ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਗਰਾਫ ''ਚ ਹੋ ਰਿਹੈ ਵਾਧਾ

07/24/2019 6:18:37 PM

ਪਟਿਆਲਾ (ਬਿਕਰਮਜੀਤ) : ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿਚ ਅਥਾਹ ਵਾਧਾ ਸਮਾਜ ਅਤੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣ ਕੇ ਉੱਭਰ ਰਿਹਾ ਹੈ। ਇਨ੍ਹਾਂ ਸ਼ਰਮਨਾਕ ਕੇਸਾਂ ਕਰ ਕੇ ਲੋਕ ਆਪਣੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਚਿੰਤਤ ਹਨ। ਯੂਨੀਸੈੱਫ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿਚ 43 ਫੀਸਦੀ ਲੜਕੀਆਂ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਬੱਚਿਆਂ ਦੇ ਬੰਧੂਆ ਜਾਂ ਦੇਹ ਵਪਾਰ ਦੇ ਮਾਮਲੇ ਵਿਚ ਦੇਸ਼ 'ਚ ਪਹਿਲੇ ਸਥਾਨ 'ਤੇ ਹੈ।

ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ 2014 ਵਿਚ ਬੱਚਿਆਂ ਪ੍ਰਤੀ 90 ਹਜ਼ਾਰ ਜੁਰਮਾਂ ਦੇ ਕੇਸ ਰਿਕਾਰਡ ਹੋਏ ਹਨ। ਇਨ੍ਹਾਂ ਵਿਚੋਂ 14 ਹਜ਼ਾਰ ਬਦਫੈਲੀ ਅਤੇ 37 ਹਜ਼ਾਰ ਅਗਵਾ ਦੇ ਕੇਸ ਹਨ। ਇਨ੍ਹਾਂ ਅਪਰਾਧਾਂ ਦਾ ਵਾਧਾ ਘੱਟ ਨਹੀਂ ਬਲਕਿ ਵਾਧੇ ਵਾਲੇ ਪਾਸੇ ਸੰਕੇਤ ਦੇ ਰਿਹਾ ਹੈ। ਦੇਸ਼ ਅੰਦਰ ਵੱਖ-ਵੱਖ ਥਾਵਾਂ 'ਤੇ ਰੋਜ਼ਾਨਾ 270 ਬੱਚੇ ਲਾਵਾਰਸ ਛੱਡ ਦਿੱਤੇ ਜਾਂਦੇ ਹਨ। ਇਨ੍ਹਾਂ ਵਿਚੋਂ 90 ਫੀਸਦੀ ਕੁੜੀਆਂ ਹੁੰਦੀਆਂ ਹਨ। ਇਹ ਬੱਚੀਆਂ ਯਤੀਮਖਾਨੇ ਵਿਚ ਨਰਕਮਈ ਜ਼ਿੰਦਗੀ ਭੋਗਣ ਲਈ ਮਜਬੂਰ ਹੁੰਦੀਆਂ ਹਨ। ਉਥੇ ਹੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਪਿਛਲੇ ਦੋ ਦਹਾਕਿਆਂ ਵਿਚ 30 ਫੀਸਦੀ ਵਾਧਾ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਹੋਇਆ ਹੈ। ਪੰਜਾਬ ਵਿਚ ਪਿਛਲੇ 10 ਸਾਲਾਂ ਦੌਰਾਨ 281 ਬੱਚੀਆਂ ਲਾਪਤਾ ਹੋਈਆਂ ਹਨ ਅਤੇ ਲਗਾਤਾਰ ਬੱਚਿਆਂ ਦੇ ਅਗਵਾ ਹੋਣ ਤੋਂ ਬਾਅਦ ਕਤਲ ਦੇ ਦਰਜਨਾਂ ਹੀ ਮਾਮਲੇ ਦਰਜ ਹੋ ਚੁੱਕੇ ਹਨ। ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਪੀੜਤਾ ਦੇ ਕਰੀਬੀ ਰਿਸ਼ਤੇਦਾਰ ਜਾਂ ਗੁਆਂਢੀ ਹੀ ਹੁੰਦੇ ਹਨ। ਜਿਨਸੀ ਸ਼ੋਸ਼ਣ ਵਾਲੀਆਂ ਨੰਨ੍ਹੀਆਂ ਬਾਲੜੀਆਂ ਨੂੰ ਕਿਸੇ ਚੀਜ਼ ਦੁਆਉਣ ਜਾਂ ਖੇਡਣ ਦੇ ਬਹਾਨੇ ਨਾਲ ਵਰਗਲਾ ਕੇ ਲੈ ਜਾਂਦੇ ਹਨ ਅਤੇ ਫਿਰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਉਹ ਝਾੜੀਆਂ, ਨਹਿਰ ਜਾਂ ਕਿਸੇ ਅਣਪਛਾਤੀ ਥਾਂ 'ਤੇ ਲਾਸ਼ ਨੂੰ ਦੱਬ ਕੇ ਫਰਾਰ ਹੋ ਜਾਂਦੇ ਹਨ।

ਪੰਜਾਬ ਵਿਚ ਕਈ ਮਾਮਲੇ ਅਜਿਹੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਵਧੇਰੇ ਪ੍ਰਵਾਸੀਆਂ ਨੇ ਕਾਰੇ ਕੀਤੇ ਹਨ। ਇਨ੍ਹਾਂ ਮੰਦਭਾਗੇ ਮਾਮਲਿਆਂ ਦੇ ਵਰਤਾਰੇ ਨੇ ਸਮਾਜ ਵਿਚ ਬੜੀ ਉਥਲ-ਪੁਥਲ ਮਚਾਈ ਹੋਈ ਹੈ। ਜਦੋਂ ਤੱਕ ਅਸੀਂ ਇਨ੍ਹਾਂ ਜ਼ੁਲਮਾਂ ਵਿਰੁੱਧ ਲਾਮਬੰਦ ਨਹੀਂ ਹੁੰਦੇ, ਉਦੋਂ ਤੱਕ ਇਹ ਵਰਤਾਰਾ ਰੁਕਣ ਵਾਲਾ ਨਹੀਂ। ਦੇਸ਼ ਵਿਚ ਰੋਜ਼ਾਨਾ ਬਦਫੈਲੀ ਦੇ 92 ਕੇਸ ਦਰਜ ਹੁੰਦੇ ਹਨ। ਪੰਜਾਬ ਵਿਚ ਧੂਰੀ ਸ਼ਹਿਰ ਵਿਖੇ ਵਾਪਰੀ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲਿੰਗ ਨਿਰਧਾਰਨ ਟੈਸਟ 'ਤੇ ਪਾਬੰਦੀ ਨਾਲ ਕਈ ਡਾਕਟਰਾਂ 'ਤੇ ਪਰਚੇ ਵੀ ਦਰਜ ਹੋਏ ਹਨ। ਅੱਜ ਧੀਆਂ ਹਰ ਖੇਤਰ ਵਿਚ ਲੜਕਿਆਂ ਤੋਂ ਅੱਗੇ ਚੱਲ ਰਹੀਆਂ ਹਨ। ਇਥੋਂ ਤੱਕ ਕਿ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਵਿਚ ਮਰਦਾਂ ਦੇ ਬਰਾਬਰ ਕੰਮ ਕਰ ਰਹੀਆਂ ਹਨ। ਜਬਰ-ਜ਼ਨਾਹ ਦੇ ਮਾਮਲਿਆਂ ਵਿਚ ਅਦਾਲਤਾਂ ਵੀ ਸਖ਼ਤ ਹੋਈਆਂ ਹਨ। ਫਾਸਟ ਟਰੈਕ ਅਦਾਲਤਾਂ ਰਾਹੀਂ ਦੋਸ਼ੀ ਵਿਅਕਤੀਆਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਅੱਜ ਲੋੜ ਹੈ ਕਿ ਸਮਾਜ ਦੇ ਹਰ ਵਰਗਾਂ ਦੇ ਲੋਕ ਜਿਨਸੀ ਸ਼ੋਸ਼ਣ ਕਰਨ ਵਾਲੇ ਦੋਸ਼ੀਆਂ ਵਿਰੁੱਧ ਆਪਣੀ ਅਵਾਜ਼ ਬੁਲੰਦ ਕਰਨ ਤਾਂ ਜੋ ਦੋਸ਼ੀ ਕਾਨੂੰਨ ਦੀ ਪਕੜ ਵਿਚ ਆਉਣ ਤੋਂ ਬਚ ਨਾ ਸਕਣ।


Related News