ਗੰਦਗੀ ਦੇ ਲੱਗੇ ਢੇਰਾਂ ਤੋਂ ਪਰੇਸ਼ਾਨ ਲੋਕਾਂ ਨੇ ਨਗਰ ਨਿਗਮ ਖਿਲਾਫ ਖੋਲ੍ਹਿਆ ਮੋਰਚਾ
Tuesday, Jul 16, 2019 - 03:13 PM (IST)

ਪਠਾਨਕੋਟ (ਧਰਮਿੰਦਰ) - ਦੇਸ਼ ਦੀ ਸਰਕਾਰ ਇਕ ਪਾਸੇ ਜਿੱਥੇ ਸਵਛ ਭਾਰਤ ਮੁਹਿੰਮ ਨੂੰ ਲੈ ਕੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ, ਉਥੇ ਹੀ ਗੁਰਦਾਸਪੁਰ ਦੇ ਹਲਕਾ ਪਠਾਨਕੋਟ 'ਚ ਇਸ ਮੁਹਿੰਮ ਦੀ ਹਵਾ ਨਿਕਲ ਰਹੀ ਹੈ। ਜਾਣਕਾਰੀ ਅਨੁਸਾਰ ਪਠਾਨਕੋਟ ਦੀਆਂ ਵੱਖ-ਵੱਖ ਥਾਵਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਇਥੋਂ ਦੇ ਮੇਨ ਬਾਜ਼ਾਰ ਦਾ ਗਾੜੀ ਅਹਾਤਾ ਚੌਕ ਗੰਦਗੀ ਕਾਰਨ ਬਦਬੂ ਮਾਰ ਰਿਹਾ ਹੈ, ਜਿਸ ਕਾਰਨ ਉਥੋਂ ਦੇ ਲੋਕਾਂ ਦਾ ਰਹਿਣਾ ਮੁਸ਼ਕਲ ਹੋਇਆ ਪਿਆ ਹੈ। ਇਸ ਮਸੱਸਿਆ ਤੋਂ ਤੰਗ ਆ ਕੇ ਚੌਕ ਦੇ ਆਲੇ-ਦੁਆਲੇ ਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਰੋੜ ਜਾਮ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨਗਰ ਨਿਗਮ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਮਾਹੌਲ ਜ਼ਿਆਦਾ ਖਰਾਬ ਹੁੰਦੇ ਦੇਖ ਅਤੇ ਸੜਕ ਦੇ ਦੋਵਾਂ ਪਾਸਿਆਂ 'ਤੇ ਲੱਗਦਾ ਜਾਮ ਦੇਖ ਨਗਰ ਨਿਗਮ ਦੇ ਮੇਅਰ ਅਤੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਚੌਕ ਤੋਂ ਕੂੜੇ ਦੇ ਢੇਰ ਚੁਕਵਾਉਣ ਦਾ ਭਰੋਸਾ ਦਿੰਦੇ ਹੋਏ ਉਨ੍ਹਾਂ ਨੂੰ ਸ਼ਾਂਤ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅਗੇ ਤੋਂ ਇਸ ਗੱਲ ਦਾ ਧਿਆਨ ਰੱਖਣਗੇ ਅਤੇ ਰੋਜ਼ ਗੰਦਗੀ ਨੂੰ ਸਾਫ ਕਰਾਉਣਗੇ।