ਹਸਪਤਾਲ ਦੀ ਬੱਤੀ ਗੁੱਲ ਹੋਣ ਦੇ ਮਾਮਲੇ ਦਾ ਸਿਹਤ ਮੰਤਰੀ ਨੇ ਲਿਆ ਨੋਟਿਸ, ਜਾਂਚ ਦੇ ਹੁਕਮ ਕੀਤੇ ਜਾਰੀ

Sunday, Jan 26, 2025 - 04:42 AM (IST)

ਹਸਪਤਾਲ ਦੀ ਬੱਤੀ ਗੁੱਲ ਹੋਣ ਦੇ ਮਾਮਲੇ ਦਾ ਸਿਹਤ ਮੰਤਰੀ ਨੇ ਲਿਆ ਨੋਟਿਸ, ਜਾਂਚ ਦੇ ਹੁਕਮ ਕੀਤੇ ਜਾਰੀ

ਪਟਿਆਲਾ (ਰਾਜੇਸ਼ ਪੰਜੌਲਾ, ਮਨਦੀਪ ਜੋਸਨ, ਪਰਮੀਤ)- ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਬੀਤੇ ਦਿਨ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਪ੍ਰੇਸ਼ਨ ਥਿਏਟਰ ’ਚ ਅਚਾਨਕ ਬਿਜਲੀ ਬੰਦ ਹੋਣ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਡਾ. ਬਲਬੀਰ ਸਿੰਘ ਨੇ ਰਾਜਿੰਦਰਾ ਹਸਪਤਾਲ ਦੇ ਬਿਜਲੀ 66 ਕੇ.ਵੀ. ਸਬ ਸਟੇਸ਼ਨ ਦਾ ਦੌਰਾ ਕਰ ਕੇ ਜਾਇਜ਼ਾ ਲਿਆ। ਇਸ ਮਗਰੋਂ ਉਨ੍ਹਾਂ ਨੇ ਬਿਜਲੀ ਨਿਗਮ ਦੇ ਡਾਇਰੈਕਟਰ ਵੰਡ, ਚੀਫ਼ ਇੰਜੀਨੀਅਰ ਸਮੇਤ ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿੰਗ ਦੇ ਚੀਫ਼ ਇੰਜੀਨੀਅਰ ਤੇ ਹੋਰ ਇੰਜੀਨੀਅਰਾਂ ਨਾਲ ਹੰਗਾਮੀ ਬੈਠਕ ਕਰ ਕੇ ਸਾਰੇ ਪੱਖਾਂ ਨੂੰ ਗਹੁ ਨਾਲ ਵਾਚਿਆ।

ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਿਸੇ ਦੀ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੁਝ ਸਮਾਂ ਬਿਜਲੀ ਜਾਣ ਦੀ ਡੂੰਘਾਈ ਨਾਲ ਜਾਂਚ ਕਾਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਸਮੇਤ ਲੋਕ ਨਿਰਮਾਣ ਦੇ ਬਿਜਲੀ ਵਿੰਗ ਦੇ ਹਸਪਤਾਲ ਦੀ ਸਪਲਾਈ ਲਈ ਪ੍ਰਬੰਧਾਂ ਦਾ ਆਡਿਟ ਕੀਤਾ ਜਾ ਰਿਹਾ ਹੈ ਤੇ ਕਿਸੇ ਦੀ ਵੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਖ਼ਤ ਹਦਾਇਤ ਕੀਤੀ ਕਿ ਯੂ.ਪੀ.ਐੱਸ., ਜਨਰੇਟਰ ਸੈੱਟ ਤੇ ਬਿਜਲੀ ਲਾਈਨ ਬਦਲਣ ਦੇ ਪ੍ਰਬੰਧਾਂ ’ਚ ਕੋਈ ਕਮੀ ਨਾ ਰਹੇ, ਆਰ.ਐੱਮ.ਯੂ. ਵੀ ਤੁਰੰਤ ਲਗਾਇਆ ਜਾਵੇ।

PunjabKesari

ਇਹ ਵੀ ਪੜ੍ਹੋ- ਪੰਜਾਬ ਦੇ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ, ਕੈਂਪਸ ਮੈਨੇਜਰ ਬਰਖ਼ਾਸਤ

 

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇਹ ਸਪੱਸ਼ਟ ਆਦੇਸ਼ ਹਨ ਕਿ ਸੂਬਾ ਨਿਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਨੂੰ ਕਾਰਪੋਰੇਟ ਹਸਪਤਾਲਾਂ ਤੋਂ ਬਿਹਤਰ ਵਿਕਸਤ ਕਰਦੇ ਹੋਏ ਪੀ.ਜੀ.ਆਈ. ਦੀ ਤਰਜ ’ਤੇ ਪੋਸਟ ਗ੍ਰੈਜੂਏਟ ਟ੍ਰੇਨਿੰਗ ਇੰਸਟੀਚਿਊਟ ਬਣਾਇਆ ਜਾ ਰਿਹਾ ਹੈ।

ਡਾਕਟਰ ਮਰੀਜ਼ਾਂ ਦੇ ਇਲਾਜ ਸਮੇਂ ਸ਼ਾਂਤ ਰਹਿ ਕੇ ਸਹਿਣਸ਼ੀਲਤਾ ਤੋਂ ਕੰਮ ਲੈਣ
ਮੈਡੀਕਲ ਸਿੱਖਿਆ ਮੰਤਰੀ ਨੇ ਕਿਹਾ ਕਿ ਆਪ੍ਰੇਸ਼ਨ ਦੌਰਾਨ ਬਿਜਲੀ ਜਾਣ ਦੇ ਬਾਵਜੂਦ ਵੀ ਮਰੀਜ਼ ਦਾ ਇਲਾਜ ਕਰਦੇ ਰਹੇ ਡਾਕਟਰ ਸ਼ਲਾਘਾ ਦੇ ਪਾਤਰ ਹਨ ਪ੍ਰੰਤੂ ਜਿਸ ਨੇ ਘਬਰਾਹਟ ’ਚ ਆ ਕੇ ਸਮਾਂ ਸੰਭਾਲਣ ਦੀ ਥਾਂ ਵੀਡੀਓ ਬਣਾਈ, ਅਜਿਹੇ ਡਾਕਟਰ ਦੀ ਸ਼ਲਾਘਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਡਾਕਟਰਾਂ ਨੂੰ ਸਲਾਹ ਦਿੱਤੀ ਕਿ ਉਹ ਮਰੀਜ਼ਾਂ ਦੇ ਇਲਾਜ ਦੌਰਾਨ ਸ਼ਾਂਤ ਰਹਿ ਕੇ ਸਹਿਣਸ਼ੀਲਤਾ ਤੇ ਧੀਰਜ ਨਾਲ ਕੰਮ ਕਰਨ।

ਮਰੀਜ਼ ਨੂੰ ਮਿਲ ਕੇ ਜਾਣਿਆ ਹਾਲ-ਚਾਲ
ਇਸ ਦੌਰਾਨ ਸਿਹਤ ਮੰਤਰੀ ਨੇ ਹਸਪਤਾਲ ਦੀ ਓਨਕੋਲੋਜੀ ਸਰਜਰੀ ਵਾਰਡ ’ਚ ਦਾਖਲ ਬਜ਼ੁਰਗ ਮਹਿਲਾ ਮਰੀਜ਼ ਨਾਲ ਵੀ ਮੁਲਾਕਾਤ ਕੀਤੀ ਤੇ ਉਸ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਨੇ ਮਰੀਜ਼ ਦੇ ਵਾਰਿਸਾਂ ਤੇ ਸਰਜਨ ਡਾ. ਅਨੁਭਾ ਨਾਲ ਵੀ ਗੱਲਬਾਤ ਕੀਤੀ ਤੇ ਮਰੀਜ਼ ਦੇ ਇਲਾਜ ਉਪਰ ਸਤੁੰਸ਼ਟੀ ਦਾ ਇਜ਼ਹਾਰ ਕੀਤਾ।

ਇਹ ਵੀ ਪੜ੍ਹੋ- ਗਾਹਕਾਂ ਲਈ ਖ਼ੁਸ਼ਖ਼ਬਰੀ ! Amul ਤੋਂ ਬਾਅਦ Verka ਨੇ ਵੀ ਘਟਾਈਆਂ ਦੁੱਧ ਦੀਆਂ ਕੀਮਤਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News