ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਦੇ 48 ਹੋਰ ਨਵੇਂ ਮਾਮਲੇ ਆਏ ਸਾਹਮਣੇ
Sunday, Nov 29, 2020 - 11:54 PM (IST)
ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 48 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਪ੍ਰਾਪਤ 1685 ਦੇ ਕਰੀਬ ਰਿਪੋਰਟਾਂ ’ਚੋਂ 48 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਸ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ 14566 ਹੋ ਗਈ ਹੈ। ਜ਼ਿਲ੍ਹੇ ਦੇ 45 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ, ਜਿਸ ਨਾਲ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 13560 ਹੋ ਗਈ ਹੈ। ਅੱਜ ਜ਼ਿਲ੍ਹੇ ’ਚ 1 ਮਰੀਜ਼ ਦੀ ਮੌਤ ਹੋਣ ਕਾਰਣ ਕੁੱਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 426 ਹੋ ਗਈ ਹੈ। ਜ਼ਿਲ੍ਹੇ ’ਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 580 ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਮਿਲੇ 48 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 34, ਨਾਭਾ ਤੋਂ 3, ਰਾਜਪੁਰਾ ਤੋਂ 7, ਬਲਾਕ ਭਾਦਸੋਂ ਤੋਂ 1, ਕਾਲੋਮਾਜਰਾ ਤੋਂ 1, ਹਰਪਾਲਪੁਰ ਤੋਂ 1 ਅਤੇ ਸ਼ੁੱਤਰਾਣਾ ਤੋਂ 1 ਕੇਸ ਰਿਪੋਰਟ ਹੋਇਆ ਹੈ। ਇਨ੍ਹਾਂ ’ਚੋਂ 5 ਪਾਜ਼ੇਟਿਵ ਕੇਸਾਂ ਦੇ ਸੰਪਰਕ ਅਤੇ 43 ਮਰੀਜ਼ ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਸ਼ਾਮਿਲ ਹਨ।
ਵਿਸਥਾਰ ’ਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ਼-2, ਡੀ. ਐੱਮ. ਡਬਲਿਯੂ, ਰਾਘੋਮਾਜਰਾ, ਹੇਮ ਬਾਗ, ਪ੍ਰੇਮ ਨਗਰ, ਛੋਟੀ ਬਾਰਾਂਦਰੀ, ਮਿਹਰ ਸਿੰਘ ਕਾਲੋਨੀ, ਨਿਹਾਲ ਬਾਗ, ਨਿਊ ਆਫੀਸਰ ਕਾਲੋਨੀ, ਤ੍ਰਿਵੈਨੀ ਚੌਕ, ਅਜੀਤ ਨਗਰ, ਨਿਊ ਫਰੈਂਡਜ਼ ਐਨਕਲੇਵ, ਰਤਨ ਨਗਰ, ਲਾਹੋਰੀ ਗੇਟ, ਅਮਨ ਨਗਰ, ਪ੍ਰਤਾਪ ਨਗਰ, ਗੁਰੂ ਨਾਨਕ ਨਗਰ, ਗਰਿਡ ਕਾਲੋਨੀ, ਵਿਕਾਸ ਕਾਲੋਨੀ, ਰਣਜੀਤ ਵਿਹਾਰ, ਵਿਕਾਸ ਕਾਲੋਨੀ, ਨਾਰਥ ਐਵੀਨਿਊ, ਨਾਭਾ ਤੋਂ ਡਿਫੈਂਸ ਕਾਲੋਨੀ, ਰਾਜਪੁਰਾ ਤੋਂ ਪੰਜਾਬੀ ਕਾਲੋਨੀ, ਰਾਜਪੁਰਾ ਟਾਊਨ, ਆਦਰਸ਼ ਨਗਰ, ਦਸ਼ਮੇਸ਼ ਨਗਰ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।
ਭਰਮ-ਭੁਲੇਖੇ ਦੂਰ ਕਰਨ ਲਈ ਜਾਗਰੂਕਤਾ ਵੈਨ ਰਵਾਨਾ
ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਿਹਤ ਖੇਤਰ ’ਚ ਸੁਧਾਰ ਕਰਨ ਲਈ ਲਗਾਤਾਰ ਯਤਨ ਜਾਰੀ ਹਨ। ਇਸੇ ਲਡ਼ੀ ਤਹਿਤ ਜ਼ਿਲੇ ਦੇ ਲੋਕਾਂ ਨੂੰ ਕੋਵਿਡ ਦੇ ਲੱਛਣਾਂ, ਬਚਾਅ ਪ੍ਰਤੀ ਜਾਗਰੂਕ ਕਰਨ ਅਤੇ ਭਰਮ-ਭੁਲੇਖਿਆਂ ਨੂੰ ਦੂਰ ਕਰਨ ਲਈ ਇਕ ਜਾਗਰੂਕਤਾ ਵੈਨ ਵੀ ਭੇਜੀ ਗਈ ਹੈ, ਜੋ ਕਿ ਇਕ ਮਹੀਨੇ ਜ਼ਿਲੇ ’ਚ ਰੁੱਕ ਕੇ ਸ਼ਹਿਰੀ/ਪੇਂਡੂ ਹੋਟ ਸਟੋਪ ਅਤੇ ਜ਼ਿਆਦਾ ਕੋਵਿਡ ਪ੍ਰਭਾਵਿਤ ਇਲਾਕਿਆਂ/ਗਲੀ/ਮੁਹੱਲਿਆਂ ’ਚ ਜਾ ਕੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਜਾਗਰੂਕ ਕਰੇਗੀ। ਇਸ ਦੇ ਨਾਲ ਹੀ ਲੋਡ਼ਵੰਦ ਮਰੀਜ਼ਾਂ ਦੇ ਕੋਵਿਡ ਸੈਂਪਲ ਵੀ ਲਏ ਜਾਣਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਇਸ ਜਾਗਰੂਕਤਾ ਵੈਨ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਜਾਂਚ ਲਈ ਲਏ 585 ਸੈਂਪਲ
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ’ਚ ਅੱਜ 585 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲੇ ’ਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੋਵਿਡ ਜਾਂਚ ਸਬੰਧੀ 2,40,069 ਸੈਂਪਲ ਲਏ ਜਾ ਚੁਕੇ ਹਨ। ਇਨ੍ਹਾਂ ’ਚੋਂ ਜ਼ਿਲਾ ਪਟਿਆਲਾ ਦੇ 14,566 ਕੋਵਿਡ ਪਾਜ਼ੇਟਿਵ, 2,23,853 ਨੈਗੇਟਿਵ ਅਤੇ ਲਗਭਗ 1250 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।