ਅਕਾਲੀ ਦਲ ਟਕਸਾਲੀ ਦਾ ਵੱਡਾ ਐਲਾਨ, ਡਾ.ਗਾਂਧੀ ਦੀ ਕਰਾਂਗੇ ਹਮਾਇਤ
Saturday, May 11, 2019 - 05:39 PM (IST)
ਪਟਿਆਲਾ (ਬਲਜਿੰਦਰ)—ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਜਮਹੂਰੀ ਗਠਜੋੜ ਵਲੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜ ਰਹੇ ਮੌਜੂਦਾ ਸਾਂਸਦ ਡਾ. ਧਰਮਵੀਰ ਗਾਂਧੀ ਦੀ ਹਮਾਇਤ ਦਾ ਐਲਾਨ ਕੀਤਾ ਹੈ। ਇਹ ਐਲਾਨ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਸ. ਸੇਵਾ ਸਿੰਘ ਸੇਖਵਾਂ ਨੇ ਡਾ. ਗਾਂਧੀ ਨਾਲ ਇਕ ਸਾਂਝੀ ਪ੍ਰੈੱਸ ਵਾਰਤਾ ਦੌਰਾਨ ਕੀਤਾ। ਸੇਖਵਾਂ ਨੇ ਕਿਹਾ ਕਿ ਡਾ. ਧਰਮਵੀਰ ਗਾਂਧੀ ਵਲੋਂ ਲੰਘੇ 5 ਸਾਲਾਂ ਦੌਰਾਨ ਆਪਣਾ ਕੰਮ ਪੂਰਾ ਈਮਾਨਦਾਰੀ ਨਾਲ ਅਤੇ ਲੋਕਾਂ ਹਿੱਤ ਲਈ ਕੀਤਾ ਹੈ। ਜਦੋਂਕਿ ਪਟਿਆਲਾ 'ਚ 15 ਸਾਲ ਪ੍ਰਨੀਤ ਕੌਰ ਬਤੌਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ ਅਤੇ 10 ਸਾਲ ਅਕਾਲੀ ਭਾਜਪਾ ਗਠਜੋੜ ਦਾ ਰਾਜ ਰਿਹਾ ਹੈ। ਇੰਨੇ ਲੰਬੇ ਸਮੇਂ ਦੇ ਬਾਵਜੂਦ ਵੀ ਦੋਵਾਂ ਕੋਲ ਪੇਸ਼ ਕਰਨ ਲਈ ਆਪਣਾ ਕੋਈ ਰਿਪੋਰਟ ਕਾਰਡ ਨਹੀਂ ਅਤੇ ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਦੇ ਲੋਕਾਂ ਨੂੰ ਇਕ-ਇਕ ਰੁਪਏ ਦਾ ਹਿਸਾਬ ਦਿੱਤਾ ਹੈ। ਸ. ਸੇਖਵਾਂ ਨੇ ਕਿਹਾ ਕਿ ਟਕਸਾਲੀ ਅਕਾਲੀ ਦਲ ਲੋਕ ਸਭਾ ਚੋਣਾਂ 'ਚ ਡਾ. ਗਾਂਧੀ ਨੂੰ ਸਮਰਥਨ ਦੇਣ ਦਾ ਐਲਾਨ ਕਰਦਾ ਹੈ।
