ਕਾਰਗਿਲ ਵਿਜੇ ਦਿਵਸ: ਸ਼ਹਾਦਤ ਦੇ 20 ਸਾਲਾਂ ਬਾਅਦ ਵੀ ਨਹੀਂ ਮਿਲਿਆ ਮਿਲਟਰੀ ਮੈਡਲ

Friday, Jul 26, 2019 - 04:05 PM (IST)

ਕਾਰਗਿਲ ਵਿਜੇ ਦਿਵਸ: ਸ਼ਹਾਦਤ ਦੇ 20 ਸਾਲਾਂ ਬਾਅਦ ਵੀ ਨਹੀਂ ਮਿਲਿਆ ਮਿਲਟਰੀ ਮੈਡਲ

ਪਠਾਨਕੋਟ : ਕਾਰਗਿਲ ਯੁੱਧ 'ਚ 13 ਜੈਕ ਰਾਈਫਲ ਯੂਨਿਟ ਦੇ ਲਾਂਸ ਨਾਇਕ ਹਰੀਸ਼ ਪਾਲ ਸ਼ਰਮਾ ਸ਼ਹੀਦ ਹੋ ਗਏ ਸਨ ਪਰ ਉਨ੍ਹਾਂ ਦੇ ਪਰਿਵਾਰ ਲਈ 'ਵਿਜੇ ਦਿਵਸ' ਦਾ ਕੋਈ ਮਤਲਬ ਨਹੀਂ ਹੈ। ਕਿਉਂਕਿ ਉਨ੍ਹਾਂ ਨੂੰ ਇਕ ਅਜਿਹਾ ਜ਼ਖਮ ਮਿਲਿਆ ਹੈ, ਜਿਸ ਨੂੰ ਭਰ ਪਾਉਣਾ ਉਨ੍ਹਾਂ ਲਈ ਮੁਸ਼ਕਲ ਹੈ। ਪੰਜਾਬ ਦੇ ਪਠਾਨਕੋਟ ਵਾਸੀ ਸ਼ਹੀਦ ਹਰੀਸ਼ ਦੀ ਮਾਂ ਰਾਜ ਦੁਲਾਰੀ ਦੀਆਂ ਅੱਖਾਂ ਹਰ ਸਾਲ 'ਵਿਜੇ ਦਿਵਸ' 'ਤੇ ਨਮ ਹੋ ਜਾਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਰਕਾਰ ਕਾਰਗਿਲ ਯੁੱਧ ਦੀ ਜਿੱਤ ਦੇ 20 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹੈ ਪਰ ਇਸ ਜਸ਼ਨ ਦੇ ਪਿੱਛੇ ਘੋਰ ਹਨੇਰਾ ਛਾਇਆ ਹੋਇਆ ਹੈ। ਇਸ 'ਚ ਸਿਸਕੀਆਂ ਸ਼ਾਮਲ ਹਨ, ਉਨ੍ਹਾਂ ਪਰਿਵਾਰਾਂ ਦੀਆਂ ਜਿਨ੍ਹਾਂ ਨੇ ਯੁੱਧ 'ਚ ਆਪਣੇ ਜਿਗਰ ਦੇ ਟੁਕੜਿਆਂ ਨੂੰ ਕੁਰਬਾਨ ਕਰ ਦਿੱਤਾ ਤੇ ਹੁਣ ਸਰਕਾਰ ਦੀ ਅਣਗਹਿਲੀ ਦੇ ਕਾਰਨ ਉਹ ਗੁੰਮਨਾਮੀ ਦਾ ਜੀਵਨ ਬਤੀਤ ਕਰ ਰਹੇ ਹਨ। 

ਪਠਾਨਕੋਟ ਪਿੰਡ ਝਰੌਲੀ ਦੇ ਵਾਸੀ ਲਾਂਸ ਨਾਇਕ ਹਰੀਸ਼ ਪਾਲ ਸ਼ਰਮਾ 15 ਜੂਨ 1999 ਨੂੰ ਆਪਣੀ ਫੌਜ ਟੁਕੜੀ ਸਮੇਤ ਟਾਈਗਰ ਹਿੱਲ ਫਤਿਹ ਕਰਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਬਹਾਦਰੀ ਲਈ ਸਰਕਾਰ ਨੇ ਉਨ੍ਹਾਂ ਨੂੰ ਮਰਨ ਉਪਰੰਤ ਮਿਲਟਰੀ ਮੈਡਲ ਦੇਣ ਦੀ ਘੋਸ਼ਣਾ ਕੀਤੀ ਸੀ ਪਰ 20 ਸਾਲ ਬੀਤ ਜਾਣ ਦੇ ਬਾਵਜੂਦ ਸ਼ਹੀਦ ਦੀ ਮਾਂ ਬਹਾਦਰੀ ਦਾ ਉਹ ਮੈਡਲ ਮਿਲਣ ਦਾ ਇੰਤਜ਼ਾਰ ਕਰ ਰਹੀ ਹੈ। 

ਸ਼ਹੀਦ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਦੌਰ ਇਥੇ ਹੀ ਖਤਮ ਨਹੀਂ ਹੋਇਆ ਬਲਕਿ 20 ਸਾਲ ਬੀਤ ਜਾਣ ਦੇ ਬਾਅਦ ਵੀ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਉਨ੍ਹਾਂ ਦੇ ਸ਼ਹੀਦ ਪੁੱਤਰ ਦੇ ਨਾਂ 'ਤੇ ਨਹੀਂ ਹੋ ਸਕਿਆ। ਗ੍ਰਾਮ ਪੰਚਾਇਤ ਵਲੋਂ ਜੋ ਯਾਦਗਾਰੀ ਗੇਟ ਬਣਾਇਆ ਗਿਆ ਹੈ, ਉਸ ਦੀ ਹਾਲਤ ਵੀ ਬਹੁਤ ਖਰਾਬ ਹੋ ਚੁੱਕੀ ਹੈ। ਜੇਕਰ ਸ਼ਹੀਦ ਜਵਾਨਾਂ ਦੇ ਪਰਿਵਾਰ ਇਸੇ ਤਰ੍ਹਾਂ ਅਣਦੇਖੀ ਦਾ ਸ਼ਿਕਾਰ ਹੁੰਦੇ ਰਹੇ ਤਾਂ ਭਵਿੱਖ 'ਚ ਕੋਈ ਵੀ ਮਾਂ ਆਪਣੇ ਬੱਚੇ ਨੂੰ ਸੈਨਾ 'ਚ ਭੇਜਣ ਤੋਂ ਪਹਿਲਾਂ ਕਈ ਵਾਰ ਸੋਚੇਗੀ।


author

Baljeet Kaur

Content Editor

Related News