ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

Friday, Dec 06, 2019 - 02:43 PM (IST)

ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਪਠਾਨਕੋਟ (ਸ਼ਾਰਦਾ) : ਨਸ਼ਿਆਂ ਦੇ ਜ਼ਹਿਰੀਲੇ ਕਾਲ ਨੇ ਅੱਜ ਇਕ ਹੋਰ ਪਰਿਵਾਰ ਦਾ ਚਿਰਾਗ ਬੁਝਾ ਦਿੱਤਾ ਹੈ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ਵਿਚ ਵੱਖ ਕਰਨ ਵਾਲੇ ਚੱਕੀ ਪੁਲ ਥੱਲਿਓਂ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਜ਼ਿਕਰਯੋਗ ਹੈ ਕਿ ਨਗਰ ਨਾਲ ਲੱਗਦਾ ਭਦਰੋਆ ਖੇਤਰ ਨਸ਼ਿਆਂ (ਚਿੱਟੇ) ਦਾ ਗੜ ਬਣ ਚੁੱਕਾ ਹੈ। ਇਸ ਤੋਂ ਪਹਿਲਾਂ ਇਹ ਪਿੰਡ ਕੱਚੀ ਸ਼ਰਾਬ (ਲਾਹਣ) ਲਈ ਮਸ਼ਹੂਰ ਸੀ, ਜਿੱਥੇ ਨਸ਼ਿਆਂ ਦਾ ਸੇਵਨ ਕਰਨ ਲਈ ਦੂਰ-ਦੁਰਾਡੇ ਤੋਂ ਨਸ਼ੇੜੀ ਨੌਜਵਾਨ ਆਉਂਦੇ ਹਨ। ਹੁਣ ਤੱਕ ਨਸ਼ਿਆਂ ਦੇ ਓਵਰਡੋਜ਼ ਨਾਲ ਕਈ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ, ਜਿਸ ਕਾਰਣ ਦੋਨੋਂ ਹੀ ਗੁਆਂਢੀ ਸੂਬਿਆਂ ਦੀ ਪੁਲਸ ਸਰਚ ਕਰਦੀ ਰਹਿੰਦੀ ਹੈ। ਹੁਣ ਵੀ ਜਦੋਂ ਪੁਲਸ ਪਾਰਟੀ ਸਰਚ ਕਰ ਰਹੀ ਸੀ ਤਾਂ ਅਚਾਨਕ ਕਿਸੇ ਨੇ ਦੱਸਿਆ ਕਿ ਚੱਕੀ ਪੁਲ ਦੇ ਥੱਲੇ ਇਕ ਵਿਅਕਤੀ ਦੀ ਲਾਸ਼ ਪਈ ਹੋਈ ਹੈ।

ਸੂਚਨਾ ਮਿਲਦੇ ਹੀ ਹਿਮਾਚਲ ਪੁਲਸ ਡਮਟਾਲ ਦੇ ਐੱਚ. ਐੱਚ. ਹਰੀਸ਼ ਗੁਲੇਰੀਆ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲਿਆ। ਲਾਸ਼ ਇਕਦਮ ਆਕੜ ਚੁੱਕੀ ਸੀ ਅਤੇ ਦੇਖ ਕੇ ਲੱਗ ਰਿਹਾ ਸੀ ਕਿ ਜਿਵੇਂ ਇਸ ਵਿਅਕਤੀ ਨੇ ਸ਼ਰਾਬ ਦਾ ਨਸ਼ਾ ਕੀਤਾ ਹੋਵੇ। ਜਦੋਂ ਇਸ ਵਿਅਕਤੀ ਬਾਰੇ ਪਤਾ ਕੀਤਾ ਗਿਆ ਤਾਂ ਇਸ ਵਿਅਕਤੀ ਦੀ ਪਹਿਚਾਣ ਕੁਲਦੀਪ ਸਿੰਘ ਵਾਸੀ ਮੁਕੇਰੀਆਂ (ਹੁਸ਼ਿਆਰਪੁਰ) ਵਜੋਂ ਹੋਈ। ਦੱਸਿਆ ਜਾ ਰਿਹਾ ਹੈ ਕਿ ਇਹ ਇਕ ਟਰੱਕ ਡਰਾਈਵਰ ਹੈ।

ਉਧਰ ਪਠਾਨਕੋਟ ਦੇ ਮੁਹੱਲਾ ਸੈਲੀ ਕੁਲੀਆਂ ਦੇ ਕੌਂਸਲਰ ਵਿਸ਼ਵ ਨੇ ਕਿਹਾ ਕਿ ਪੁਲਸ ਤਾਂ ਕਾਰਵਾਈ ਕਰਦੀ ਹੈ ਪਰ ਨਸ਼ਾ ਅਜੇ ਵੀ ਇੱਥੇ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ। ਨੌਜਵਾਨ ਇਸ ਚੱਕੀ ਪੁਲ ਦੇ ਏਰੀਏ ਵਿਚ ਪੱਥਰਾਂ ਵਿਚ ਬੈਠ ਕੇ ਸ਼ਰੇਆਮ ਨਸ਼ਾ ਕਰਦੇ ਹਨ ਅਤੇ ਜਿਉਂ ਹੀ ਪੁਲਸ ਆਉਂਦੀ ਹੈ ਤਾਂ ਉਹ ਭੱਜ ਜਾਂਦੇ ਹਨ। ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਸਰਕਾਰ ਇਸ ’ਤੇ ਸਖ਼ਤੀ ਨਾਲ ਕਾਰਵਾਈ ਕਰੇ।


author

Baljeet Kaur

Content Editor

Related News