ਪਟਿਆਲਾ : ਸੀਨੀ. ਡਿਪਟੀ ਮੇਅਰ 'ਤੇ ਡਾਂਗਾਂ ਨਾਲ ਹਮਲਾ, ਤਿੰਨ ਦੋਸ਼ੀ ਗ੍ਰਿਫਤਾਰ

Tuesday, Oct 01, 2019 - 11:18 AM (IST)

ਪਟਿਆਲਾ : ਸੀਨੀ. ਡਿਪਟੀ ਮੇਅਰ 'ਤੇ ਡਾਂਗਾਂ ਨਾਲ ਹਮਲਾ, ਤਿੰਨ ਦੋਸ਼ੀ ਗ੍ਰਿਫਤਾਰ

ਪਟਿਆਲਾ (ਬਲਜਿੰਦਰ) : ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰਨ ਵਿਚ ਲੱਗੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ 'ਤੇ ਬੀਤੀ ਰਾਤ ਸਫਾਬਾਦੀ ਗੇਟ ਕੋਲ ਕੁੱਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਇਸ ਮਾਮਲੇ ਵਿਚ ਸ਼ੰਕਰ ਕੁਮਾਰ ਪੁੱਤਰ ਲਾਭ ਕੁਮਾਰ, ਰੋਹਿਤ ਕੁਮਾਰ ਪੁੱਤਰ ਸਤੀਸ਼ ਕੁਮਾਰ ਅਤੇ ਅਮਨ ਪੁੱਤਰ ਮੰਗਤ ਰਾਮ ਖਿਲਾਫ ਧਾਰਾ 353, 186, 506, 148, 149 ਤਹਿਤ ਕੇਸ ਦਰਜ ਕਰ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਤਿੰਨਾਂ ਨੂੰ ਜੇਲ ਭੇਜ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਬੀਤੀ ਰਾਤ ਨਗਰ ਨਿਗਮ ਦੀ ਟੀਮ ਨਾਲ ਬੇਸਹਾਰਾ ਪਸ਼ੂਆਂ ਨੂੰ ਫੜਨ ਲਈ ਸਫਾਬਾਦੀ ਗੇਟ ਕੋਲ ਗਏ ਹੋਏ ਸਨ। ਜਿਉਂ ਹੀ ਉਨ੍ਹਾਂ ਨੇ ਆਪਣੀ ਮੁਹਿੰਮ ਸ਼ੁਰੂ ਕੀਤੀ ਤਾਂ ਕੁੱਝ ਵਿਅਕਤੀਆਂ ਨੇ ਉਨ੍ਹਾਂ 'ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਇਸ ਵਿਚ ਉਹ ਜ਼ਖਮੀ ਹੋ ਗਏ। ਹਮਲਾਵਰਾਂ ਤੋਂ ਨਗਰ ਨਿਗਮ ਦੀ ਟੀਮ ਨਾਲ ਗਈ ਪੁਲਸ ਨੇ ਉਨ੍ਹਾਂ ਨੂੰ ਬਚਾਇਆ। ਇਸ ਦੀ ਸੂਚਨਾ ਤੁਰੰਤ ਥਾਣਾ ਲਾਹੌਰੀ ਗੇਟ ਦੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਤੋਂ ਬਾਅਦ ਇਸ ਮਾਮਲੇ ਵਿਚ ਉਕਤ 3 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ। ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਲਾਹੌਰੀ ਗੇਟ ਦੇ ਐੱਸ. ਐੱਚ. ਓ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਤਿੰਨਾਂ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ।

ਦੂਜੇ ਪਾਸੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਕਿਹਾ ਕਿ ਇਹ ਹਮਲਾ ਪਸ਼ੂ ਮਾਫੀਆ ਵੱਲੋਂ ਕਰਵਾਇਆ ਗਿਆ। ਉਹ ਪਿਛਲੇ ਇਕ ਮਹੀਨੇ ਤੋਂ ਸ਼ਹਿਰ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰਨ ਦੀ ਮੁਹਿੰਮ ਵਿਚ ਲੱਗੇ ਹੋਏ ਹਨ। ਇਹ ਪਸ਼ੂ ਮਾਫੀਆ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਨੇ ਇਸ ਕੰਮ ਲਈ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੀ ਪਿੱਠ ਥਾਪੜੀ ਸੀ। ਦੂਜਾ ਜਿਸ ਤਰੀਕੇ ਨਾਲ ਅਵਾਰਾ ਪਸ਼ੂਆਂ ਕਾਰਣ ਲਗਾਤਾਰ ਸ਼ਹਿਰ ਵਿਚ ਹਾਦਸੇ ਵਾਪਰ ਰਹੇ ਹਨ ਅਤੇ ਕਈ ਪਰਿਵਾਰ ਉੱਜੜ ਚੁੱਕੇ ਹਨ, ਇਸ ਮੁਹਿੰਮ ਨੂੰ ਉਹ ਕਿਸੇ ਵੀ ਕੀਮਤ 'ਤੇ ਠੰਡਾ ਨਹੀਂ ਪੈਣ ਦੇਣਗੇ। ਦੂਜੇ ਪਾਸੇ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਬਾਕੀ ਕੌਂਸਲਰਾਂ ਨੇ ਸੀਨੀਅਰ ਡਿਪਟੀ ਮੇਅਰ 'ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਇਸ ਤਰ੍ਹਾਂ ਦੀਆਂ ਹਿੰਸਕ ਵਾਰਦਾਤਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਇਥੇ ਦੱਸਣਯੋਗ ਹੈ ਕਿ ਯੋਗਿੰਦਰ ਸਿੰਘ ਯੋਗੀ ਵੱਲੋਂ ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ ਵਿਚ ਪਹੁੰਚਾਉਣ ਲਈ ਪੂਰੇ ਸ਼ਹਿਰ ਵਿਚ ਜਾਣਿਆ ਜਾਂਦਾ ਹੈ। ਉਹ ਖੁਦ ਪਸ਼ੂਆਂ ਨੂੰ ਫੜਨ ਲਈ ਨਗਰ ਨਿਗਮ ਦੀ ਟੀਮ ਦੇ ਨਾਲ ਜਾਂਦੇ ਹਨ। ਪਹਿਲਾਂ ਵੀ ਉਨ੍ਹਾਂ ਦੇ ਨਾਲ ਕਈ ਵਾਰ ਲੋਕਾਂ ਦੀ ਬਹਿਸ ਹੋਈ ਹੈ। ਉਹ ਇਸ ਮੁਹਿੰਮ ਨੂੰ ਕਿਸੇ ਵੀ ਕੀਮਤ 'ਤੇ ਸ਼ਾਂਤ ਨਹੀਂ ਪੈਣ ਦੇਣਾ ਚਾਹੁੰਦੇ।


author

cherry

Content Editor

Related News