ਵਿਦਿਆਰਥਣਾਂ ਨੇ ਕੀਤਾ ਕਮਾਲ, ਬਣਾਇਆ ਸੈਨੇਟਰੀ ਨੈਪਕਿਨ ਨੂੰ ਨਸ਼ਟ ਕਰਨ ਵਾਲਾ ਉਪਕਰਨ
Tuesday, Jan 21, 2020 - 03:56 PM (IST)
ਪਠਾਨਕੋਟ (ਧਰਮਿੰਦਰ) : ਪੰਜਾਬ ਦੇ ਪਠਾਨਕੋਟ ਦੀਆਂ 10ਵੀਂ ਦੀਆਂ ਵਿਦਿਆਰਥਣਾਂ ਕ੍ਰਿਤੀਕਾ ਅਤੇ ਹਰਸ਼ਿਤਾ ਮੈਂਸਿਊੂ ਬਰਨਰ ਨਾਮਕ ਇਕ ਉਪਕਰਨ ਤਿਆਰ ਕੀਤਾ ਹੈ, ਜੋ ਵਰਤੇ ਜਾ ਚੁੱਕੇ ਸੈਨੇਟਰੀ ਨੈਪਕਿਨ ਦਾ ਸਹੀ ਨਿਪਟਾਰਾ ਕਰਕੇ ਖਾਦ ਵਿਚ ਬਦਲ ਦਿੰਦਾ ਹੈ। ਇਸ ਉਪਕਰਨ ਨੂੰ ਤਿਆਰ ਕਰਨ ਲਈ ਕ੍ਰਿਤੀਕਾ ਦੀ ਬਾਇਓਲੋਜੀ ਦੀ ਅਧਿਆਪਕਾ ਕੰਚਨ ਗੁਲੇਰੀਆ ਨੇ ਬਤੌਰ ਗਾਇਡ ਭੂਮਿਕਾ ਨਿਭਾਈ ਹੈ।
ਇਸ ਸਬੰਧ ਵਿਚ ਕ੍ਰਿਤੀਕਾ ਅਤੇ ਹਰਸ਼ਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਰਤੋਂ ਦੇ ਬਾਅਦ ਸੈਨੇਟਰੀ ਨੈਪਕਿਨ ਦਾ ਨਿਪਟਾਰਾ ਸਭ ਤੋਂ ਵੱਡੀ ਸਮੱਸਿਆ ਬਣ ਗਿਆ ਹੈ। ਆਮ ਤੌਰ 'ਤੇ ਇਸ ਨੂੰ ਪਾਲੀਥਿਨ ਜਾਂ ਕਾਗਜ ਵਿਚ ਰੱਖ ਕੂੜੇ ਵਿਚ ਸੁੱਟ ਦਿੱਤਾ ਜਾਂਦਾ ਹੈ, ਜੋ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਸੀਂ ਜੋ ਉਪਕਰਨ ਬਣਾਇਆ ਹੈ, ਉਸ ਨੇ ਇਸ ਸਮੱਸਿਆ ਦਾ ਹੱਲ ਕੱਢ ਦਿੱਤਾ ਹੈ। ਸੈਨੇਟਰੀ ਨੈਪਕਿਨ ਨੂੰ ਨਸ਼ਟ ਕਰਨ ਤੋਂ ਬਾਅਦ ਜੋ ਰਾਖ ਬਣੇਗੀ, ਉਸ ਨੂੰ ਘਰਾਂ ਵਿਚ ਰੱਖੇ ਗਮਲਿਆਂ ਵਿਚ ਖਾਦ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ। ਭਾਰਤ ਸਰਕਾਰ ਵੱਲੋਂ 27 ਤੋਂ 31 ਦਸੰਬਰ 2019 ਤੱਕ ਕੇਰਲ ਚਿ ਆਯੋਜਿਤ ਨੈਸ਼ਨਲ ਚਿਲਡਰਨ ਕਾਂਗਰਸ ਵਿੱਚ ਦੇਸ਼ ਭਰ ਦੇ ਸਕੂਲਾਂ 'ਚੋਂ 685 ਟੀਮਾਂ ਨੇ ਹਿੱਸਾ ਲਿਆ ਸੀ। ਇਸ ਵਿਚ ਇਨ੍ਹਾਂ ਵਿਦਿਆਰਥਣਾਂ ਦਾ ਇਹ ਉਪਕਰਨ ਵੀ ਪੇਸ਼ ਕੀਤਾ ਗਿਆ, ਜਿਸ ਦੀ ਸਭ ਨੇ ਸ਼ਲਾਘਾ ਕੀਤੀ ਅਤੇ ਇਸ ਉਪਕਰਨ ਦੀ ਅੰਤਰਰਾਸ਼ਟਰੀ ਪੱਧਰ 'ਤੇ ਚੋਣ ਹੋਈ।
ਵਿਦਿਆਰਥਣਾਂ ਨੇ ਦੱਸਿਆ ਕਿ ਇਸ ਉਪਕਰਨ ਵਿਚ ਥਰਮੋਸਟੇਟ ਦੇ ਨਾਲ 1500 ਵਾਟ ਸਮਰੱਥਾ ਦਾ ਕਵਾਇਲ ਹੀਟਰ ਲਗਾਇਆ ਗਿਆ ਹੈ। ਟੀਨ ਦੀ ਚਾਦਰ ਨਾਲ ਤਿਆਰ ਡਿੱਬੇ ਦੇ ਅੰਦਰੂਨੀ ਹਿੱਸੇ ਵਿਚ ਮਿੱਟੀ ਦੀ ਮੋਟੀ ਤਹਿ ਚੜ੍ਹਾਈ ਹੈ। ਸੈਨੇਟਰੀ ਨੈਪਕਿਨ ਨੂੰ ਇਸ ਵਿਚ ਪਾਏ ਜਾਣ 'ਤੇ ਇਕ ਉਚਿਤ ਤਾਪਮਾਨ 'ਤੇ ਇਹ ਸੜਨ ਲੱਗਦਾ ਹੈ। ਇਸ ਪ੍ਰਕਿਰਿਆ ਦੌਰਾਨ ਇਸ 'ਚੋਂ ਨਿਕਲਣ ਵਾਲੀਆਂ ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਨੁਕਸਾਨਦਾਇਕ ਗੈਸਾਂ ਨੂੰ ਖਤਮ ਕਰ ਦਿੰਦਾ ਹੈ। ਵਿਦਿਆਰਥਣਾਂ ਨੇ ਦੱਸਿਆ ਹੈ ਕਿ ਇਸ ਮਾਡਲ 'ਤੇ ਕੁਲ 800 ਰੁਪਏ ਖਰਚ ਆਇਆ ਹੈ। ਮੈਨਸਯੂ ਬਰਨਰ ਤਿੰਨ ਮਿੰਟ ਵਿਚ ਇਕ ਨੈਪਕਿਨ ਨੂੰ ਸੁਰੱਖਿਅਤ ਤਰੀਕੇ ਨਾਲ ਨਸ਼ਟ ਕਰ ਸਕਦਾ ਹੈ।