ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟਾਫ ਦੀਆਂ ਚੋਣਾਂ ’ਚ ਡਿਊਟੀਆਂ ਨਾ ਲਗਾਈਆ ਜਾਣ : ਪ੍ਰੋ. ਬਡੂੰਗਰ
Monday, Apr 22, 2019 - 04:44 AM (IST)
![ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟਾਫ ਦੀਆਂ ਚੋਣਾਂ ’ਚ ਡਿਊਟੀਆਂ ਨਾ ਲਗਾਈਆ ਜਾਣ : ਪ੍ਰੋ. ਬਡੂੰਗਰ](https://static.jagbani.com/multimedia/04_44_02305123821fgsjagdevbhudger2.jpg)
ਫਤਿਹਗੜ੍ਹ ਸਾਹਿਬ (ਜਗਦੇਵ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟਾਫ ਦੀਆਂ ਡਿਊਟੀਆਂ ਨਾ ਲਗਾਈਆਂ ਜਾਣ, ਕਿਉਂਕਿ ਇਹ ਇਕ ਆਟੋਨੋਮਸ ਸੰਸਥਾ ਹੈ ਤੇ ਅਜਿਹਾ ਹੋਣ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪਡ਼੍ਹਾਈ ਦਾ ਵੱਡਾ ਨੁਕਸਾਨ ਹੋਵੇਗਾ ਜਦਕਿ ਇਮਤਿਹਾਨ ਦੇ ਦਿਨ ਵੀ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਸੰਵਿਧਾਨ ਨੂੰ ਦਰਸਾਉਂਦੇ ਕੈਲੰਡਰ ’ਚ ਵੀ ਇਹ ਸਪੱਸ਼ਟ ਲਿਖਿਆ ਹੋਇਆ ਹੈ ਕਿ ਕੋਈ ਅਧਿਆਪਕ ਜੋ ਸੰਸਦ/ਰਾਜ ਵਿਧਾਨ ਮੰਡਲ/ਕਿਸੇ ਸਥਾਨਕ ਬੋਡੀ ਦੀ ਚੋਡ਼ ਲਡ਼ਨਾ ਚਾਹੁੰਦਾ ਹੋਵੇ ਉਹ ਯੂਨੀਵਰਸਿਟੀ ਦੀ ਸਿੰਡੀਕੇਟ ਤੋਂ ਆਗਿਆ ਲੈ ਕੇ ਅਜਿਹੀ ਚੋਣ ਲਡ਼ ਸਕਦਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਯੂਨੀਵਰਸਿਟੀ ਦੇ 100 ਦੇ ਲੱਗਭਗ ਪ੍ਰੋਫੈਸਰ ਸਾਹਿਬਾਨ ਨੇ ਚੋਣਾਂ ਲਡ਼ਨ ਦੀ ਇੱਛਾ ਪ੍ਰਗਟਾਈ ਹੈ, ਜਿਨ੍ਹਾਂ ’ਚੋਂ ਕਈਆਂ ਨੂੰ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਆਗਿਆ ਦੇ ਦਿੱਤੀ ਗਈ ਹੈ ਤੇ ਹੋਰ ਕਈਆਂ ਨੂੰ ਅਗਲੇ ਦਿਨਾਂ ’ਚ ਮਿਲ ਵੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ’ਚ ਯੂਨੀਵਰਸਿਟੀ ਦੇ ਅਧਿਆਪਕ ਸਾਹਿਬਾਨ ਕਿਵੇਂ ਚੋਣ ਡਿਊਟੀ ਕਰ ਸਕਣਗੇ, ਦੂਸਰਾ ਜੇਕਰ ਯੂਨੀਵਰਸਿਟੀ ਦੇ ਸਟਾਫ ਦੀ ਡਿਊਟੀ ਲਗਾਈ ਵੀ ਜਾਂਦੀ ਹੈ ਤਾਂ ਜਿੱਥੇ ਯੂਨੀਵਰਸਿਟੀ ’ਚ ਵਿਦਿਆਰਥੀਆਂ ਦੀ ਪਡ਼੍ਹਾਈ ਦਾ ਕੰਮ ਪ੍ਰਭਾਵਿਤ ਹੋਵੇਗਾ, ਉਥੇ ਇਹ ਯੂਨੀਵਰਸਿਟੀ ਕੈਲੰਡਰ ਦੇ ਮਿਲੇ ਅਧਿਕਾਰਾਂ ਦੀ ਉਲੰਘਣਾ ਵੀ ਹੋਵੇਗੀ ਜੋ ਕਿਸੇ ਵੀ ਹਾਲਤ ’ਚ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਜ਼ਿਲਾ ਚੋਣ ਕਮਿਸ਼ਨ ਵਲੋਂ ਪਹਿਲੀ ਵਾਰ ਹੀ ਅਮਲ ’ਚ ਲਿਆਂਦਾ ਜਾ ਰਿਹਾ ਹੈ, ਜਦਕਿ ਪਹਿਲਾਂ ਅਜਿਹੀਆਂ ਕਈ ਚੋਣਾਂ ਨੇਪਰੇ ਚਡ਼੍ਹੀਆਂ, ’ਚ ਆਟੋਨੋਮਸ ਦਾ ਦਰਜਾ ਪ੍ਰਾਪਤ ਯੂਨੀਵਰਸਿਟੀ ਪਟਿਆਲਾ ’ਚੋਂ ਕਿਸੇ ਵੀ ਮੁਲਾਜ਼ਮ ਦੀ ਕੋਈ ਚੋਣ ਡਿਊਟੀ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਇਸੇ ਸੰਦਰਭ ’ਚ ਵੱਖੋ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਮੁੱਖ ਚੋਣ ਕਮਿਸ਼ਨ ਭਾਰਤ ਨਾਲ ਵੀ ਰਾਬਤਾ ਕਾਇਮ ਕਰ ਕੇ ਅਪੀਲ ਕੀਤੀ ਹੈ ਕਿ ਯੂਨੀਵਰਸਿਟੀ ਅਧਿਆਪਕਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ।