ਲੋਕ ਸਭਾ ਚੋਣਾਂ ’ਚ ਨਵੇਂ ਚਿਹਰਿਆਂ ਨੂੰ ਅਣਡਿੱਠ ਕਰਨ ਨੇ ਆਮ ਲੋਕਾਂ ਨੂੰ ਕੀਤਾ ਮਾਯੂਸ

Monday, Apr 01, 2019 - 04:42 AM (IST)

ਲੋਕ ਸਭਾ ਚੋਣਾਂ ’ਚ ਨਵੇਂ ਚਿਹਰਿਆਂ ਨੂੰ ਅਣਡਿੱਠ ਕਰਨ ਨੇ ਆਮ ਲੋਕਾਂ ਨੂੰ ਕੀਤਾ ਮਾਯੂਸ
ਫਤਿਹਗੜ੍ਹ ਸਾਹਿਬ (ਰਾਜਕਮਲ)-ਲੋਕ ਸਭਾ ਚੋਣਾਂ ਨੂੰ ਲੈ ਕੇ ਬੇਸ਼ੱਕ ਸੂਬੇ ਦੀਆਂ ਸਮੁੱਚੀਆਂ ਪਾਰਟੀਆਂ ਵਲੋਂ ਕਮਰ ਕੱਸ ਲਈ ਗਈ ਹੈ ਤੇ ਲੋਕ ਸਭਾ ਚੋਣਾਂ ’ਚ ਫਿਰ ਤੋਂ ਟਿਕਟ ਪ੍ਰਾਪਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਵਲੋਂ ਦਲ ਬਦਲਣ ਦਾ ਸਿਲਸਿਲਾ ਵੀ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਤੇ ਆਪਣੇ ਪੱਧਰ ’ਤੇ ਸਮੁੱਚੀਆਂ ਪਾਰਟੀਆਂ ਵਲੋਂ ਮਿਸ਼ਨ 2019 ਨੂੰ ਫਤਿਹ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਉਸਦੇ ਬਾਵਜੂਦ ਵੀ ਇਨ੍ਹਾਂ ਚੋਣਾਂ ਨੂੰ ਲੈ ਕੇ ਆਮ ਲੋਕਾਂ ’ਚ ਮਾਯੂਸੀ ਪਾਈ ਜਾ ਰਹੀ ਹੈ ਤੇ ਲੋਕਾਂ ਦਾ ਸੂਬੇ ਦੇ ਰਾਜਨੀਤਕ ਲੋਕਾਂ ਤੋਂ ਭਰੋਸਾ ਦਿਨੋਂ-ਦਿਨ ਉਠਦਾ ਜਾ ਰਿਹਾ ਹੈ, ਜਿਸ ਦਾ ਮੁੱਖ ਕਾਰਨ ਜ਼ਿਆਦਾਤਰ ਪਾਰਟੀਆਂ ਵਲੋਂ ਇਨ੍ਹਾਂ ਲੋਕ ਸਭਾ ਚੋਣਾਂ ’ਚ ਨੌਜਵਾਨ ਅਤੇ ਨਵੇਂ ਚਿਹਰਿਆਂ ਨੂੰ ਅਣਡਿੱਠ ਕੀਤੇ ਜਾਣ ਦੇ ਚਰਚਿਆਂ ਤੇ ਸਾਬਕਾ ਮੰਤਰੀਆਂ, ਐੱਮ. ਪੀਜ਼, ਵਿਧਾਇਕਾਂ ਤੇ ਪੈਰਾਸ਼ੂਟ ਉਮੀਦਵਾਰਾਂ ਨੂੰ ਚੋਣ ਲਡ਼ਾਉਣ ਦੀ ਅਹਿਮੀਅਤ ਦੇਣਾ ਹੈ, ਜਿਸ ਨਾਲ ਸੂਬੇ ’ਚ ਜਿੱਥੇ ਫਿਰ ਤੋਂ ਉਥੇ ਲੋਕ ਸੱਤਾ ’ਤੇ ਆਸੀਨ ਹੋਣਗੇ ਜਿਨ੍ਹਾਂ ’ਤੇ ਲੋਕ ਪਿਛਲੇ ਸਮੇਂ ’ਚ ਵੀ ਭਰੋਸਾ ਕਰ ਚੁੱਕੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਇਨ੍ਹਾਂ ਚੋਣਾਂ ’ਚ ਸੂਬੇ ਦੀਆਂ ਵੱਡੀਆਂ ਪਾਰਟੀਆਂ ਵਲੋਂ ਜ਼ਿਆਦਾਤਰ ਲੋਕ ਸਭਾ ਸੀਟਾਂ ’ਤੇ ਆਪਣੇ ਕਰੀਬ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਦਿੱਗਜ਼ ਨੇਤਾਵਾਂ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨੂੰ ਚੋਣ ਮੈਦਾਨ ’ਚ ਉਤਾਰਦਿਆਂ ਸੱਤਾ ਪ੍ਰਪਾਤ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਹਰ ਦਾਅ ਪੇਚ ਖੇਡਦਿਆਂ ਟਿਕਟ ਪ੍ਰਾਪਤ ਕਰਨ ਦਾ ਭਰਪੂਰ ਯਤਨ ਕਰਨ ਦੇ ਜੁਗਾਡ਼ ’ਚ ਗੋਟੀਆਂ ਫਿੱਟ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਜਿੱਥੇ ਨੌਜਵਾਨ ਪਾਰਟੀ ਵਰਕਰਾਂ ਤੇ ਨਵੇਂ ਚਿਹਰਿਆਂ ਦਾ ਮਨੋਬਲ ਦਿਨੋਂ-ਦਿਨ ਡਿੱਗਦਾ ਜਾ ਰਿਹਾ ਹੈ ਅਤੇ ਸੂਬੇ ’ਚ ਨੌਜਵਾਨਾਂ ਦਾ ਰਾਜਨੀਤੀ ਤੋਂ ਮੋਹ ਵੀ ਭੰਗ ਹੁੰਦਾ ਜਾ ਰਿਹਾ ਹੈ। ਉਥੇ ਸੂਬੇ ਦੇ ਲੋਕ ਵੀ ਸੋਚਣ ਨੂੰ ਮਜਬੂਰ ਹੋ ਗਏ ਹਨ ਕਿ ਕੀ ਦੇਸ਼ ਦੇ ਵੱਡੇ ਨੇਤਾਵਾਂ ਦੇ ਬਿਆਨ ਹਵਾ ’ਚ ਹੀ ਸਨ ਤੇ ਸੱਤਾ ’ਤੇ ਕਾਬਜ਼ ਸਿਰਫ਼ ਰਾਜਨੀਤਕ ਲੋਕਾਂ ਦੇ ਚਹੇਤੇ ਹੀ ਰਹਿਣਗੇ ਜਾਂ ਕੋਈ ਹੋਰ ਵਿਅਕਤੀ ਵੀ ਇਸ ਰਾਜਨੀਤੀ ਦੇ ਅਖਾਡ਼ੇ ’ਚ ਦਾਖਲ ਹੋ ਸਕਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਨਵੇਂ ਚਿਹਰਿਆਂ ਨੂੰ ਵੀ ਦੇਣਾ ਚਾਹੀਦੈ ਮੌਕਾ ਸੂਬੇ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਨੂੰ ਹਰੇਕ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ’ਚ ਜ਼ਿਆਦਾ ਤੋਂ ਜ਼ਿਆਦਾ ਪਡ਼੍ਹੇ ਲਿਖੇ ਨਵੇਂ ਤੇ ਨੌਜਵਾਨ ਚਿਹਰਿਆਂ ਨੂੰ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਤਾਂ ਕਿ ਨੌਜਵਾਨ ਆਪਣੇ ਜੋਸ਼ ਨਾਲ ਸੂਬੇ ਨੂੰ ਤਰੱਕੀ ਦੀ ਰਾਹ ’ਤੇ ਲਿਜਾ ਸਕਣ ਅਤੇ ਦੇਸ਼ ਸਹੀ ਦਿਸ਼ਾ ਵੱਲ ਜਾ ਸਕੇ। ਇਸੇ ਤਰ੍ਹਾਂ ਸੂਬੇ ਦੀ ਜਨਤਾ ਨੂੰ ਵੀ ਚਾਹੀਦਾ ਕਿ ਜੇਕਰ ਅਸਲੀਅਤ ’ਚ ਅਸੀਂ ਆਪਣੇ ਸੂਬੇ ਅਤੇ ਖੇਤਰ ਦਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਲੋਕਾਂ ਨੂੰ ਵੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕਿਸੇ ਵੀ ਤਰ੍ਹਾਂ ਦੇ ਬਹਿਕਾਵੇ ’ਚ ਨਾ ਆਉਂਦਿਆਂ ਪਡ਼੍ਹੇ ਲਿਖੇ ਤੇ ਨਵੇਂ ਈਮਾਨਦਾਰ ਚਿਹਰਿਆਂ ਦੀ ਚੋਣ ਕਰਨੀ ਚਾਹੀਦੀ ਜੋ ਸਾਡੇ ਖੇਤਰ ਦੇ ਨਾਲ-ਨਾਲ ਦੇਸ਼ ਦਾ ਭਲਾ ਕਰ ਸਕਣ। ਨਵੇਂ ਤੇ ਪੁਰਾਣੇ ਉਮੀਦਵਾਰਾਂ ਦੀ ਚੋਣ ਦੇ ਮਾਮਲੇ ’ਚ ਇਹ ਦੇਖਣ ’ਚ ਆਇਆ ਹੈ ਕਿ ਜੋ ਵੀ ਨੇਤਾ ਇਕ ਜਾਂ ਦੋ ਵਾਰ ਤੋਂ ਵੱਧ ਸਮੇਂ ਲਈ ਐੱਮ. ਪੀ. ਜਾਂ ਵਿਧਾਇਕ ਬਣ ਜਾਂਦਾ ਹੈ ਤਾਂ ਆਪਣੇ ਖੇਤਰ ’ਚ ਕੰਮ ਕਰਨ ਦੀ ਪਹਿਲ ਘੱਟ ਹੋ ਜਾਂਦੀ ਹੈ ਤੇ ਉਹ ਨੇਤਾ ਆਪਣੀ ਜ਼ਿਆਦਾਤਰ ਜ਼ਿੰਮੇਵਾਰੀ ਆਪਣੇ ਪਰਿਵਾਰਕ ਮੈਂਬਰਾਂ ਤੇ ਪੀ. ਏ. ਆਦਿ ’ਤੇ ਛੱਡ ਖੁਦ ਆਰਾਮ ਦੀ ਜ਼ਿੰਦਗੀ ਜਿਊਣ ਦੀ ਸੋਚ ਰੱਖਦਾ ਹੈ ਜਦੋਂ ਕਿ ਉਸ ਦੇ ਮੁਕਾਬਲੇ ਨਵੇਂ ਚਿਹਰੇ ਜ਼ਿਆਦਾ ਸਮਾਂ ਲੋਕਾਂ ’ਚ ਬਿਤਾਉਣਾ ਚਾਹੁੰਦੇ ਹਨ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਵੀ ਆਪਣਾ ਫਰਜ਼ ਸਮਝਦੇ ਹਨ।

Related News