10:28:49 AM

ਪਟਿਆਲਾ (ਜੋਸਨ): ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਸਾਈਬਰ ਠੱਗਾਂ ਨੇ ਵੱਡਾ ਜਾਲ ਵਿਛਾ ਲਿਆ ਹੈ। ਪਟਿਆਲਾ ਦੇ ਸਾਈਬਰ ਵਿੰਗ ਦੀ ਬੇਹੱਦ ਮਾੜੀ ਕਾਰਗੁਜ਼ਾਰੀ ਕਾਰਣ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਲੋਕ ਬੇਹੱਦ ਔਖੇ ਹਨ। ਪਟਿਆਲਾ ਦੇ ਸਾਈਬਰ ਵਿੰਗ ਦੀ ਸ਼ਿਕਾਇਤ ਡੀ. ਜੀ. ਪੀ. ਪੰਜਾਬ ਨੂੰ ਕਰਨ ਜਾ ਰਹੇ ਹਨ।

ਪਟਿਆਲਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਪ੍ਰਨੀਤ ਕੌਰ ਖ਼ਿਲਾਫ਼ ਲੋਕ ਸਭਾ ਚੋਣ ਲੜੀ ਨੀਨਾ ਮਿੱਤਲ ਨਾਲ ਸਾਈਬਰ ਠੱਗਾਂ ਨੇ 15370 ਰੁਪਏ ਦੀ ਠੱਗੀ ਕੀਤੀ ਹੈ। ਉਨ੍ਹਾਂ ਸ਼ਿਕਾਇਤ ਐੱਸ. ਪੀ. ਸਿਟੀ ਪਟਿਆਲਾ ਨੂੰ ਸੌਂਪੀ ਹੈ ਅਤੇ ਕਿਹਾ ਹੈ ਕਿ ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਹੁਣ ਉਨ੍ਹਾਂ ਦੇ ਪਤੀ, ਬੇਟੀ ਅਤੇ ਬੇਟੇ ਨੂੰ ਵੀ ਫ਼ੋਨ ਆ ਰਹੇ ਹਨ। ਅਜੇ ਤੱਕ ਪੁਲਸ ਦੇ ਹੱਥ ਕੁਝ ਨਹੀਂ ਲੱਗਾ। ਦੂਜੇ ਪਾਸੇ ਇਸ ਸਬੰਧੀ ਪਟਿਆਲਾ ਦਾ ਸਾਈਬਰ ਵਿੰਗ ਅਜੇ ਖਾਮੋਸ਼ ਹੈ।
ਨੀਨਾ ਮਿੱਤਲ, ਜੋ ਕੇ ਗ੍ਰੈਜੂਏਟ ਹੈ ਅਤੇ 'ਆਪ' ਦੀ ਟਰੇਡ ਵਿੰਗ ਪੰਜਾਬ ਦੀ ਪ੍ਰਧਾਨ ਵੀ ਹੈ, ਦਿੱਲੀ ਤੋਂ ਵਾਪਸ ਆ ਰਹੀ ਸੀ। ਉਸ ਨੂੰ ਆਯੂਸੀ ਬਾਂਸਲ ਨਾਂ ਦੇ ਵਿਅਕਤੀ ਦਾ ਫ਼ੋਨ 8695019917 ਤੋਂ ਆਉਂਦਾ ਹੈ। ਠੱਗ ਬੜੀ ਹੀ ਹਲੀਮੀ ਨਾਲ ਨੀਨਾ ਮਿੱਤਲ ਨੂੰ ਕਹਿੰਦਾ ਹੈ ਕਿ ਉਨ੍ਹਾਂ ਦਾ ਪੇਟੀਐੱਮ ਬੰਦ ਹੋ ਗਿਆ ਹੈ। ਉਸ ਨੂੰ ਉਸ ਦੇ ਓ. ਟੀ. ਪੀ. ਦੇ ਪਹਿਲੇ ਚਾਰ ਅੰਕ ਵੀ ਦੱਸ ਦਿੰਦਾ ਹੈ। ਨੀਨਾ ਮਿੱਤਲ ਨੂੰ ਠੱਗ 'ਤੇ ਵਿਸ਼ਵਾਸ ਹੋ ਜਾਂਦਾ ਹੈ। ਉਹ ਆਪਣੇ ਆਖ਼ਰੀ ਤਿੰਨ ਅੰਕ ਵੀ ਠੱਗ ਨੂੰ ਦੱਸ ਦਿੰਦੀ ਹੈ। ਉਸ ਤੋਂ ਕੁਝ ਸਮੇਂ ਬਾਅਦ ਹੀ ਖਾਤੇ ਵਿਚੋਂ 15370 ਰੁਪਏ ਉੱਡ ਜਾਂਦੇ ਹਨ।

ਨੀਨਾ ਨੇ ਕਿਹਾ ਕਿ ਮੈਂ ਖ਼ੁਦ ਹੈਰਾਨ ਹਾਂ ਕਿ ਮੈਂ ਪੜ੍ਹੀ-ਲਿਖੀ ਹੋਣ ਦੇ ਬਾਵਜੂਦ ਸਾਈਬਰ ਠੱਗ ਦੇ ਝਾਂਸੇ ਵਿਚ ਕਿਵੇਂ ਆ ਗਈ? ਨੀਨਾ ਮਿੱਤਲ ਨੇ ਕਿਹਾ ਕਿ ਪਹਿਲਾਂ ਅਸੀਂ ਇਕ ਦਰਖਾਸਤ ਰਾਜਪੁਰਾ ਦੇ ਡੀ. ਐੱਸ. ਪੀ. ਨੂੰ ਦਿੱਤੀ ਸੀ। ਕੁਝ ਵੀ ਨਹੀਂ ਹੋਇਆ। ਹੁਣ ਅਸੀਂ ਇਕ ਦਰਖਾਸਤ ਪਟਿਆਲਾ ਦੇ ਐੱਸ. ਪੀ. ਸਿਟੀ ਨੂੰ ਦਿੱਤੀ ਹੈ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਮੇਰੇ ਪਤੀ ਅਜੇ ਮਿੱਤਲ ਅਤੇ ਮੇਰੇ ਬੇਟੇ ਅਤੇ ਬੇਟੀ ਨੂੰ ਵੀ ਮੋਬਾਇਲ ਨੰਬਰ 7098893917 ਤੋਂ ਫੋਨ ਆ ਰਹੇ ਹਨ। ਉਹ ਵੀ ਇਸੇ ਤਰ੍ਹਾਂ ਕਹਿ ਰਹੇ ਹਨ ਕਿ ਉਨ੍ਹਾਂ ਦੇ ਪੇਟੀਐੱਮ ਬੰਦ ਹੋ ਗਏ ਹਨ। ਇਸ ਕਰ ਕੇ ਉਸ ਨੂੰ ਲੱਗ ਰਿਹਾ ਹੈ ਕਿ ਸਾਡੇ ਨਾਲ ਹੋਰ ਠੱਗੀ ਕਰਨ ਦੀ ਯੋਜਨਾ ਬਣਾਈ ਗਈ ਹੈ।

ਜੇਕਰ ਪ੍ਰਨੀਤ ਕੌਰ ਦਾ ਕੇਸ 24 ਘੰਟਿਆਂ 'ਚ ਹੱਲ ਹੋ ਸਕਦਾ ਹੈ ਤਾਂ ਸਾਡਾ ਕਿਉਂ ਨਹੀਂ?
ਨੀਨਾ ਮਿੱਤਲ ਨੇ ਕਿਹਾ ਕਿ ਸਾਡੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨਾਲ ਵੀ ਸਾਈਬਰ ਠੱਗੀ ਹੋਈ ਸੀ ਪਰ ਉਸ ਕੇਸ 'ਚ ਠੱਗਾਂ ਨੂੰ ਪੁਲਸ ਨੇ 24 ਘੰਟਿਆਂ ਵਿਚ ਲੱਭ ਲਿਆ ਸੀ। ਮੇਰੇ ਕੇਸ ਵਿਚ ਪੁਲਸ ਸੁਸਤੀ ਦਿਖਾ ਰਹੀ ਹੈ। ਉਨ੍ਹਾਂ ਆਖਿਆ ਕਿ ਜੇਕਰ ਪਟਿਆਲਾ ਦਾ ਸਾਈਬਰ ਵਿੰਗ ਆਮ ਲੋਕਾਂ ਨਾਲ ਹੋ ਰਹੀਆਂ ਠੱਗੀਆਂ ਦੇ ਮਾਮਲੇ ਵਿਚ ਵੀ ਚੁਸਤੀ ਦਿਖਾਵੇ ਤਾਂ ਵੱਡੇ ਹਾਦਸੇ ਹੋਣੋ ਬਚ ਸਕਦੇ ਹਨ। ਉਨ੍ਹਾਂ ਆਖਿਆ ਕਿ ਸਾਫ਼ ਤੌਰ 'ਤੇ ਜਦੋਂ ਨੰਬਰ ਹੀ ਸਾਹਮਣੇ ਆ ਰਹੇ ਹਨ, ਉਦੋਂ ਕੋਈ ਕਾਰਵਾਈ ਨਾ ਹੋਣਾ ਬੇਹੱਦ ਮੰਦਭਾਗੀ ਗੱਲ ਹੈ।

ਡੇਢ ਲੱਖ ਦੀ ਠੱਗੀ, ਗੁਰਮੀਤ ਫੱਗਣਮਾਜਰਾ ਵੀ ਖਾ ਰਹੇ ਹਨ ਧੱਕੇ
ਪਟਿਆਲਾ ਜ਼ਿਲੇ ਦੇ ਪਿੰਡ ਫੱਗਣਮਾਜਰਾ ਦੇ ਕਾਫੀ ਸਮਾਂ ਸਰਪੰਚ ਰਹੇ ਅਤੇ ਉੱਘੇ ਸਮਾਜ ਸੇਵਕ ਗੁਰਮੀਤ ਸਿੰਘ ਫੱਗਣਮਾਜਰਾ ਵੀ ਪਟਿਆਲਾ ਦੇ ਸਾਈਬਰ ਵਿੰਗ ਦੇ ਧੱਕੇ ਖਾ-ਖਾ ਥੱਕ ਚੁੱਕੇ ਹਨ। ਉਨ੍ਹਾਂ ਨੂੰ ਵੀ ਅਜੇ ਤੱਕ ਇਨਸਾਫ਼ ਨਹੀਂ ਮਿਲ ਸਕਿਆ। ਗੁਰਮੀਤ ਫੱਗਣਮਾਜਰਾ ਨਾਲ ਡੇਢ ਕੁ ਮਹੀਨਾ ਪਹਿਲਾਂ ਇਸੇ ਤਰ੍ਹਾਂ ਸਾਈਬਰ ਠੱਗਾਂ ਨੇ ਡੇਢ ਲੱਖ ਰੁਪਏ ਦੀ ਠੱਗੀ ਕੀਤੀ ਸੀ। ਉਨ੍ਹਾਂ ਦੇ ਖਾਤੇ 'ਚੋਂ ਰੁਪਏ ਨਿਕਲ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਪਟਿਆਲਾ ਦੇ ਸਾਈਬਰ ਸੈੱਲ ਨੂੰ ਆਪਣੀ ਅਰਜ਼ੀ ਮਾਰਕ ਕਰਾ ਕੇ ਦਿੱਤੀ। ਇਕ ਦਰਜਨ ਗੇੜੇ ਵੀ ਲਾ ਲਏ ਪਰ ਅਜੇ ਤੱਕ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲ ਸਕਿਆ। ਹੈਰਾਨੀ ਹੈ ਕਿ ਉਨ੍ਹਾਂ ਨੇ ਡਰ ਦੇ ਮਾਰੇ ਆਪਣਾ ਖਾਤਾ ਹੀ ਬੰਦ ਕਰਵਾ ਲਿਆ ਹੈ। ਉਨ੍ਹਾਂ ਆਖਿਆ ਕਿ ਸਾਈਬਰ ਵਿੰਗ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ।

ਸਾਈਬਰ ਵਿੰਗ 'ਚ ਦਰਜਨਾਂ ਅਰਜ਼ੀਆਂ ਪੈਂਡਿੰਗ
ਪਟਿਆਲਾ ਦੇ ਸਾਈਬਰ ਵਿੰਗ ਵਿਚ ਠੱਗਾਂ ਦੇ ਸਤਾਏ ਹੋਏ ਲੋਕਾਂ ਦੀਆਂ ਜਾਅਲੀ ਫੇਸਬੁੱਕ ਆਈ. ਡੀਆਂ ਦੀਆਂ ਦਰਜਨਾਂ ਅਰਜ਼ੀਆਂ ਪੈਂਡਿੰਗ ਪਈਆਂ ਹਨ। ਇਸ ਤਰ੍ਹਾਂ ਲਗਦਾ ਹੈ ਕਿ ਸਾਈਬਰ ਵਿੰਗ ਦੀ ਸੁਸਤ ਚਾਲ ਲੋਕਾਂ ਨੂੰ ਇਨਸਾਫ਼ ਨਹੀਂ ਦੇ ਰਹੀ। ਸਾਈਬਰ ਵਿੰਗ ਦੀਆਂ ਵਧੀਕੀਆਂ ਤੋਂ ਦੁਖੀ ਇਕ ਵਫਦ ਪਟਿਆਲਾ ਦੇ ਐੱਸ. ਐੱਸ. ਪੀ. ਨੂੰ ਜਲਦ ਹੀ ਮੈਮੋਰੰਡਮ ਦੇਣ ਜਾ ਰਿਹਾ ਹੈ।


Shyna

Content Editor

Related News