ਮਾਮਲਾ ਚੋਣ ਮੈਨੀਫੈਸਟੋ ’ਚ ਖੂਨ-ਦਾਨੀਆਂ ਦੀ ਸੇਵਾ ਨੂੰ ਅੱਖੋਂ ਪਰੋਖੇ ਕਰਨ ਦਾ
Monday, Apr 01, 2019 - 04:13 AM (IST)
ਪਟਿਆਲਾ (ਜ. ਬ.)-ਦੇਸ਼ ਅੰਦਰ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਹਰ ਧਰਮ, ਫਿਰਕੇ ਤੇ ਜਾਤਾਂ ਦੇ ਵੋਟਰਾਂ ਨੂੰ ਭਰਮਾਉਣ ਲਈ ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ। ਬੇਸ਼ਕੀਮਤੀ ਮਨੁੱਖੀ ਜਾਨਾਂ ਬਚਾਉਣ ਵਾਲੇ ਕਰੋਡ਼ਾਂ ਦੀ ਗਿਣਤੀ ਵਾਲੇ ਸਵੈ-ਇਛੁੱਕ ਖੂਨ-ਦਾਨੀਆਂ ਨੂੰ ਸਮੁੱਚੀਆਂ ਪਾਰਟੀਆਂ ਅੱਖੋਂ ਪਰੋਖੇ ਕਰ ਰਹੀਆਂ ਹਨ। ਸੂਬੇ ਪੰਜਾਬ ਅੰਦਰ 4 ਲੱਖ ਤੋਂ ਵੱਧ ਖੂਨ-ਦਾਨੀ, ਕੈਂਪ ਪ੍ਰਬੰਧਕ, ਮੋਟੀਵੇਟਰ ਤੇ ਸਹਿਯੋਗੀ ਸੱਜਣ ਸੇਵਾ ਦੇ ਖੇਤਰ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਸਿਆਸੀ ਆਗੂ ਇਸ ਸੇਵਾ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਹ ਪ੍ਰਗਟਾਵਾ ‘ਮਿਸ਼ਨ ਲਾਲੀ ਤੇ ਹਰਿਆਲੀ’ ਦੇ ਮੋਢੀ, ‘ਰਾਸ਼ਟਰੀ ਸੇਵਾ ਰਤਨ ਐਵਾਰਡ’ ਨਾਲ ਸਨਮਾਨਤ ਅਤੇ ਹਿਊਮਨ ਵੈੈੱਲਫੇਅਰ ਫਾਊਂਡੇਸ਼ਨ ਦੇ ਚੇਅਰਮੈਨ ਹਰਦੀਪ ਸਿੰਘ ਸਨੌਰ ਨੇ ਜਾਰੀ ਪ੍ਰੈੈੱਸ ਬਿਆਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਬਚਾਉਣ ਵਾਲੇ ਮਹਾਨ ਵਾਲੰਟੀਅਰਾਂ ਲਈ ‘ਬਲੱਡ ਪਾਲਿਸੀ’ ਬਣਾਉਣੀ ਜ਼ਰੂਰੀ ਹੈ ਤਾਂ ਕਿ ਜੀਵਨ ਰੱਖਿਅਕ ਦਵਾਈ ‘ਖੂਨ’ ਦਾਨ ਕਰਨ ਵਾਲੇ ਵਾਲੰਟੀਅਰ ਭਵਿੱਖ ਵਿਚ ਵੀ ਇਹ ਸੇਵਾ ਫਖਰ ਨਾਲ ਲਗਾਤਾਰ ਜਾਰੀ ਰੱਖਣ। ਚੇਅਰਮੈਨ ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਦਾਖਲ ਸਾਰੇ ਹੀ ਮਰੀਜ਼ਾਂ ਲਈ ਸਰਕਾਰੀ ਬਲੱਡ ਬੈਂਕ ’ਚੋਂ ਜਾਰੀ ਹੁੰਦੇ ਬਲੱਡ ਦੇ ਟੈਸਟਾਂ ਦੀ ਫੀਸ ਮੁਆਫ ਹੋ ਜਾਣ ਕਾਰਨ ‘ਬਲੱਡ ਪਾਲਿਸੀ’ ਦੇ ਪਹਿਲੇ ਪੜਾਅ ਦੀ ਸਫਲਤਾ ਮਿਲ ਗਈ ਹੈ। ਹੁਣ ਅਗਲੇ ਪੜਾਅ ਵਿਚ ਖੂਨ-ਦਾਨ ਕੈਂਪ ਲਾਉਣ ਲਈ ਜ਼ਿਲਾ ਪੱਧਰੀ ਮੋਬਾਇਲ ਬੱਸਾਂ ਅਤੇ ਬਹੁ-ਮੰਤਵੀ ਖੂਨ-ਦਾਨ ਭਵਨ, ਖੂਨ-ਦਾਨੀਆਂ ਦੀ ਭਲਾਈ ਸਬੰਧੀ ਬੋਰਡ, ਖੂਨ-ਦਾਨੀਆਂ ਨੂੰ ਵਿਦਿਅਕ ਅਦਾਰਿਆਂ ਵਿਚ ਦਾਖਲੇ, ਨੌਕਰੀਆਂ ਅਤੇ ਤਰੱਕੀਆਂ ਵਿਚ ਪਹਿਲ, ਤਹਿਸੀਲ ਪੱਧਰ ’ਤੇ ਮੋਟੀਵੇਟਰ ਨਿਯੁਕਤ ਕਰਨਾ, ਖੇਡਾਂ ਵਿਚ ਮੱਲਾਂ ਮਾਰਨ ਵਾਂਗ ਜ਼ਿਲਾ ਤੇ ਸੂਬਾ ਪੱਧਰ ’ਤੇ ਨਕਦ ਇਨਾਮ ਅਤੇ ਸਰਕਾਰੀ ਨੌਕਰੀਆਂ ਦੇਣ ਦਾ ਪ੍ਰਬੰਧ ਕਰਨਾ, ਹਰ ਵਿਦਿਆਰਥੀ, ਮੁਲਾਜ਼ਮ ਅਤੇ ਆਮ ਨਾਗਰਿਕ ਦਾ ਖੂਨ ਗਰੁੱਪ ਮੁਫਤ ਚੈੈੱਕ ਕਰਨਾ, ਸਰਕਾਰੀ ਅਦਾਰਿਆਂ ਵਿਚ ਵਾਹਨਾਂ ਦੀ ਪਾਰਕਿੰਗ ਫੀਸ-ਟੋਲ ਪਰਚੀ ਤੋਂ ਛੋਟ ਅਤੇ ਰੇਲ-ਬੱਸ ਸਫਰ ਵਿਚ ਰਿਆਇਤ, ਮੁਫਤ ਇਲਾਜ ਅਤੇ ਮੁਫਤ ਬੀਮਾ ਕਵਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੂਨ-ਦਾਨੀਆਂ ਦੇ ਇੰਨੇ ਵੱਡੇ ਕੇਡਰ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਚੋਣ ਮੈਨੀਫੈਸਟੋ ਵਿਚ ਇਹ ਮੁੱਦਾ ਸ਼ਾਮਲ ਕਰਨ ਦੀ ਵੱਡੀ ਲੋਡ਼ ਹੈ।
