ਸਿਰਫ 2 ਦਿਨ ਮਿਲਣਗੇ ਧੁੱਪ ਦੇ ਨਜ਼ਾਰੇ, ਫਿਰ ਹਫਤਾ ਭਰ ਰਹੇਗੀ ਬੱਦਲਵਾਈ

Saturday, Jan 19, 2019 - 09:48 AM (IST)

ਸਿਰਫ 2 ਦਿਨ ਮਿਲਣਗੇ ਧੁੱਪ ਦੇ ਨਜ਼ਾਰੇ, ਫਿਰ ਹਫਤਾ ਭਰ ਰਹੇਗੀ ਬੱਦਲਵਾਈ
ਪਟਿਆਲਾ (ਜੋਸਨ)-ਆਉਣ ਵਾਲੀ 19 ਤੇ 20 ਜਨਵਰੀ ਨੂੰ ਸਿਰਫ 2 ਦਿਨ ਹੀ ਧੁੱਪ ਦੇ ਨਜ਼ਾਰੇ ਮਿਲਣ ਦੀ ਸੰਭਾਵਨਾ ਹੈ। 21 ਜਨਵਰੀ ਤੋਂ ਹਫਤੇ ਭਰ ਲਈ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ 21, 22 ਅਤੇ 23 ਜਨਵਰੀ ਨੂੰ ਹਲਕੀ ਅਤੇ ਭਾਰੀ ਬਾਰਸ਼ ਦੀ ਸੰਭਾਵਨਾ ਹੈ। ਇਸ ਦੌਰਾਨ ਬੱਦਲਵਾਈ ਕਿਤੇ-ਕਿਤੇ ਬਾਰਸ਼ ਰਹੇਗੀ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਨ੍ਹਾਂ ਦਿਨਾਂ ਵਿਚ ਸੀਤ ਲਹਿਰ ਵੀ ਜ਼ੋਰਾਂ ’ਤੇ ਰਹੇਗੀ। ® ਸਾਫ ਮੌਸਮ ਦੇਖਣ ਲਈ ਪੂਰਾ ਹਫਤਾ ਉਡੀਕ ਕਰਨੀ ਪੈ ਸਕਦੀ ਹੈ। ਸੀਤ ਲਹਿਰ ਪਿਛਲੇ ਕਈ ਦਿਨਾਂ ਤੋਂ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ। ਇਸ ਤੋਂ ਖਹਿਡ਼ਾ ਛੁਡਾਉਣ ਲਈ ਕਰੀਬ 10 ਦਿਨ ਅਜੇ ਹੋਰ ਉਡੀਕ ਕਰਨੀ ਪਏਗੀ। ਕਈ ਇਲਾਕਿਆਂ ਵਿਚ ਦਿਨ ਵੇਲੇ ਧੁੱਪ ਦੇ ਬਾਵਜੂਦ ਸੀਤ ਲਹਿਰ ਨਾਲ ਠੰਡੀਆਂ ਹਵਾਵਾਂ ਜਾਰੀ ਹਨ। ਜਿਨ੍ਹਾਂ ਇਲਾਕਿਆਂ ਵਿਚ ਸੰਘਣੀ ਧੁੰਦ ਨੇ ਜ਼ਿੰਦਗੀ ਦੀ ਰਫਤਾਰ ਮੱਠੀ ਕਰ ਦਿੱਤੀ ਹੈ, ਉਥੇ ਸਵੇਰੇ-ਸਵੇਰੇ ਘਰਾਂ ’ਚੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਇੱਥੋਂ ਤੱਕ ਕਿ ਮੁੱਖ ਮਾਰਗਾਂ ’ਤੇ ਆਵਾਜਾਈ ਦੇ ਸਾਧਨਾਂ ਦੀ ਰਫਤਾਰ ਘੱਟ ਕਰਨੀ ਪੈ ਰਹੀ ਹੈ। ® ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੋ ਜਾਂਦੀ ਹੈ। ਲੋਕ ਆਪੋ-ਆਪਣੇ ਘਰਾਂ ਵਿਚ ਕੈਦ ਹੋ ਕੇ ਹੀ ਰਹਿ ਜਾਂਦੇ ਹਨ। ਬਾਹਰਲੇ ਇਲਾਕਿਆਂ ਵਿਚ ਤਾਂ ਧੁੱਪ ਵੀ ਨਹੀਂ ਨਿਕਲਦੀ। ਲੋਕ ਅੱਗ ਸੇਕ ਕੇ ਸਮਾ ਲੰਘਾਉਂਦੇ ਹਨ। ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਕੁਝ ਸਮਾਂ ਧੁੱਪ ਨਿਕਲਣ ਨਾਲ ਸੀਤ ਲਹਿਰ ਤੋਂ ਨਿਜਾਤ ਜ਼ਰੂਰ ਮਿਲ ਜਾਂਦੀ ਹੈ। ਸੰਘਣੀ ਧੁੰਦ ਕਾਰਨ ਰੇਹਡ਼ੀ-ਫੜ੍ਹੀ, ਰਿਕਸ਼ਾ ਰੇਹਡ਼ੀ ਅਤੇ ਨਿੱਤ ਦਿਹਾਡ਼ੀ ਕਰ ਕੇ ਆਪਣਾ ਪਰਿਵਾਰ ਪਾਲਣ ਵਾਲੇ ਵਿਅਕਤੀ ਲਈ ਹੋਰ ਵੀ ਮੁਸ਼ਕਲ ਹੈ। ਕੋਈ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਨਿਕਲਿਆ ਜਾ ਰਿਹਾ ਹੈ। ਅੱਜ ਸ਼ਾਹੀ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧ ਤੋਂ ਵੱਧ 18 ਡਿਗਰੀ ਰਿਹਾ। ਸਵੇਰ-ਸ਼ਾਮ ਵੇਲੇ ਧੁੰਦ ਕਾਰਨ ਜਨ-ਜੀਵਨ ਪੂਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਸੰਘਣੀ ਧੁੰਦ ਕਾਰਨ ਸਵੇਰੇ ਤਡ਼ਕਸਾਰ ਆਪੋ-ਆਪਣੇ ਕੰਮਾਂ ’ਤੇ ਨਿਕਲਣ ਵਾਲੇ ਲੋਕ ਪ੍ਰੇਸ਼ਾਨ ਹੁੰਦੇ ਹਨ। ਉਨ੍ਹਾਂ ਨੂੰ ਹੱਡ-ਭੰਨਵੀਂ ਠੰਡ ’ਚ ਪ੍ਰੇਸ਼ਾਨ ਹੋਣਾ ਪੈਂਦਾ ਹੈ। ਚੌਕੰਨੇ ਹੋ ਕੇ ਸਫਰ ਕਰਨਾ ਪੈਂਦਾ ਹੈ। ਧੁੰਦ ਕਾਰਨ ਮੁੱਖ ਮਾਰਗਾਂ ’ਤੇ ਖਾਸ ਧਿਆਨ ਦੇਣ ਦੀ ਲੋਡ਼ ਹੈ।

Related News