ਏ.ਐੱਸ.ਆਈ. ਰੇਨੂੰ ਬਾਲਾ ਤੋਂ ਬਾਅਦ ਪਤੀ ਸੁਰਿੰਦਰ ਸਿੰਘ ਵੀ ਗ੍ਰਿਫਤਾਰ

10/31/2019 4:17:20 PM

ਪਟਿਆਲਾ (ਬਲਜਿੰਦਰ)—ਹੈਰੋਇਨ ਸਮੇਤ ਗ੍ਰਿਫਤਾਰ ਕੀਤੀ ਗਈ ਏ.ਐੱਸ.ਆਈ. ਰੇਨੂੰ ਬਾਲਾ ਦੇ ਪਤੀ ਸੁਰਿੰਦਰ ਸਿੰਘ ਨੂੰ ਵੀ ਤਰਨਤਾਰਨ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਕੱਲ੍ਹ ਰੇਨੂੰ ਬਾਲਾ ਦੀ ਗ੍ਰਿਫਤਾਰੀ ਦੇ ਬਾਅਦ ਉਸ ਦੀ ਭੂਮਿਕਾ ਦੀ ਵੀ ਤਰਨਤਾਰਨ ਪੁਲਸ ਜਾਂਚ ਕਰ ਰਹੀ ਸੀ, ਪਰ ਅੱਜ ਪੁਲਸ ਨੇ ਏ.ਐੱਸ.ਆਈ. ਸੁਰਿੰਦਰ ਸਿੰਘ ਦੀ ਵੀ ਅਧਿਕਾਰਿਤ ਤੌਰ 'ਤੇ ਗ੍ਰਿਫਤਾਰੀ ਪਾ ਦਿੱਤੀ ਹੈ। ਏ.ਐੱਸ.ਆਈ. ਸੁਰਿੰਦਰ ਸਿੰਘ ਨੂੰਨੂੰ ਸਾਲ ਪਹਿਲਾਂ ਪੁਲਸ ਅਧਿਕਾਰੀ ਪ੍ਰਿਤਪਾਲ ਸਿੰਘ ਦੇ ਨਾਲ ਗਨਮੈਨ ਸੀ ਅਤੇ ਉੱਥੇ ਉਸ ਦੀ ਦੋਸਤੀ ਨਿਸ਼ਾਨ ਦੇ ਨਾਲ ਹੋਈ ਸੀ ਅਤੇ ਉਸ ਦੇ ਬਾਅਦ ਲਗਾਤਾਰ ਦੋਵੇਂ ਇਕ-ਦੂਜੇ ਦੇ ਸੰਪਰਕ 'ਚ ਸਨ। ਹਾਲਾਂਕਿ ਕੱਲ੍ਹ ਤੱਕ ਪੁਲਸ ਦੀ ਸੂਈ ਰੇਨੂੰ ਬਾਲਾ ਦੇ ਨੇੜੇ-ਤੇੜੇ ਘੁੰਮ ਰਹੀ ਸੀ ਪਰ ਇਹ ਤੱਥ ਸਾਹਮਣੇ ਆਉਣ ਦੇ ਬਾਅਦ ਇਹ ਸੂਈ ਸੁਰਿੰਦਰ ਸਿੰਘ ਵੱਲ ਹੋ ਗਈ ਹੈ। ਇਸ ਲਈ ਪੁਲਸ ਨੇ ਅੱਜ ਸੁਰਿੰਦਰ ਸਿੰਘ ਦੀ ਅਧਿਕਾਰਿਤ ਤੌਰ 'ਤੇ ਗ੍ਰਿਫਤਾਰੀ ਪਾ ਕੇ ਉਸ ਕੋਲੋਂ ਵੀ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
ਪੁਲਸ ਦੀ ਪਹਿਲੀ ਪੁੱਛਗਿਛ 'ਚ ਸਾਹਮਣੇ ਆਇਆ ਕਿ ਕੁਝ ਦਿਨ ਪਹਿਲਾਂ ਨਿਸ਼ਾਨ ਸਿੰਘ ਰੇਨੂੰ ਬਾਲਾ ਦੇ ਘਰ ਰਹਿ ਕੇ ਗਿਆ ਹੈ, ਜਿੱਥੇ ਰੇਨੂੰ ਬਾਲਾ ਥਾਣਾ ਅਰਬਨ ਅਸਟੇਟ 'ਚ ਤਾਇਨਾਤ ਸੀ, ਉੱਥੇ ਸੁਰਿੰਦਰ ਸਿੰਘ ਥਾਣਾ ਸਦਰ ਪਟਿਆਲਾ 'ਚ ਤਾਇਨਾਤ ਸੀ। ਦੋਵੇਂ ਥਾਣੇ ਕੋਲ-ਕੋਲ ਹੀ ਪੈਂਦੇ ਹਨ। ਇੱਥੇ ਅੱਜ ਡੀ.ਐੱਸ.ਪੀ. ਦੀ ਅਗਵਾਈ ਵਾਲੀ 6 ਮੈਂਬਰੀ ਟੀਮ ਨੇ ਥਾਣਾ ਤਿਪੜੀ ਦੀ ਪੁਲਸ ਦੇ ਨਾਲ ਲੈ ਕੇ ਰੇਨੂੰ ਬਾਲਾ ਦੇ ਘਰ ਵੀ ਸਰਚ ਕੀਤੀ। ਹਾਲਾਂਕਿ ਪੁਲਸ ਨੂੰ ਘਰ 'ਚ ਕੋਈ ਵੀ ਇਤਰਾਜਯੋਗ ਚੀਜ਼ ਨਹੀਂ ਮਿਲੀ ਅਤੇ ਇਸ ਦੇ ਬਾਅਦ ਪੁੱਛਗਿਛ ਲਈ ਥਾਣਾ ਅਰਬਨ ਅਸਟੇਟ ਵੀ ਗਈ। ਦੂਜੇ ਪਾਸੇ ਪੁਲਸ ਵਲੋਂ ਹੁਣ ਤੱਕ ਕੀਤੀ ਗਈ ਜਾਂਚ 'ਚ ਦੇਖਿਆ ਗਿਆ ਕਿ ਨਿਸ਼ਾਨ ਸਿੰਘ ਰੇਨੂੰ ਬਾਲਾ ਦੇ ਘਰ ਕਈ ਦਿਨ ਤੱਕ ਰਹਿ ਕੇ ਗਿਆ ਹੈ, ਇਸ ਲਈ ਉਸ ਦੇ ਪਤੀ ਦੀ ਭੂਮਿਕਾ ਹੋਰ ਵੀ ਸ਼ੱਕੀ ਹੋ ਜਾਂਦੀ ਹੈ। ਇਸ ਲਈ ਪੁਲਸ ਨੇ ਸੁਰਿੰਦਰ ਸਿੰਘ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਹੈ। 

ਦੱਸਣਯੋਗ ਹੈ ਕਿ ਥਾਣਾ ਅਰਬਨ ਅਸਟੇਟ 'ਚ ਤਾਇਨਾਤ ਏ.ਐੱਸ.ਆਈ. ਰੇਨੂੰ ਬਾਲਾ ਨੂੰ ਬੀਤੇ ਦਿਨੀਂ ਤਰਨਤਾਰਨ ਦੀ ਪੁਲਸ ਨੇ 50 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਸੀ ਅਤੇ ਇਸ ਦੇ ਨਾਲ ਹੀ ਏ.ਐੱਸ.ਆਈ. ਰੇਨੂੰ ਬਾਲਾ ਦੇ ਨਾਲ ਨਿਸ਼ਾਨ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਵਿਭਾਗ ਨੇ ਰੇਨੂੰ ਬਾਲਾ ਦੀ ਗ੍ਰਿਫਤਾਰੀ ਦੇ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਸੀ। ਰੇਨੂੰ ਬਾਲਾ ਪਿਛਲੇ 2 ਮਹੀਨੇ ਤੋਂ ਮੈਡੀਕਲ ਛੁੱਟੀ 'ਤੇ ਚੱਲ ਰਹੀ ਸੀ। ਪੁਲਸ ਵੋਂ ਅਜੇ ਤੱਕ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਸ ਮਾਮਲੇ ਦੇ ਤਾਰ ਕਿੱਥੋਂ-ਕਿੱਥੋਂ ਜੁੜੇ ਹੋਏ ਹਨ, ਕਿਉਂਕਿ ਪੰਜਾਬ ਪੁਲਸ ਨੂੰ ਇਸ ਰੇਨੂੰ ਬਾਲਾ ਦੀ ਗ੍ਰਿਫਤਾਰੀ ਦੇ ਨਾਲ ਕਾਫੀ ਜ਼ਿਆਦਾ ਕਿਰਕਿਰੀ ਹੋਈ ਹੈ, ਇਸ ਲਈ ਪੁਲਸ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।


Shyna

Content Editor

Related News