‘ਡਾ. ਗਾਂਧੀ ਦੇ ਯਤਨਾਂ ਸਦਕਾ ਹੀ ਵਤਨ ਆਈ ਮੇਰੇ ਪੁੱਤ ਦੀ ਲਾਸ਼’

12/03/2018 4:05:13 PM

ਪਟਿਆਲਾ (ਜੈਨ)- ਸਥਾਨਕ ਦੇਵੀ ਦੁਆਲਾ ਚੌਕ ਲਾਗੇ ਸਥਿਤ ਪ੍ਰਾਚੀਨ ਗਲੀ ਦੇ ਵਸਨੀਕ ਤੇ ਸ਼ਿਵ ਸ਼ਕਤੀ ਪਾਰਟੀ ਦੇ ਸੀਨੀਅਰ ਮੈਂਬਰ ਨਰੇਸ਼ ਸ਼ਰਮਾ ਉਰਫ ਬਿੱਟੂ ਦੇ 21 ਸਾਲਾ ਨੌਜਵਾਨ ਪੁੱਤਰ ਵਿਸ਼ਾਲ ਸ਼ਰਮਾ ਦੀ 24 ਨਵੰਬਰ ਨੂੰ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ। ਉਸ ਦੀ ਲਾਸ਼ ਮੰਗਲਵਾਰ 4 ਦਸੰਬਰ ਨੂੰ ਇਥੇ ਪਹੁੰਚ ਰਹੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਬਿੱਟੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਢੀਂਗੀ ਵਿਖੇ ਕਲਰਕ ਵਜੋਂ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਪੁੱਤਰ ਵਿਸ਼ਾਲ ਪਲੱਸ ਟੂ ਪਾਸ ਕਰ ਕੇ 11 ਸਤੰਬਰ 2017 ਨੂੰ ਟੋਰਾਂਟੋ ’ਚ ਹੋਟਲ ਮੈਨੇਜਮੈਂਟ ਦਾ ਕੋਰਸ ਕਰਨ ਗਿਆ ਸੀ। 5 ਦੋਸਤ ਇਕੱਠੇ ਰਹਿੰਦੇ ਸਨ। ਵਿਸ਼ਾਲ ਨੂੰ ਕੈਨੇਡਾ 8 ਲੱਖ ਰੁਪਏ ਕਰਜ਼ਾ ਲੈ ਕੇ ਭੇਜਿਆ ਸੀ। ਇਹ ਨਹੀਂ ਸੀ ਪਤਾ ਕਿ ਸਾਡਾ ਬੇਟਾ ਵਾਪਸ ਨਹੀਂ ਆਏਗਾ। ਪਿਛਲੇ 8 ਦਿਨਾਂ ਤੋਂ ਮੌਤ ਦੇ ਕਾਰਨਾਂ ਬਾਰੇ ਕੈਨੇਡਾ ਪੁਲਸ ਨੇ ਕੁੱਝ ਨਹੀਂ ਦੱਸਿਆ। ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰ ਕੇ ਸਰਕਾਰੀ ਖਰਚੇ ’ਤੇ ਲਾਸ਼ ਨੂੰ ਕੈਨੇਡਾ ਤੋਂ ਇਥੇ ਲਿਆਉਣ ਦਾ ਪ੍ਰਬੰਧ ਕੀਤਾ ਹੈ। ਵਿਸ਼ਾਲ ਦੀ ਲਾਸ਼ ਹਵਾਈ ਜਹਾਜ਼ ਰਾਹੀਂ ਸੋਮਵਾਰ ਨੂੰ ਰਾਤ 11.45 ਵਜੇ ਨਵੀਂ ਦਿੱਲੀ ਹਵਾਈ ਅੱਡੇ ’ਤੇ ਪਹੁੰਚ ਜਾਵੇਗੀ। ਐੱਨ. ਜੀ. ਓ. ਫਨਰਲ ਸੋਸਾਇਟੀ ਵੱਲੋਂ ਸਰਕਾਰੀ ਕਾਰਵਾਈ ਤੇ ਦਸਤਾਵੇਜ਼ ਮੁਕੰਮਲ ਕਰਵਾਉਣ ਤੋਂ ਬਾਅਦ ਲਾਸ਼ ਨੂੰ ਇਥੇ 4 ਦਸੰਬਰ ਨੂੰ ਸਵੇਰੇ 10 ਵਜੇ ਲਿਆਂਦਾ ਜਾਵੇਗਾ। ਪਰਿਵਾਰ ਦੇ ਮੈਂਬਰਾਂ ਨੇ ਰੋਂਦੇ-ਕੁਰਲਾਉਂਦੇ ਦੱਸਿਆ ਕਿ ਜੇਕਰ ਡਾ. ਗਾਂਧੀ ਨੇ ਸਾਡੀ ਫਰਿਆਦ ਨਾ ਸੁਣੀ ਹੁੰਦੀ ਤਾਂ ਸਾਡੇ ਲਈ 10 ਲੱਖ ਰੁਪਏ ਖਰਚ ਕਰ ਕੇ ਲਾਸ਼ ਨੂੰ ਇਥੇ ਲਿਆਉਣਾ ਬਹੁਤ ਕਠਿਨ ਸੀ। ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਰਜਤ ਸ਼ਰਮਾ ਅਨੁਸਾਰ ਸਵ. ਵਿਸ਼ਾਲ ਦੀ ਪੋਸਟਮਾਰਟਮ ਅਤੇ ਪੁਲਸ ਕਾਰਵਾਈ ਦੀ ਜਾਂਚ ਰਿਪੋਰਟ ਲਾਸ਼ ਦੇ ਨਾਲ ਹੀ ਆਵੇਗੀ। ਅਜੇ ਤੱਕ ਕੁੱਝ ਵੀ ਸਪੱਸ਼ਟ ਨਹੀਂ ਹੈ।


Related News