ਪਠਾਨਕੋਟ 'ਚ ਸਵਾਰੀਆਂ ਨਾਲ ਭਰੀ ਬੱਸ ਪਲਟੀ, ਟਲਿਆ ਵੱਡਾ ਹਾਦਸਾ

Saturday, Feb 02, 2019 - 12:43 PM (IST)

ਪਠਾਨਕੋਟ 'ਚ ਸਵਾਰੀਆਂ ਨਾਲ ਭਰੀ ਬੱਸ ਪਲਟੀ, ਟਲਿਆ ਵੱਡਾ ਹਾਦਸਾ

ਪਠਾਨਕੋਟ (ਧਰਮਿੰਦਰ) : ਡੈਮ ਤੋਂ ਦੁਨੇਰੇ ਵੱਲ ਨੂੰ ਜਾ ਰਹੀ ਇਕ ਮਿੰਨੀ ਬੱਸ ਜਿਹੜੀ ਕਿ ਸੜਕ ਦੇ ਕੰਢੇ ਕੇਬਲ ਤਾਰਾਂ ਪਾਉਣ ਲਈ  ਪੁੱਟੇ ਗਏ ਟੋਏ ਕਾਰਨ ਬੇਕਾਬੂ ਹੋ ਕੇ ਸੜਕ ਤੋਂ ਉਤਰ ਕੇ  ਖੱਡ 'ਚ ਪਲਟ ਗਈ  ਪਰ ਇਕ ਦਰੱਖਤ ਨਾਲ ਟਕਰਾਅ ਕੇ  ਰੁਕ ਗਈ। ਜਿਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਾਣਕਾਰੀ ਅਨੁਸਾਰ ਬੱਸ 'ਚ ਤਕਰੀਬਨ 25 ਮੁਸਾਫਰ ਸਵਾਰ ਸਨ ਤੇ ਇਸ ਹਾਦਸੇ 'ਚ 17-18 ਮੁਸਾਫਰ ਜ਼ਖਮੀ ਹੋਏ ਹਨ।  ਜਿਨ੍ਹਾਂ 'ਚੋਂ ਇਕ ਡਰਾਈਵਰ ਸਮੇਤ ਤਿੰਨ ਮੁਸਾਫਰਾਂ ਨੂੰ ਗੰਭੀਰ ਸੱਟਾਂ ਲੱਗਣ ਦੀ  ਖਬਰ ਹੈ। ਜ਼ਖਮੀ ਬੱਸ ਡਰਾਈਵਰ ਵਿਜੇ ਕੁਮਾਰ ਨਿਵਾਸੀ ਪਿੰਡ ਪੱਟਾ (ਧਾਰ) ਮੁਸਾਫਰਾਂ 'ਚੋਂ ਰਾਣੋ ਦੇਵੀ (55) ਨਿਵਾਸੀ ਮੰਗਨੂ, ਪੂਨਮ (36) ਨਿਵਾਸੀ ਭੱਟਾਂ ਧਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ 'ਚ ਲਿਆਂਦਾ ਗਿਆ। ਇਸ ਤੋਂ ਇਲਾਵਾ ਸੁਭਾਸ਼, ਚਿਰਾਗਦੀਨ, ਮਮਤਾ ਦੇਵੀ, ਕਮਲਾ ਦੇਵੀ, ਰਾਧਾ ਦੇਵੀ, ਸਰਦਾਰਦੀਨ ਆਦਿ ਜ਼ਖਮੀਆਂ ਨੂੰ ਹਾਦਸੇ ਸਥਾਨ ਦੇ ਨਜ਼ਦੀਕ ਪੈਂਦੇ ਹਸਪਤਾਲ 'ਚ ਲਿਆਂਦਾ ਗਿਆ। 

ਇਸ ਸਬੰਧੀ ਥਾਣਾ ਦੁਨੇਰਾ ਦੇ ਇੰਚਾਰਜ ਅਰੁਣ ਕੁਮਾਰ ਤੇ ਹਸਪਤਾਲ 'ਚ ਦਾਖਲ ਜ਼ਖਮੀਆਂ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਠਾਕੁਰ ਮਿੰਨੀ ਬੱਸ ਨੰਬਰ ਪੀ. ਬੀ.-11, ਐੱਮ.-0934 ਸਵੇਰੇ 10 ਵਜੇ ਡੈਮ ਤੋਂ ਕਰੀਬ 25 ਸਵਾਰੀਆਂ ਲੈਂ ਕੇ ਦੁਨੇਰਾ ਵੱਲ ਜਾ ਰਹੀ ਸੀ ਕਿ ਦੁਨੇਰਾ ਤੋਂ ਪਹਿਲਾਂ ਹੀ ਇਕ ਤਿੱਖੇ ਮੋੜ 'ਤੇ ਪਿਛੇ ਤੋਂ ਆ ਰਹੇ ਇਕ ਟਰੱਕ ਨੂੰ ਸਾਈਡ ਦੇਣ ਲਈ ਜਦ ਬੱਸ ਦੇ ਡਰਾਈਵਰ  ਵੱਲੋਂ ਬੱਸ ਨੂੰ ਸੜਕ ਦੇ ਇਕ ਕੰਢੇ 'ਤੇ ਕੀਤਾ ਗਿਆ ਤਾਂ ਸੜਕ ਦੇ ਕੰਢੇ 'ਤੇ ਇਕ ਨਿੱਜੀ ਮੋਬਾਇਲ ਨੈੱਟਵਰਕ ਕੰਪਨੀ ਵੱਲੋਂ ਤਾਰਾਂ ਵਿਛਾਉਣ ਦਾ ਕੰਮ ਚੱਲ ਰਿਹਾ ਸੀ ਤੇ ਉਥੇ ਟੋਆ ਪੁਟਿਆ ਹੋਇਆ ਸੀ ਤੇ ਪਿਛਲੇ ਲਗਾਤਾਰ ਦੋ ਦਿਨ ਤੋਂ ਬਾਰਿਸ਼ ਹੋਣ ਦੇ ਕਾਰਨ ਸੜਕ ਦੇ ਕੰਢਿਆਂ ਦੀ ਮਿੱਟੀ ਵੀ ਗਿੱਲੀ ਹੋਣ  ਕਾਰਨ ਬੱਸ ਦਾ ਟਾਇਰ ਜਿਵੇਂ ਹੀ ਉਸ ਟੋਏ 'ਚ ਪਿਆ ਤਾਂ ਅਚਾਨਕ ਤੋਂ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਬੇਕਾਬੂ ਹੋ ਕੇ ਸੜਕ ਤੋਂ ਉਤਰ ਕੇ ਖੱਡ 'ਚ ਕਰੀਬ 10 ਫੁੱਟ ਥੱਲੇ ਪਲਟਦੇ ਹੋਏ ਇਕ ਦਰੱਖਤ ਨਾਲ ਟਕਰਾਈ।


author

Baljeet Kaur

Content Editor

Related News