ਪਟਿਆਲਾ ਹਮਲੇ ''ਤੇ ਟਿੱਪਣੀ ਕਰਨ ਵਾਲੇ ਸਿਮਰਜੀਤ ਬੈਂਸ ਤੋਂ ਪੁਲਸ ਸੁਰੱਖਿਆ ਲਈ ਗਈ ਵਾਪਸ
Tuesday, Apr 14, 2020 - 06:29 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ) : ਪੁਲਸ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਵੱਲੋਂ ਉਨ੍ਹਾਂ ਨੂੰ ਦਿੱਤੇ ਚਾਰ ਅੰਗ ਰੱਖਿਅਕ ਵਾਪਸ ਬੁਲਾ ਲਏ ਗਏ ਹਨ, ਪੁਲਸ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਅੰਗ ਰੱਖਿਆਂ ਨੂੰ ਆਪਣੀ ਹਾਜ਼ਰੀ ਪੁਲਸ ਲਾਈਨ ਵਿਚ ਦੇਣ ਲਈ ਕਿਹਾ ਗਿਆ ਹੈ। ਦਰਅਸਲ ਵਿਧਾਇਕ ਸਿਮਰਜੀਤ ਬੈਂਸ ਵੱਲੋਂ ਬੀਤੇ ਦਿਨੀਂ ਪਟਿਆਲਾ ਵਿਚ ਪੁਲਸ ਮੁਲਾਜ਼ਮ 'ਤੇ ਹੋਏ ਹਮਲੇ ਸਬੰਧੀ ਕੁੱਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਦਾ ਕੁੱਝ ਕਾਂਗਰਸੀ ਮੰਤਰੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪਠਾਨਕੋਟ 'ਚ ਤੇਜ਼ੀ ਨਾਲ ਪੈਰ ਪਸਾਰ ਰਿਹੈ ਕੋਰੋਨਾ, 22 ਤਕ ਪੁੱਜੀ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ
ਕੀ ਹੈ ਵਿਵਾਦ
ਦਰਅਸਲ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਕ ਮੀਡੀਆ ਚੈਨਲ ਨੂੰ ਇੰਟਰਵਿਊ 'ਚ ਕਿਹਾ ਸੀ ਕਿ ਪਿਛਲੇ ਕੁਝ ਦਿਨਾਂ 'ਚ ਪੰਜਾਬ ਪੁਲਸ ਦੀਆਂ ਵਧੀਕੀਆਂ ਕਾਰਣ ਜਨਤਾ ਦਾ ਗੁੱਸਾ ਫੁੱਟਿਆ ਹੈ। ਬੈਂਸ ਦਾ ਇਹ ਬਿਆਨ ਪਟਿਆਲਾ ਵਿਖੇ ਇਕ ਕਥਿਤ ਨਿਹੰਗ ਵਲੋਂ ਏ. ਐੱਸ. ਆਈ. ਹਰਜੀਤ ਸਿੰਘ ਦਾ ਹੱਥ ਵੱਢ ਦਿੱਤੇ ਜਾਣ ਦੀ ਘਟਨਾ 'ਤੇ ਸੀ, ਜਿਸ ਨੂੰ ਜੋੜਣ ਲਈ 8 ਘੰਟੇ ਲੰਬੀ ਪਲਾਸਟਿਕ ਸਰਜਰੀ ਕੀਤੀ ਗਈ। ਬੈਂਸ ਦੇ ਬਿਆਨ ਤੋਂ ਬਾਅਦ ਪੰਜਾਬ ਦੇ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੱਧੂ ਤੇ ਅਰੁਣਾ ਚੌਧਰੀ ਨੇ ਕਿਹਾ ਕਿ ਬੈਂਸ ਖਿਲਾਫ ਐਪੇਡੈਮਿਕ ਡਿਜੀਜ਼ ਐਕਟ 1897 ਤੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਐਕਟ 2005 ਤੇ ਆਈ. ਪੀ. ਸੀ. ਦੀਆਂ ਧਾਰਾਵਾਂ ਤਹਿਤ ਤੁਰੰਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਕੈਬਨਿਟ ਮੰਤਰੀਆਂ ਨੇ ਬੈਂਸ ਨੂੰ ਕਿਹਾ ਕਿ ਜੇਕਰ ਉਹ ਪੰਜਾਬ ਪੁਲਸ 'ਤੇ ਭਰੋਸਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਆਪਣੀ ਸੁਰੱਖਿਆ ਛੱਡ ਦੇਣੀ ਚਾਹੀਦੀ ਹੈ। ਕੈਬਨਿਟ ਮੰਤਰੀਆਂ ਨੇ ਕਿਹਾ ਕਿ ਇਕ ਪਾਸੇ ਜਿਥੇ ਪੰਜਾਬ ਪੁਲਸ ਆਪਣੀ ਜਾਨ ਦੀ ਬਾਜ਼ੀ ਲਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਉਣ ਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ 'ਚ ਲੱਗੀ ਹੈ, ਉਥੇ ਹੀ ਦੂਜੇ ਪਾਸੇ ਬੈਂਸ ਰਾਜਨੀਤੀ ਕਰਕੇ ਸਸਤੀ ਲੋਕਪ੍ਰਿਅਤਾ ਹਾਸਿਲ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਕੋਰੋਨਾ ਆਫਤ, ਸਿਹਤ ਵਿਭਾਗ ਨੇ ਪੰਜਾਬ 'ਚ 17 ਹਾਟਸਪਾਟ ਦੀ ਕੀਤੀ ਸ਼ਨਾਖਤ