ਓਲਾ ਕੰਪਨੀ ਦੀ ਟੈਕਸੀ ''ਚੋਂ 2 ਕਿਲੋ ਹੈਰੋਇਨ ਬਰਾਮਦ, ਮਹਿਲਾ ਸਮੇਤ 3 ਗ੍ਰਿਫਤਾਰ

Saturday, Nov 23, 2019 - 11:48 AM (IST)

ਓਲਾ ਕੰਪਨੀ ਦੀ ਟੈਕਸੀ ''ਚੋਂ 2 ਕਿਲੋ ਹੈਰੋਇਨ ਬਰਾਮਦ, ਮਹਿਲਾ ਸਮੇਤ 3 ਗ੍ਰਿਫਤਾਰ

ਪਟਿਆਲਾ (ਬਲਜਿੰਦਰ)—ਪਟਿਆਲਾ ਪੁਲਸ ਨੇ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਵੱਡੀ ਰਿਕਵਰੀ ਕੀਤੀ ਹੈ। ਪੁਲਸ ਨੇ ਓਲਾ ਕੰਪਨੀ ਦੀ ਟੈਕਸੀ ਵਿਚੋਂ 2 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 2 ਕਰੋੜ ਰੁਪਏ ਤੋਂ ਵੀ ਵੱਧ ਹੈ। ਪੁਲਸ ਨੇ ਔਰਤ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਹੈਰੋਇਨ ਦਿੱਲੀ ਤੋਂ ਲਿਆਂਦੀ ਗਈ ਸੀ। ਮੋਗਾ ਦੇ ਧਰਮਗੜ੍ਹ ਪਿੰਡ ਜਾਣੀ ਸੀ।

ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਅਤੇ ਡੀ. ਐੱਸ. ਪੀ. ਘਨੌਰ ਮਨਪ੍ਰੀਤ ਸਿੰਘ ਦੀ ਅਗਵਾਈ 'ਚ ਐੱਸ. ਐੱਚ. ਓ. ਥਾਣਾ ਸ਼ੰਭੂ ਐੱਸ. ਆਈ. ਪ੍ਰੇਮ ਸਿੰਘ ਅਤੇ ਪੁਲਸ ਪਾਰਟੀ ਨੇ ਚੈਕਿੰਗ ਦੌਰਾਨ ਅੰਬਾਲਾ ਸਾਈਡ ਤੋਂ ਆ ਰਹੀ ਇਕ ਸਵਿਫਟ ਕਾਰ ਨੂੰ ਰੋਕ ਕੇ ਚੈੱਕ ਕੀਤਾ ਤਾਂ ਕਾਰ ਸਵਾਰ ਰਾਸ਼ਿਦ ਅਲੀ ਪੁੱਤਰ ਸਫੀ ਮੁਹੰਮਦ ਵਾਸੀ ਪਿੰਡ ਰਾਜਗਾਓਂ ਥਾਣਾ ਦਾਦੋ ਜ਼ਿਲਾ ਅਲੀਗੜ੍ਹ (ਉੱਤਰ ਪ੍ਰਦੇਸ਼) ਹਾਲ ਵਾਸੀ ਨਿਊ ਸੀਲਮਪੁਰ, ਉੱਤਰ-ਪੂਰਬੀ ਦਿੱਲੀ, ਨਾਸਿਰ ਪੁੱਤਰ ਮਹਿਮੂਦ ਖਾਨ ਵਾਸੀ ਕੁਰਲਾ ਈਸਟ ਜਾਗ੍ਰਤੀ ਨਗਰ ਮੁੰਬਈ ਅਤੇ ਜ਼ੀਨਤ ਪੁੱਤਰੀ ਅਸਲਮ ਖਾਨ ਵਾਸੀ ਬੀ. ਐੱਮ. ਸੀ. ਕਾਲੋਨੀ ਫਿਲਮ ਸਿਟੀ ਰੋਡ ਗੋਰੇਗਾਓਂ ਮੁੰਬਈ ਈਸਟ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 2 ਕਿਲੋ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਤਿੰਨਾਂ ਨੂੰ ਗ੍ਰਿਫਤਾਰ ਕਰ ਕੇ ਥਾਣਾ ਸ਼ੰਭੂ ਵਿਖੇ ਕੇਸ ਦਰਜ ਕਰ ਲਿਆ ਹੈ।

ਐੱਸ. ਐੱਸ. ਪੀ. ਸਿੱਧੂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਚੋਂ ਜ਼ੀਨਤ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਦੀ ਛੋਟੀ ਭੈਣ ਰੁਖਸਾਰ, ਜੋ ਵਿਕਾਸ ਪੁਰੀ ਦਿੱਲੀ ਵਿਖੇ ਕਿਸੇ ਅਫਰੀਕੀ ਲੜਕੇ ਨਾਲ ਰਹਿੰਦੀ ਹੈ, ਉਹ ਦਿੱਲੀ ਵਿਚ ਬੈਠ ਕੇ ਹੀ ਹੈਰੋਇਨ ਦੀ ਸਪਲਾਈ ਹਰਿਆਣਾ ਅਤੇ ਪੰਜਾਬ ਸਮੇਤ ਹੋਰ ਰਾਜਾਂ ਵਿਚ ਮੋਬਾਇਲ ਫੋਨ ਰਾਹੀਂ ਕਰਦੀ ਹੈ। ਰੁਖਸਾਰ ਨੇ ਹੀ ਆਪਣੀ ਭੈਣ ਜ਼ੀਨਤ ਅਤੇ ਨਾਸਿਰ ਰਾਹੀਂ ਓਲਾ ਕੰਪਨੀ ਦੀ ਗੱਡੀ ਬੁੱਕ ਕਰ ਕੇ 2 ਕਿਲੋ ਹੈਰੋਇਨ ਉਨ੍ਹਾਂ ਨੂੰ ਦੇ ਕੇ ਧਰਮਗੜ੍ਹ (ਮੋਗਾ) ਵਿਖੇ ਭੇਜਿਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਰਾਸ਼ਿਦ ਅਲੀ ਕਾਰ ਦਾ ਡਰਾਈਵਰ ਹੈ, ਜੋ ਕਿ 26 ਸਾਲ ਦਾ ਹੈ ਅਤੇ ਦਸਵੀਂ ਫੇਲ ਹੈ। ਨਾਸਿਰ 21 ਸਾਲ ਦਾ ਹੈ ਅਤੇ ਦਸਵੀਂ ਪਾਸ ਹੈ। ਉਨ੍ਹਾਂ ਦੱਸਿਆ ਕਿ ਜ਼ੀਨਤ 27 ਸਾਲ ਦੀ ਹੈ ਜੋ ਕਿ ਤਲਾਕਸ਼ੁਦਾ ਹੈ ਅਤੇ ਪੰਜਵੀਂ ਪਾਸ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਜ਼ੀਨਤ ਖਿਲਾਫ ਮੁੰਬਈ ਵਿਚ ਵੀ ਕੇਸ ਦਰਜ ਹੋਣ ਦੀ ਸੰਭਾਵਨਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਹੈਰੋਇਨ ਦੀ ਸਪਲਾਈ ਲਈ ਸਲੀਪਰ ਸੈੱਲਾਂ ਵਰਗੇ ਤਰੀਕਿਆਂ ਦੀ ਹੋਣ ਲੱਗੀ ਵਰਤੋਂ
ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਰੁਖਸਾਰ, ਜੋ ਕਿ ਦਿੱਲੀ ਵਿਚ ਬੈਠੀ ਹੈ, ਓਲਾ ਕੰਪਨੀ ਦੀ ਗੱਡੀ ਦੀ ਜੀ. ਪੀ. ਐੱਸ. ਲੋਕੇਸ਼ਨ ਆਪਣੇ ਮੋਬਾਇਲ ਫੋਨ ਰਾਹੀਂ ਟਰੈਕ ਕਰਦੀ ਰਹਿੰਦੀ ਹੈ। ਜਿਹੜੇ ਵਿਅਕਤੀਆਂ ਨੂੰ ਹੈਰੋਇਨ ਸਪਲਾਈ ਕਰਨੀ ਹੁੰਦੀ ਹੈ, ਉਨ੍ਹਾਂ ਨਾਲ ਸੰਪਰਕ ਉਨ੍ਹਾਂ ਦੀ ਮੋਬਾਇਲ ਲੋਕੇਸ਼ਨ ਲੈ ਕੇ ਸਿਰਫ ਰੁਖਸਾਰ ਹੀ ਕਰਦੀ ਹੈ ਅਤੇ ਉਹੀ ਮੋਬਾਇਲ ਲੋਕੇਸ਼ਨ ਗੱਡੀ ਵਿਚ ਬੈਠੇ ਵਿਅਕਤੀਆਂ ਨੂੰ ਭੇਜ ਕੇ ਹੈਰੋਇਨ ਖਰੀਦਣ ਵਾਲੇ ਵਿਅਕਤੀਆਂ ਦਾ ਤਾਲਮੇਲ ਗੱਡੀ ਵਿਚ ਬੈਠੇ ਵਿਅਕਤੀਆਂ ਨਾਲ ਕਰਵਾਉਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜੋ ਹੈਰੋਇਨ ਦੀ ਸਪਲਾਈ ਜਾ ਰਹੀ ਸੀ, ਉਸ ਨੂੰ ਧਰਮਕੋਟ ਲੈ ਕੇ ਜਾਣਾ ਸੀ। ਉਸ ਤੋਂ ਬਾਅਦ ਦਿੱਲੀ ਬੈਠੀ ਸਾਥਣ ਨੇ ਦੱਸਣਾ ਸੀ ਕਿ ਸਪਲਾਈ ਕਿੱਥੇ ਦੇਣੀ ਹੈ?

ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਹੈਰੋਇਨ ਸਪਲਾਈ ਲਈ ਸਲੀਪਰ ਸੈੱਲ ਵਰਗੇ ਤਰੀਕਿਆਂ ਦੀ ਵਰਤੋਂ ਹੋਣ ਲੱਗ ਪਈ ਹੈ। ਗ੍ਰਿਫਤਾਰ ਵਿਅਕਤੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਨ੍ਹਾਂ ਤੋਂ ਹੋਰ ਵੀ ਇੰਕਸ਼ਾਫ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਡੀ. ਐੱਸ. ਪੀ. ਘਨੌਰ ਮਨਪ੍ਰੀਤ ਸਿੰਘ, ਐੱਸ. ਐੱਚ. ਓ. ਪ੍ਰੇਮ ਸਿੰਘ, ਏ. ਐੱਸ. ਆਈ. ਦਵਿੰਦਰ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਵੀ ਹਾਜ਼ਰ ਸਨ।


author

Shyna

Content Editor

Related News