ਹਰਿਦੁਆਰ ਤੋਂ ਅੰਮ੍ਰਿਤਸਰ ਆ ਰਹੀ ਵੈਨ ’ਚੋਂ 8.50 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਬਰਾਮਦ

Monday, Apr 01, 2019 - 04:43 AM (IST)

ਹਰਿਦੁਆਰ ਤੋਂ ਅੰਮ੍ਰਿਤਸਰ ਆ ਰਹੀ ਵੈਨ ’ਚੋਂ 8.50 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਬਰਾਮਦ
ਫਤਿਹਗੜ੍ਹ ਸਾਹਿਬ (ਜੱਜੀ, ਜਗਦੇਵ, ਜ.ਬ.)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਣਾਈਆਂ ਗਈਆਂ ਫਲਾਇੰਗ ਸਕੁਐਡ ਟੀਮਾਂ ਤੇ ਜ਼ਿਲਾ ਪੁਲਸ ਵੱਲੋਂ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ’ਤੇ ਸਰਹਿੰਦ ਥਾਣੇ ਨੇਡ਼ੇ ਚੈਕਿੰਗ ਦੌਰਾਨ ਦਿੱਲੀ ਤੋਂ ਆ ਰਹੀ ਇੱਕ ਪ੍ਰਾਈਵੇਟ ਵੈਨ ਵਿਚੋਂ 8.5 ਕਰੋਡ਼ ਦੀ ਕੀਮਤ ਦਾ 25 ਕਿਲੋ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਕੀਮਤ ਲੱਗਭਗ 8.50 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਵੈਨ ਵਿਚ ਪ੍ਰਾਈਵੇਟ ਕੰਪਨੀ ਦੇ ਦੋ ਸੁਰੱਖਿਆ ਗਾਰਡ, ਇਕ ਡਰਾਈਵਰ ਤੇ ਇਕ ਕੈਸ਼ੀਅਰ ਸਵਾਰ ਸਨ। ਇਸ ਸਬੰਧੀ ਆਮਦਨ ਤੇ ਕਰ ਵਿਭਾਗ ਨੂੰ ਸੂਚਿਤ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਪ੍ਰਸ਼ਾਂਤ ਕੁਮਾਰ ਗੋਇਲ ਤੇ ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸ਼ਾਂਤ ਕੁਮਾਰ ਗੋਇਲ ਤੇ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਪੂਰੀ ਮੁਸ਼ਤੈਦੀ ਨਾਲ ਕਾਰਜਸ਼ੀਲ ਹਨ। ਇਸੇ ਤਹਿਤ ਐੱਸ. ਪੀ. (ਜਾਂਚ) ਹਰਪਾਲ ਸਿੰਘ ਅਤੇ ਐੱਸ. ਪੀ. (ਹੈੱਡਕੁਆਰਟਰ) ਨਵਨੀਤ ਸਿੰਘ ਬੈਂਸ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦੇ ਹੋਏ ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ ਦੀ ਨਿਗਰਾਨੀ ਹੇਠ ਮੁੱਖ ਥਾਣਾ ਅਫਸਰ ਸਰਹਿੰਦ ਇੰਸਪੈਕਟਰ ਰਜਨੀਸ਼ ਕੁਮਾਰ ਸਮੇਤ ਪੁਲਸ ਪਾਰਟੀ ਅਤੇ ਏ. ਡੀ. ਓ. ਦਮਨ ਝਾਂਜੀ ਅਤੇ ਏ. ਈ. ਵਾਟਰ ਸਪਲਾਈ ਪ੍ਰਵੀਨ ਸਿੰਘ ਦੀਆਂ ਫਲਾਇੰਗ ਸਕੁਐਡ ਟੀਮਾਂ ਵੱਲੋਂ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ’ਤੇ ਥਾਣਾ ਸਰਹਿੰਦ ਨੇਡ਼ੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਰਾਜਪੁਰਾ ਵਾਲੇ ਪਾਸਿਓਂ ਟਾਟਾ 407 ਨੰਬਰ ਡੀ ਐੱਲ 01 ਐੱਲ ਆਰ 5747 ਨੂੰ ਰੋਕ ਕੇ ਚੈਕਿੰਗ ਕਰਨ ’ਤੇ 8.5 ਕਰੋਡ਼ ਰੁਪਏ ਦੀ ਕੀਮਤ ਦਾ 25 ਕਿਲੋ ਸੋਨਾ ਬਰਾਮਦ ਕੀਤਾ ਗਿਆ। ਇਸ ਗੱਡੀ ਵਿਚ 4 ਵਿਅਕਤੀ ਸਵਾਰ ਸਨ। ਜਿਨ੍ਹਾਂ ਵਿਚ ਇਕ ਡਰਾਈਵਰ, ਦੋ ਸੁਰੱਖਿਆ ਗਾਰਡ ਤੇ ਇਕ ਹੋਰ ਵਿਅਕਤੀ ਸਵਾਰ ਸੀ, ਜਿਸ ਨੇ ਆਪਣੀ ਪਛਾਣ ਜੈਪ੍ਰਕਾਸ਼ ਕੈਸ਼ੀਅਰ ਬਰਿੰਕਸ ਇੰਡੀਆ ਪ੍ਰਾਈਵੇਟ ਲਿਮਟਿਡ ਟਰਾਂਸਪੋਰਟ ਕੰਪਨੀ ਦਿੱਲੀ ਵਜੋਂ ਦੱਸੀ। ਗੱਡੀ ਸਵਾਰਾਂ ਕੋਲੋਂ ਬਰਾਮਦ ਬਿੱਲ ਮੁਤਾਬਕ ਇਨ੍ਹਾਂ ਨੇ ਇਹ ਸੋਨਾ ਹਰਿਦੁਆਰ (ਉੱਤਰਾਖੰਡ) ਤੋਂ ਅੰਮ੍ਰਿਤਸਰ ਲੈ ਕੇ ਜਾਣਾ ਸੀ ਪਰ ਕੈਸ਼ੀਅਰ ਜੈ ਪ੍ਰਕਾਸ਼ ਦੇ ਬਿਆਨ ਮੁਤਾਬਿਕ ਇਹ ਡਲਿਵਰੀ ਮੈਸਰਜ਼ ਰਾਮ ਲਾਲ/ਕੀਮਤ ਰਾਏ ਜਿਊਲਰਜ਼ ਸਮਿਟਰੀ ਚੌਕ ਲੁਧਿਆਣਾ ਵਿਖੇ ਕਰਨੀ ਸੀ। ਬਿੱਲ ਉੱਤੇ ਗੱਡੀ ਦਾ ਨੰਬਰ ਡੀ ਐੱਲ 01ਐੱਲ ਆਰ 7167 ਲਿਖਿਆ ਸੀ ਜਦਕਿ ਜਿਹਡ਼ੀ ਗੱਡੀ ਵਿਚ ਇਹ ਸੋਨਾ ਲਿਜਾਇਆ ਜਾ ਰਿਹਾ ਸੀ। ਉਸਦਾ ਨੰਬਰ ਡੀ ਐੱਲ 01 ਐਲ ਆਰ 5747 ਹੈ। ਇਸ ਸਾਰੇ ਮਾਮਲੇ ਸਬੰਧੀ ਆਮਦਨ ਤੇ ਕਰ ਵਿਭਾਗ ਨੂੂੰ ਸੂਚਿਤ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related News