ਖੁਦਕੁਸ਼ੀ ਨੋਟ ਲਿਖ ਕੇ ਪੁਲਸ ’ਤੇ ਟਾਰਚਰ ਕਰਨ ਦਾ ਦੋਸ਼ ਲਾਉਣ ਵਾਲਾ ਲਾਪਤਾ ਵਿਅਕਤੀ ਕਾਬੂ

Monday, Apr 01, 2019 - 04:13 AM (IST)

ਖੁਦਕੁਸ਼ੀ ਨੋਟ ਲਿਖ ਕੇ ਪੁਲਸ ’ਤੇ ਟਾਰਚਰ ਕਰਨ ਦਾ ਦੋਸ਼ ਲਾਉਣ ਵਾਲਾ ਲਾਪਤਾ ਵਿਅਕਤੀ ਕਾਬੂ
ਪਟਿਆਲਾ (ਦਰਦ)-ਕਰੀਬ 2 ਮਹੀਨੇ ਪਹਿਲਾਂ ਆਪਣੇ ਹੱਥ ਨਾਲ ਖੁਦਕੁਸ਼ੀ ਨੋਟ ਲਿਖ ਕੇ ਲਾਪਤਾ ਹੋਏ ਪ੍ਰਵੀਨ ਕੁਮਾਰ ਨੂੰ ਸਮਾਣਾ ਪੁਲਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ’ਤੇ ਉਸ ਨੂੰ ਟਾਰਚਰ ਕਰਨ ਦਾ ਦੋਸ਼ ਲਾ ਕੇ ਇਕ 35 ਸਾਲਾ ਵਿਅਕਤੀ ਆਪਣੀਆਂ ਚੱਪਲਾਂ, ਸਾਈਕਲ ਅਤੇ ਲਿਖੇ ਖੁਦਕੁਸ਼ੀ ਨੋਟ ਭਾਖਡ਼ਾ ਨਹਿਰ ਕਿਨਾਰੇ ਛੱਡ ਕੇ ਲਾਪਤਾ ਹੋ ਗਿਆ ਸੀ। ਉਸ ਦੇ ਪਰਿਵਾਰ ਵੱਲੋਂ ਉਸ ਦੇ ਭਾਖਡ਼ਾ ਨਹਿਰ ਵਿਚ ਛਾਲ ਮਾਰਨ ਦਾ ਸ਼ੱਕ ਜ਼ਾਹਰ ਕੀਤਾ ਗਿਆ ਸੀ। ਥਾਣਾ ਸਦਰ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮਾਣਾ ਨਿਵਾਸੀ ਇਕ ਵਿਅਕਤੀ ਨੇ ਸਾਈਬਰ ਕ੍ਰਾਈਮ ਬ੍ਰਾਂਚ ਪਟਿਆਲਾ ਵਿਖੇ ਦਰਖਾਸਤ ਰਾਹੀਂ ਪਰਿਵਾਰਕ ਔਰਤ ਨਾਲ ਅਸ਼ਲੀਲ ਗੱਲਾਂ ਕਰਨ ਦਾ ਦੋਸ਼ ਲਾਇਆ ਸੀ। ਇਸ ’ਤੇ ਸਾਈਬਰ ਕ੍ਰਾਈਮ ਬ੍ਰਾਂਚ ਨੇ ਜਾਂਚ ਲਈ ਪ੍ਰਵੀਨ ਕੁਮਾਰ ਨੂੰ ਪਟਿਆਲਾ ਵਿਖੇ ਬੁਲਾਇਆ ਸੀ। ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਵਾਪਸ ਭੇਜ ਦਿੱਤਾ ਸੀ। ਕੁਝ ਦਿਨਾਂ ਬਾਅਦ ਉਸ ਨੂੰ ਇਸ ਮਾਮਲੇ ਸਬੰਧੀ ਫਿਰ ਤੋਂ ਬੁਲਾਇਆ ਸੀ। ਉਸ ਤੋਂ ਬਾਅਦ ਉਹ ਸਾਈਬਰ ਕ੍ਰਾਈਮ ਬ੍ਰਾਂਚ ਦੀ ਜਗ੍ਹਾ ਸਾਈਕਲ ਅਤੇ ਖੁਦਕੁਸ਼ੀ ਨੋਟ ਭਾਖਡ਼ਾ ਨਹਿਰ ਕਿਨਾਰੇ ਛੱਡ ਕੇ ਲਾਪਤਾ ਹੋ ਗਿਆ ਸੀ। ਪੁਲਸ ਉਸ ਦਿਨ ਤੋਂ ਉਸ ਦੀ ਤਲਾਸ਼ ਕਰ ਰਹੀ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਲਾਪਤਾ ਹੋਏ ਪ੍ਰਵੀਨ ਕੁਮਾਰ ਨੂੰ ਮਿਲੀ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਸ਼ਨੀਵਾਰ ਸਥਾਨਕ ਗਾਂਧੀ ਗਰਾਊਂਡ ਤੋਂ ਕਾਬੂ ਕਰ ਲਿਆ ਗਿਆ। ਸਦਰ ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਇਸ ਦੌਰਾਨ ਮਾਲੇਰਕੋਟਲਾ ਤੇ ਲੁਧਿਆਣਾ ਵਿਚ ਰਹਿੰਦਾ ਰਿਹਾ ਹੈ। ਪ੍ਰਵੀਨ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕਰ ਕੇ ਹੋਰ ਪੁੱਛਗਿੱਛ ਲਈ ਪੁਲਸ ਵੱਲੋਂ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਲਾਪਤਾ ਵਿਅਕਤੀ ਪ੍ਰਵੀਨ ਕੁਮਾਰ ਪੁੱਤਰ ਸਵ. ਸੁੱਚਾ ਸਿੰਘ ਵਾਸੀ ਬੰਮਣਾ ਪਤੀ ਸਮਾਣਾ ਦੇ ਭਰਾ ਕਰਮਜੀਤ ਸਿੰਘ ਨੇ ਪੁਲਸ ’ਤੇ ਦੋਸ਼ ਲਾਇਆ ਸੀ ਕਿ ਕਿਸੇ ਮੋਬਾਇਲ ਸਿਮ ਰਾਹੀਂ ਅਸ਼ਲੀਲ ਗੱਲਾਂ ਦਾ ਦੋਸ਼ ਲਾ ਕੇ ਸਿਟੀ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਬੁਰੀ ਤਰ੍ਹਾਂ ਉਸ ਦੀ ਕੁੱਟ-ਮਾਰ ਕੀਤੀ ਸੀ। ਇਸ ਕਾਰਨ ਉਸ ਨੇ ਆਪਣੀ ਜੀਵਨ-ਲੀਲਾ ਸਮਾਪਤ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਪੁਲਸ ’ਤੇ ਕੁੱਟ-ਮਾਰ ਅਤੇ ਧਮਕਾਉਣ ਦੇ ਦੋਸ਼ ਲਾ ਕੇ ਪਹਿਲਾਂ ਭਾਖਡ਼ਾ ਨਹਿਰ ਤੇ ਫਿਰ ਥਾਣਾ ਸਿਟੀ ਮੂਹਰੇ ਧਰਨਾ ਲਾ ਕੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਸੀ।

Related News