ਭੂਪੇਸ਼ ਬਘੇਲ ਹਾਈਕਮਾਨ ਅੱਗੇ ਰੱਖਣਗੇ ਪੰਜਾਬ ਦੌਰੇ ਦੀ ਪੂਰੀ ਰਿਪੋਰਟ, ਪ੍ਰਤਾਪ ਸਿੰਘ ਬਾਜਵਾ ਪੁੱਜੇ ਦਿੱਲੀ
Wednesday, Jul 15, 2026 - 10:19 AM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਕਾਂਗਰਸ 'ਚ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਲੈ ਕੇ ਅੱਜ ਦਿੱਲੀ 'ਚ ਕਾਂਗਰਸ ਹਾਈਕਮਾਨ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ 'ਚ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਆਪਣੇ 5 ਦਿਨਾਂ ਦੇ ਪੰਜਾਬ ਦੌਰੇ ਦੀ ਵਿਸਥਾਰ ਪੂਰਵਕ ਰਿਪੋਰਟ ਹਾਈਕਮਾਨ ਅੱਗੇ ਪੇਸ਼ ਕਰਨਗੇ। ਚਰਚਾ ਹੈ ਕਿ ਉਹ ਸਭ ਤੋਂ ਪਹਿਲਾਂ ਕੇ. ਸੀ. ਵੇਣੂਗੋਪਾਲ ਨਾਲ ਮੁਲਾਕਾਤ ਕਰਨਗੇ, ਜਿਸ ਤੋਂ ਬਾਅਦ ਰਾਹੁਲ ਗਾਂਧੀ ਨਾਲ ਵੀ ਵਿਚਾਰ-ਵਟਾਂਦਰਾ ਹੋ ਸਕਦਾ ਹੈ। ਇਸ ਮੀਟਿੰਗ ਨੂੰ ਪੰਜਾਬ ਕਾਂਗਰਸ 'ਚ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਦੇ ਨਜ਼ਰੀਏ ਨਾਲ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਭੂਪੇਸ਼ ਬਘੇਲ ਨੇ ਹਾਲ ਹੀ 'ਚ ਪੰਜਾਬ ਦਾ ਪੰਜ ਦਿਨਾਂ ਦੌਰਾ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ, ਵਿਧਾਇਕਾਂ, ਸਾਬਕਾ ਵਿਧਾਇਕਾਂ, ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਸਮੇਤ ਵੱਖ-ਵੱਖ ਧਿਰਾਂ ਦੇ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ। ਉਨ੍ਹਾਂ ਨੇ ਕਈ ਕਾਂਗਰਸੀ ਆਗੂਆਂ ਦੇ ਘਰ ਜਾ ਕੇ ਵੀ ਫੀਡਬੈਕ ਇਕੱਠਾ ਕੀਤਾ ਅਤੇ ਸੰਗਠਨ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਇਹ ਵੀ ਦੱਸ ਦੇਈਏ ਕਿ ਇਸ ਮੀਟਿੰਗ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਿੱਲੀ ਪਹੁੰਚ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਕੇ. ਸੀ. ਵੈਣੂੰਗੋਪਾਲ ਨਾਲ ਮੁਲਾਕਾਤ ਕਰ ਸਕਦੇ ਹਨ।
ਇਹ ਵੀ ਪੜ੍ਹੋ : ਖਰੜ-ਮੋਰਿੰਡਾ ਹਾਈਵੇ 'ਤੇ ਸਥਿਤੀ ਟੋਲ ਪਲਾਜ਼ਾ ਕੀਤਾ ਗਿਆ ਫਰੀ, ਬਿਨਾਂ ਪਰਚੀ ਕਟਾਏ ਲੰਘੇ ਵਾਹਨ
ਭਾਵੇਂ ਪੰਜ ਦਿਨਾਂ ਦੇ ਦੌਰੇ ਦੌਰਾਨ ਜ਼ਿਆਦਾਤਰ ਸਮਾਂ ਸੰਗਠਨਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਜ਼ਿਲ੍ਹਾ ਪੱਧਰ ਦੇ ਆਗੂਆਂ ਨਾਲ ਗੱਲਬਾਤ 'ਚ ਲਗਾਇਆ ਗਿਆ ਪਰ ਸਭ ਤੋਂ ਵੱਧ ਚਰਚਾ ਉਸ ਮੀਟਿੰਗ ਦੀ ਰਹੀ, ਜੋ ਨਾਰਾਜ਼ ਧੜੇ ਨਾਲ ਹੋਈ। ਜਾਣਕਾਰੀ ਮੁਤਾਬਕ ਇਸ ਧੜੇ ਨਾਲ ਭੂਪੇਸ਼ ਬਘੇਲ ਨੇ ਕਰੀਬ ਡੇਢ ਘੰਟਾ ਚਰਚਾ ਕੀਤੀ। ਇਹ ਉਹੀ ਧੜਾ ਹੈ, ਜਿਸ ਦੀ ਨਾਰਾਜ਼ਗੀ ਕਾਰਨ ਪੰਜਾਬ ਕਾਂਗਰਸ 'ਚ ਪਿਛਲੇ ਕਈ ਦਿਨਾਂ ਤੋਂ ਸਿਆਸੀ ਹਲਚਲ ਬਣੀ ਹੋਈ ਹੈ। ਇਸ ਮੀਟਿੰਗ ਦੌਰਾਨ ਨਾਰਾਜ਼ ਆਗੂਆਂ ਨੇ ਆਪਣੇ ਵਿਚਾਰ ਅਤੇ ਇਤਰਾਜ਼ ਖੁੱਲ੍ਹ ਕੇ ਭੂਪੇਸ਼ ਬਘੇਲ ਸਾਹਮਣੇ ਰੱਖੇ। ਹੁਣ ਇਹ ਸਾਰਾ ਫੀਡਬੈਕ ਦਿੱਲੀ 'ਚ ਹਾਈਕਮਾਨ ਅੱਗੇ ਰੱਖਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਕੇ. ਸੀ. ਵੇਣੂਗੋਪਾਲ ਨੂੰ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਹਾਈਕਮਾਨ ਅਗਲੇ ਕਦਮਾਂ 'ਤੇ ਵਿਚਾਰ ਕਰੇਗੀ। ਰਾਹੁਲ ਗਾਂਧੀ ਨਾਲ ਸੰਭਾਵਿਤ ਮੀਟਿੰਗ 'ਚ ਵੀ ਪੰਜਾਬ ਕਾਂਗਰਸ ਦੇ ਸੰਗਠਨਕ ਹਾਲਾਤ ਅਤੇ ਵਿਵਾਦ ਨੂੰ ਖ਼ਤਮ ਕਰਨ ਲਈ ਸੰਭਾਵਿਤ ਰਣਨੀਤੀ 'ਤੇ ਚਰਚਾ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵੱਡੇ ਮੈਡੀਕਲ ਕਾਲਜ ਤੇ ਹਸਪਤਾਲ ਦਾ ਸ਼ਰਮਨਾਕ ਕਾਰਾ, ਜਾਣੋ ਕੀ ਹੈ ਪੂਰਾ ਮਾਮਲਾ
ਸਿਆਸੀ ਹਲਕਿਆਂ 'ਚ ਇਸ ਮੀਟਿੰਗ ਨੂੰ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਕਾਂਗਰਸ ਵਿੱਚ ਪਿਛਲੇ ਕੁੱਝ ਹਫ਼ਤਿਆਂ ਤੋਂ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ ਹੈ। ਕਈ ਸੀਨੀਅਰ ਆਗੂ ਸੰਗਠਨਕ ਫ਼ੈਸਲਿਆਂ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ। ਅਜਿਹੇ 'ਚ ਹਾਈਕਮਾਨ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪਾਰਟੀ ਨੂੰ ਇੱਕਜੁੱਟ ਰੱਖਣ ਅਤੇ ਵੱਧਦੇ ਸਿਆਸੀ ਨੁਕਸਾਨ ਨੂੰ ਰੋਕਣ ਦੀ ਹੈ। ਭੂਪੇਸ਼ ਬਘੇਲ ਨੂੰ ਇਸ ਪੂਰੇ ਮਾਮਲੇ 'ਚ ਹਾਈਕਮਾਨ ਦੇ ਭਰੋਸੇਮੰਦ ਨਿਗਰਾਨ ਅਤੇ ਸੰਕਟ ਮੋਚਕ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਸਭ ਦੀਆਂ ਨਜ਼ਰਾਂ ਦਿੱਲੀ 'ਚ ਹੋ ਰਹੇ ਮੰਥਨ 'ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਇਸ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਪੰਜਾਬ ਕਾਂਗਰਸ 'ਚ ਚੱਲ ਰਹੇ ਕਲੇਸ਼ ਨੂੰ ਖ਼ਤਮ ਕਰਨ ਅਤੇ ਸੰਗਠਨ ਨੂੰ ਮੁੜ ਇੱਕਜੁੱਟ ਕਰਨ ਲਈ ਹਾਈਕਮਾਨ ਕਿਹੜੇ ਫ਼ੈਸਲੇ ਲੈਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਤਾਜਪੋਸ਼ੀ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਪੁੱਜੇ ਪਰਗਟ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਟੇਕਿਆ ਮੱਥਾ (ਤਸਵੀਰਾਂ)
