ਪੰਜਾਬ ਵਿਧਾਨ ਸਭਾ ਚੋਣਾਂ ਲੜਣਗੇ ਅੰਮ੍ਰਿਤਪਾਲ ਸਿੰਘ, ਪਾਰਟੀ ਨੇ ਐਲਾਨਿਆ CM ਚਿਹਰਾ
Monday, Jul 20, 2026 - 05:21 PM (IST)
ਚੰਡੀਗੜ੍ਹ (ਵੈੱਬ ਡੈਸਕ): ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਣਗੇ। ਪਾਰਟੀ ਵੱਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਚਿਹਰਾ ਵੀ ਐਲਾਨ ਦਿੱਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤੀ ਹੈ।
ਉਨ੍ਹਾਂ ਸਪਸ਼ਟ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਵਿਧਾਨ ਸਭਾ ਦੀ ਚੋਣ ਜ਼ਰੂਰ ਲੜਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਗਿਆ ਹੈ। ਉਹ ਵਿਧਾਨ ਸਭਾ ਚੋਣ ਕਿਸ ਹਲਕੇ ਤੋਂ ਲੜਣਗੇ, ਇਸ ਬਾਰੇ ਫ਼ੈਸਲਾ ਪਾਰਟੀ ਵੱਲੋਂ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਮੌਜੂਦ ਸਨ।
ਇੱਥੇ ਦੱਸ ਦਈਏ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਨੇ ਜੇਲ੍ਹ ਦੇ ਅੰਦਰੋਂ ਹੀ 2024 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ ਤੇ 1 ਲੱਖ 97 ਹਜ਼ਾਰ ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਉਹ ਜੇਲ੍ਹ ਵਿਚ ਹੋਣ ਕਾਰਨ ਇਕ ਵਾਰ ਵੀ ਲੋਕ ਸਭਾ ਦੇ ਕਿਸੇ ਸੈਸ਼ਨ ਵਿਚ ਹਿੱਸਾ ਨਹੀਂ ਲੈ ਸਕੇ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ 2027 ਦੀਆਂ ਚੋਣਾਂ ਤਕ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਜੇਲ੍ਹ ਦੇ ਅੰਦਰੋਂ ਹੀ ਵਿਧਾਨ ਸਭਾ ਚੋਣ ਵੀ ਲੜਣਗੇ।
