ਪਾਰਟੀ ਵਰਕਰਾਂ ਦਾ ਭਾਜਪਾ ਤੋਂ ਹੋਣ ਲੱਗਾ ‘ਮੋਹ ਭੰਗ’, ਕੋਈ ਛੱਡ ਗਿਆ ਤੇ ਕਿਸੇ ਨੂੰ ਕੱਢ ਦਿੱਤਾ

Tuesday, May 30, 2023 - 06:54 PM (IST)

ਪਾਰਟੀ ਵਰਕਰਾਂ ਦਾ ਭਾਜਪਾ ਤੋਂ ਹੋਣ ਲੱਗਾ ‘ਮੋਹ ਭੰਗ’, ਕੋਈ ਛੱਡ ਗਿਆ ਤੇ ਕਿਸੇ ਨੂੰ ਕੱਢ ਦਿੱਤਾ

ਜਲੰਧਰ (ਅਨਿਲ ਪਾਹਵਾ)–ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਫਿਲਹਾਲ ਅਕਾਲੀ ਦਲ ਤੋਂ ਬਿਨਾਂ ਰਾਜਨੀਤੀ ਕਰ ਰਹੀ ਹੈ। ਅਕਾਲੀ ਦਲ ਤੋਂ ਵੱਖ ਹੋ ਕੇ ਪਾਰਟੀ ਹੁਣ ਤਕ 3 ਚੋਣਾਂ ਲੜ ਚੁੱਕੀ ਹੈ, ਜਿਸ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਸੰਗਰੂਰ ਅਤੇ ਜਲੰਧਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਸ਼ਾਮਲ ਹਨ। ਇਨ੍ਹਾਂ ਤਿੰਨਾਂ ਚੋਣਾਂ ਵਿਚ ਭਾਜਪਾ ਨੂੰ ਉਹ ਸਫ਼ਲਤਾ ਨਹੀਂ ਮਿਲੀ, ਜਿਸ ਦੇ ਦਾਅਵੇ ਕੀਤੇ ਜਾ ਰਹੇ ਸਨ। ਹਾਲ ਹੀ ਵਿਚ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਪਾਰਟੀ ਨੇ ਲੋਕ ਸਭਾ ਦੀ ਚੋਣ ਲੜੀ, ਜਿਸ ਵਿਚ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਚਿੰਤਾ ਦਾ ਵਿਸ਼ਾ ਇਹ ਹੈ ਕਿ ਪਾਰਟੀ ਨੂੰ ਜਲੰਧਰ ਵਿਚ ਹੀ ਇਕ ਤੋਂ ਬਾਅਦ ਇਕ ਝਟਕੇ ਲੱਗ ਰਹੇ ਹਨ, ਜਿਸ ਕਾਰਨ ਪਾਰਟੀ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਪੂਰੀ ਭਾਜਪਾ ਲਈ ਚਿੰਤਾ ਦੀ ਗੱਲ ਇਹ ਹੈ ਕਿ ਪਾਰਟੀ ਤੋਂ ਵਰਕਰਾਂ ਦਾ ‘ਮੋਹ ਭੰਗ’ ਹੋ ਰਿਹਾ ਹੈ।

ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਤੋਂ ਬਾਅਦ ਹੁਣ ਪੰਜਾਬ ਵਿਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਣੀਆਂ ਸੰਭਾਵਿਤ ਹਨ, ਜਿਸ ਦੇ ਲਈ ਵਾਰਡਬੰਦੀ ਦਾ ਕੰਮ ਹੋ ਚੁੱਕਾ ਹੈ ਅਤੇ ਚੋਣ ਪ੍ਰਕਿਰਿਆ ਦਾ ਐਲਾਨ ਹੋਣਾ ਬਾਕੀ ਹੈ। ਇਸੇ ਵਿਚਕਾਰ ਪਾਰਟੀ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਜਲੰਧਰ ਵੈਸਟ ਹਲਕੇ ਤੋਂ ਹੋ ਰਹੀ ਹੈ, ਜਿਥੇ ਪਾਰਟੀ ਦੇ ਸਾਬਕਾ ਵਿਧਾਇਕ ਤੋਂ ਲੈ ਕੇ ਕਈ ਮੌਜੂਦਾ ਕੌਂਸਲਰ ਤਕ ਪਾਰਟੀ ਛੱਡ ਗਏ, ਜਿਸ ਤੋਂ ਬਾਅਦ ਵੈਸਟ ਹਲਕੇ ਵਿਚ ਭਾਜਪਾ ਲੀਡਰਸ਼ਿਪ ਤੋਂ ਸੱਖਣੀ ਹੋ ਗਈ ਹੈ।

ਇਹ ਵੀ ਪੜ੍ਹੋ - ਮੁਫ਼ਤ ਬਿਜਲੀ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਨ੍ਹਾਂ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ

2022 ਦੇ ਪਹਿਲਾਂ ਤੋਂ ਸ਼ੁਰੂ ਹੈ ‘ਅਲਵਿਦਾ’ ਕਹਿਣ ਦਾ ਸਿਲਸਿਲਾ
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੈਸਟ ਹਲਕੇ ਵਿਚੋਂ ਪਾਰਟੀ ਦੇ ਆਗੂ ਸ਼ੀਤਲ ਅੰਗੁਰਾਲ ਨੇ ਸਭ ਤੋਂ ਪਹਿਲਾਂ ਅਲਵਿਦਾ ਕਿਹਾ ਅਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ, ਜਿਸ ਤੋਂ ਬਾਅਦ ਉਹ ਵਿਧਾਇਕ ਬਣ ਗਏ ਪਰ ਇਸ ਤੋਂ ਬਾਅਦ ਭਾਜਪਾ ਤੋਂ ਰੁਖ਼ਸਤ ਹੋਣ ਵਾਲੇ ਲੋਕਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਪਾਰਟੀ ਦੇ ਕੁਝ ਕੌਂਸਲਰ ਅਤੇ ਕੌਂਸਲਰਪਤੀ ਕੁਝ ਦੇਰ ਪਹਿਲਾਂ ਭਾਜਪਾ ਨੂੰ ਅਲਵਿਦਾ ਕਹਿ ਗਏ। ਉਸ ਤੋਂ ਬਾਅਦ ਲੋਕ ਸਭਾ ਦੀ ਇਸ ਜ਼ਿਮਨੀ ਚੋਣ ਵਿਚ ਤਾਂ ਰਹੀ-ਸਹੀ ਕਸਰ ਵੀ ਪੂਰੀ ਹੋ ਗਈ ਅਤੇ ਪਾਰਟੀ ਦੇ ਸਾਬਕਾ ਮੰਤਰੀ ਭਗਤ ਚੂਨੀ ਲਾਲ ਦੇ ਸਪੁੱਤਰ ਮਹਿੰਦਰ ਭਗਤ ਵੀ ਪਾਰਟੀ ਛੱਡ ਕੇ ‘ਆਪ’ ਿਵਚ ਸ਼ਾਮਲ ਹੋ ਗਏ।

ਜਿਹੜਾ ਕੋਈ ਬਚਿਆ, ਉਸ ਨੂੰ ਖ਼ੁਦ ਕੱਢ ਦਿੱਤਾ
ਅਜੇ ਇਹ ਸਿਲਸਿਲਾ ਜਾਰੀ ਹੀ ਸੀ ਕਿ ਪਾਰਟੀ ਨੇ ਹੁਣ ਆਪਣੇ ਇਕ ਆਗੂ ਪ੍ਰਦੀਪ ਖੁੱਲਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਖੁੱਲਰ ’ਤੇ ਦੋਸ਼ ਹੈ ਕਿ ਉਨ੍ਹਾਂ ਸੋਸ਼ਲ ਮੀਡੀਆ ’ਤੇ ਪਾਰਟੀ ਦੇ ਖ਼ਿਲਾਫ਼ ਪ੍ਰਚਾਰ ਕੀਤਾ ਪਰ ਜਿਸ ਤਰ੍ਹਾਂ ਪਾਰਟੀ ਵਿਚੋਂ ਇਕ ਤੋਂ ਬਾਅਦ ਇਕ ਆਗੂ ਬਾਹਰ ਜਾ ਰਹੇ ਹਨ, ਉਸ ਨਾਲ ਪਾਰਟੀ ਦਾ ਵੈਸਟ ਹਲਕੇ ਵਿਚ ਸੰਤੁਲਨ ਖਰਾਬ ਹੋ ਗਿਆ ਹੈ। ਪਾਰਟੀ ਕੋਲ ਹੁਣ ਅਜਿਹਾ ਵੱਡਾ ਚਿਹਰਾ ਜਾਂ ਆਗੂ ਨਹੀਂ ਹੈ, ਜਿਸ ਦੇ ਦਮ ’ਤੇ ਭਾਜਪਾ ਇਸ ਇਲਾਕੇ ਵਿਚ ਆਉਣ ਵਾਲੇ ਸਮੇਂ ਵਿਚ ਚੋਣ ਲੜ ਸਕੇ। ਖ਼ਾਸ ਕਰਕੇ ਵੈਸਟ ਹਲਕੇ ਵਿਚ ਪਾਰਟੀ ਆਉਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਜਾਂ ਉਸ ਤੋਂ ਬਾਅਦ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਆਖਿਰ ਕਿਸ ਤਰ੍ਹਾਂ ਨਾਲ ਮੈਦਾਨ ਵਿਚ ਉਤਰੇਗੀ, ਇਹ ਇਕ ਵੱਡਾ ਸਵਾਲ ਹੈ।

ਇਹ ਵੀ ਪੜ੍ਹੋ - ਹੈਰਾਨੀਜਨਕ ਪਰ ਸੱਚ, ਸਰਕਾਰੀ ਬੱਸਾਂ ਨੂੰ ਸਮੇਂ ਸਿਰ ਟੈਕਸ ਨਾ ਭਰਨ ਕਾਰਨ ਲੱਗਾ 69 ਲੱਖ ਦਾ ਜੁਰਮਾਨਾ

‘ਇਗਨੋਰ’ ਮਹਿਸੂਸ ਕਰ ਰਿਹਾ ਵਰਕਰ
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਹਾਰ ਤੋਂ ਬਾਅਦ ਪਾਰਟੀ ਨੇ ਇਸ ਮਾਮਲੇ ਵਿਚ ਗੰਭੀਰਤਾ ਨਹੀਂ ਦਿਖਾਈ ਅਤੇ ਲਗਾਤਾਰ ਪਾਰਟੀ ਵਿਚ ਲੋਕਾਂ ਨਾਲ ਤਾਲਮੇਲ ਬਣਾਉਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ। ਖਾਸ ਕਰ ਕੇ ਆਪਣੇ ਵਰਕਰਾਂ ਦੇ ਨਾਲ ਹੀ ਪਾਰਟੀ ਉਸ ਪੱਧਰ ’ਤੇ ਤਾਲਮੇਲ ਕਾਇਮ ਨਹੀਂ ਕਰ ਪਾ ਰਹੀ, ਜਿਸ ਪੱਧਰ ’ਤੇ ਹੋਣਾ ਚਾਹੀਦਾ ਹੈ। ਪਾਰਟੀ ਦਾ ਵਰਕਰ ਖੁਦ ਨੂੰ ਇਗਨੋਰ ਮਹਿਸੂਸ ਕਰ ਰਿਹਾ ਹੈ, ਜਿਸ ਕਾਰਨ ਪਾਰਟੀ ਆਗੂ ਲਗਾਤਾਰ ਵੱਖ ਹੋ ਰਹੇ ਹਨ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਬਾਹਰ ਜਾ ਰਹੇ ਲੋਕਾਂ ਨੂੰ ਰੋਕਣ ਲਈ ਕੋਈ ਵੀ ਆਗੂ ਜ਼ਿਲੇ ਵਿਚ ਖ਼ਾਸ ਕਰਕੇ ਵੈਸਟ ਹਲਕੇ ਵਿਚ ਨਹੀਂ ਬਚਿਆ ਅਤੇ ਇਹ ਸਭ ਉਦੋਂ ਹੋ ਰਿਹਾ ਹੈ, ਜਦੋਂ ਕੇਂਦਰੀ ਪੱਧਰ ਦੇ ਆਗੂ ਅਸਿੱਧੇ ਤੌਰ ’ਤੇ ਇਲਾਕੇ ਵਿਚ ਮੌਜੂਦ ਹਨ।

ਪਾਰਟੀ ਦੇ ਸਖ਼ਤ ਫ਼ੈਸਲੇ ਦਾ ਸਵਾਗਤ, ਘਰ ਦੀ ਛੱਤ ’ਤੇ ਝੰਡਾ ਕਮਲ ਦਾ ਹੀ ਰਹੇਗਾ : ਪ੍ਰਦੀਪ ਖੁੱਲਰ
ਜਲੰਧਰ ਵੈਸਟ ਤੋਂ ਭਾਜਪਾ ਦੇ ਮੀਤ ਪ੍ਰਧਾਨ ਪ੍ਰਦੀਪ ਖੁੱਲਰ ਨੇ ਪਾਰਟੀ ਵਿਚੋਂ ਕੱਢੇ ਜਾਣ ਨੂੰ ਪਾਰਟੀ ਦਾ ਸਖ਼ਤ ਫੈਸਲਾ ਦੱਸਿਆ ਹੈ ਪਰ ਨਾਲ ਹੀ ਉਸ ਦਾ ਸਵਾਗਤ ਵੀ ਕੀਤਾ। ਖੁੱਲਰ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਉਨ੍ਹਾਂ ਦੀ ਉਸ ਗੱਲ ਲਈ ਉਨ੍ਹਾਂ ’ਤੇ ਐਕਸ਼ਨ ਲਿਆ ਗਿਆ, ਜਿਸ ਵਿਚ ਉਨ੍ਹਾਂ ਪਾਰਟੀ ਦੇ ਖ਼ਿਲਾਫ਼ ਕੁਝ ਨਹੀਂ ਕਿਹਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਸੋਸ਼ਲ ਮੀਡੀਆ ਪੋਸਟ ’ਤੇ ਸਿਰਫ ਵਾਰਡ ਨੰਬਰ 45 ਵਿਚ ਕਮਲਜੀਤ ਭਾਟੀਆ ਨੂੰ ਲੈ ਕੇ ਜ਼ਿਕਰ ਕੀਤਾ ਸੀ। ਕਿਤੇ ਵੀ ਉਨ੍ਹਾਂ ਨੇ ਪਾਰਟੀ ਦੇ ਖਿਲਾਫ ਇਕ ਵੀ ਸ਼ਬਦ ਦੀ ਵਰਤੋਂ ਨਹੀਂ ਕੀਤੀ। ਖੁੱਲਰ ਨੇ ਕਿਹਾ ਕਿ ਭਾਜਪਾ ਪਾਰਟੀ ਤੋਂ ਪਹਿਲਾਂ ਇਕ ਪਰਿਵਾਰ ਹੈ ਅਤੇ ਪਰਿਵਾਰ ਦੇ ਮੈਂਬਰਾਂ ਵਿਚ ਕਦੀ-ਕਦੀ ਗੁੱਸਾ-ਗਿਲਾ ਹੁੰਦਾ ਹੀ ਰਹਿੰਦਾ ਹੈ। ਜਿੰਨੀ ਸਜ਼ਾ ਉਨ੍ਹਾਂ ਨੂੰ ਹਾਈ ਕਮਾਨ ਨੇ ਦਿੱਤੀ ਹੈ, ਉਹ ਉਸਨੂੰ ਕੱਟਣਗੇ ਅਤੇ ਇਸ ਸਜ਼ਾ ਦਰਮਿਆਨ ਵੀ ਪਾਰਟੀ ਦੀ ਸੇਵਾ ਬੂਥ ਲੈਵਲ ਅਤੇ ਜਨਤਾ ਦੀ ਸੇਵਾ ਪਹਿਲਾਂ ਵਾਂਗ ਰਾਸ਼ਟਰੀ ਸਵੈਮ-ਸੇਵਕ ਸੰਘ ਦੀ ਪ੍ਰੇਰਣਾ ਨਾਲ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਪਣੀ ਸੋਚ ਅਤੇ ਵਿਚਾਰਧਾਰਾ ਨੂੰ ਪਾਰਟੀ ਦੀਆਂ ਨੀਤੀਆਂ ਦੇ ਅਧੀਨ ਰੱਖਾਂਗਾ ਅਤੇ ਉਨ੍ਹਾਂ ਦੇ ਘਰ ਦੀ ਛੱਤ ’ਤੇ ਪਾਰਟੀ ਦਾ ਕਮਲ ਦੇ ਨਿਸ਼ਾਨ ਵਾਲਾ ਝੰਡਾ ਹੀ ਲਹਿਰਾਉਂਦਾ ਰਹੇਗਾ।

ਇਹ ਵੀ ਪੜ੍ਹੋ -ਸਮਲਿੰਗੀ ਫ਼ੌਜੀਆਂ ਨੂੰ ਲੈ ਕੇ ਵੱਡਾ ਖ਼ੁਲਾਸਾ, ਔਰਤਾਂ ਦੀਆਂ ਤਸਵੀਰਾਂ ਵਿਖਾ ਲਾਏ ਜਾਂਦੇ ਸਨ ਬਿਜਲੀ ਦੇ ਝਟਕੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News