ਪੰਜਾਬ ’ਚ ਰਾਹੁਲ ਗਾਂਧੀ ਦੇ ਚਿਹਰੇ ’ਤੇ ਲੜੀਆਂ ਜਾਣਗੀਆਂ 2027 ਦੀਆਂ ਵਿਧਾਨ ਸਭਾ ਚੋਣਾਂ : ਬਘੇਲ
Saturday, Jul 11, 2026 - 01:54 PM (IST)
ਚੰਡੀਗੜ੍ਹ (ਵਿਨੈ)- ਕਾਂਗਰਸ ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਤੋਂ ਐਲਾਨ ਨਹੀਂ ਕਰੇਗੀ। 2027 ਦੀਆਂ ਵਿਧਾਨ ਸਭਾ ਚੋਣਾਂ ਰਾਹੁਲ ਗਾਂਧੀ ਦੇ ਚਿਹਰੇ ਨੂੰ ਆਧਾਰ ਬਣਾ ਕੇ ਲੜੀਆਂ ਜਾਣਗੀਆਂ। ਕਾਂਗਰਸ ਪੰਜਾਬ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਸਾਰਿਆਂ ਦੀ ਸਹਿਮਤੀ ਨਾਲ ਮੁੱਖ ਮੰਤਰੀ ਦੀ ਚੋਣ ਕਰੇਗੀ। ਇਹ ਖੁਲਾਸਾ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਕੀਤਾ। ਇੰਟਰਵਿਊ ਵਿਚ ਬਘੇਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :-
ਤੁਸੀਂ ਪੰਜਾਬ ਦਾ ਦੌਰਾ 3 ਦਿਨ ਹੋਰ ਵਧਾਇਆ ਹੈ ਅਤੇ ਚੰਨੀ ਨਾਲ ਮੁਲਾਕਾਤ ਦਾ ਸਮਾਂ ਤੈਅ ਕੀਤਾ ਹੈ, ਇਸ ਦਾ ਮੁੱਖ ਮਕਸਦ ਕੀ ਹੈ?
ਪੰਜਾਬ ਕਾਂਗਰਸ ਨੂੰ ਆਗਾਮੀ ਸਿਆਸੀ ਚੁਣੌਤੀਆਂ ਲਈ ਤਿਆਰ ਕਰਨਾ ਇਸ ਦੌਰੇ ਦਾ ਮੁੱਖ ਮਕਸਦ ਹੈ। ਮੈਂ ਲਗਾਤਾਰ ਪਾਰਟੀ ਨੇਤਾਵਾਂ, ਵਿਧਾਇਕਾਂ, ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੁਲਾਕਾਤ ਕਰ ਰਿਹਾ ਹਾਂ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਸੀਨੀਅਰ ਨੇਤਾਵਾਂ ਨਾਲ ਸੰਗਠਨ ਦੀ ਮਜ਼ਬੂਤੀ, ਪਾਰਟੀ ਦੀ ਇਕਜੁੱਟਤਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ’ਤੇ ਵਿਸਥਾਰ ਨਾਲ ਚਰਚਾ ਹੋਵੇਗੀ। ਕਾਂਗਰਸ ਦਾ ਟੀਚਾ ਪੰਜਾਬ ਵਿਚ ਮੁੜ ਤੋਂ ਮਜ਼ਬੂਤ ਸਿਆਸੀ ਬਦਲ ਵਜੋਂ ਉਭਰਨਾ ਹੈ।
ਪੰਜਾਬ ਕਾਂਗਰਸ ਦੇ ਸਾਹਮਣੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਭ ਤੋਂ ਵੱਡੀਆਂ ਚੁਣੌਤੀਆਂ ਕੀ ਹਨ?
ਸਭ ਤੋਂ ਵੱਡੀ ਚੁਣੌਤੀ ਸੰਗਠਨ ਨੂੰ ਪੂਰੀ ਤਰ੍ਹਾਂ ਇਕਜੁੱਟ ਰੱਖਣਾ ਅਤੇ ਜਨਤਾ ਵਿਚਾਲੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨਾ ਹੈ। ਪੰਜਾਬ ਦੇ ਲੋਕ ਰੁਜ਼ਗਾਰ, ਖੇਤੀਬਾੜੀ, ਉਦਯੋਗ, ਕਾਨੂੰਨ ਵਿਵਸਥਾ ਅਤੇ ਨਸ਼ੇ ਵਰਗੇ ਮੁੱਦਿਆਂ ਦਾ ਹੱਲ ਚਾਹੁੰਦੇ ਹਨ। ਕਾਂਗਰਸ ਨੂੰ ਇਨ੍ਹਾਂ ਮੁੱਦਿਆਂ ’ਤੇ ਸਪੱਸ਼ਟ ਰੋਡਮੈਪ ਦੇ ਨਾਲ ਜਨਤਾ ਦੇ ਵਿਚਕਾਰ ਜਾਣਾ ਹੋਵੇਗਾ। ਇਸ ਦੇ ਨਾਲ ਹੀ ਸਾਨੂੰ ਬੂਥ ਪੱਧਰ ਤੱਕ ਸੰਗਠਨ ਨੂੰ ਸਰਗਰਮ ਬਣਾ ਕੇ ਵਰਕਰਾਂ ਨੂੰ ਜ਼ਿੰਮੇਵਾਰੀ ਦੇਣੀ ਹੋਵੇਗੀ। ਬਦਲਦੇ ਸਿਆਸੀ ਮਾਹੌਲ ਵਿਚ ਜਨਤਾ ਦੀਆਂ ਉਮੀਦਾਂ ਮੁਤਾਬਕ ਕੰਮ ਕਰਨਾ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।
ਕਾਂਗਰਸ ਦੇ ਅੰਦਰੂਨੀ ਹਾਲਾਤ ਸੁਧਾਰਨ ਲਈ ਆਲਾ ਕਮਾਨ ਦੇ ਨਿਰਦੇਸ਼ਾਂ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ?
ਕਾਂਗਰਸ ਲੀਡਰਸ਼ਿਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਿੱਜੀ ਇੱਛਾਵਾਂ ਨਾਲੋਂ ਪਾਰਟੀ ਦਾ ਹਿੱਤ ਉੱਪਰ ਹੈ। ਪੰਜਾਬ ਵਿਚ ਸਾਰੇ ਸੀਨੀਅਰ ਨੇਤਾਵਾਂ ਅਤੇ ਵਰਕਰਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਜਿੱਥੇ ਵੀ ਮਤਭੇਦ ਹਨ, ਉਨ੍ਹਾਂ ਨੂੰ ਗੱਲਬਾਤ ਅਤੇ ਆਪਸੀ ਸਹਿਮਤੀ ਨਾਲ ਦੂਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸੰਗਠਨ ਦੇ ਹਰ ਪੱਧਰ ’ਤੇ ਤਾਲਮੇਲ ਵਧਾਉਣ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਸਾਡੀ ਕੋਸ਼ਿਸ਼ ਹੈ ਕਿ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਜਨਤਾ ਦੇ ਵਿਚਕਾਰ ਜਾਵੇ।
ਕੀ ਕਾਂਗਰਸ 2027 ਦੀਆਂ ਚੋਣਾਂ ਲੜਨ ਲਈ ਸਮਰੱਥ ਸਥਿਤੀ ਵਿਚ ਹੈ?
ਬਿਲਕੁਲ, ਕਾਂਗਰਸ ਅੱਜ ਵੀ ਪੰਜਾਬ ਦੀਆਂ ਸਭ ਤੋਂ ਮਜ਼ਬੂਤ ਸਿਆਸੀ ਤਾਕਤਾਂ ’ਚੋਂ ਇਕ ਹੈ। ਪਾਰਟੀ ਕੋਲ ਤਜਰਬੇਕਾਰ ਲੀਡਰਸ਼ਿਪ, ਮਜ਼ਬੂਤ ਜਥੇਬੰਦਕ ਢਾਂਚਾ ਅਤੇ ਜ਼ਮੀਨੀ ਪੱਧਰ ’ਤੇ ਸਮਰਪਿਤ ਵਰਕਰ ਹਨ। ਜੇ ਅਸੀਂ ਪੂਰੀ ਇਕਜੁੱਟਤਾ ਨਾਲ ਕੰਮ ਕਰੀਏ ਤਾਂ ਕਾਂਗਰਸ 2027 ਵਿਚ ਸੱਤਾ ਲਈ ਮਜ਼ਬੂਤ ਦਾਅਵੇਦਾਰੀ ਪੇਸ਼ ਕਰੇਗੀ। ਅਸੀਂ ਹੁਣ ਤੋਂ ਹੀ ਚੋਣ ਤਿਆਰੀ, ਜਨ-ਸੰਪਰਕ ਮੁਹਿੰਮ ਅਤੇ ਸੰਗਠਨ ਦੇ ਵਿਸਥਾਰ ’ਤੇ ਕੰਮ ਕਰ ਰਹੇ ਹਾਂ।
2027 ’ਚ ਕਾਂਗਰਸ ਦਾ ਸਖ਼ਤ ਮੁਕਾਬਲਾ ਕਿਸ ਪਾਰਟੀ ਨਾਲ ਹੋਣ ਦੀ ਸੰਭਾਵਨਾ ਹੈ?
ਵਰਤਮਾਨ ਵਿਚ ਆਮ ਆਦਮੀ ਪਾਰਟੀ ਸੱਤਾ ਵਿਚ ਹੈ, ਇਸ ਲਈ ਸੁਭਾਵਿਕ ਤੌਰ ’ਤੇ ਉਸ ਦਾ ਕਮਜ਼ੋਰ ਪ੍ਰਦਰਸ਼ਨ ਜਨਤਾ ਦੇ ਸਾਹਮਣੇ ਸਭ ਤੋਂ ਵੱਡਾ ਮੁੱਦਾ ਹੋਵੇਗਾ। ਭਾਜਪਾ ਵੀ ਪੰਜਾਬ ਵਿਚ ਆਪਣੇ ਸਿਆਸੀ ਵਿਸਥਾਰ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਹੋਰ ਖੇਤਰੀ ਪਾਰਟੀਆਂ ਵੀ ਸਰਗਰਮ ਹਨ ਪਰ ਕਾਂਗਰਸ ਕਿਸੇ ਇਕ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਸਿਆਸਤ ਨਹੀਂ ਕਰ ਰਹੀ। ਸਾਡਾ ਫੋਕਸ ਜਨਤਾ ਦੇ ਮੁੱਦਿਆਂ ’ਤੇ ਹੈ। ਸਾਨੂੰ ਵਿਸ਼ਵਾਸ ਹੈ ਕਿ ਜਨਤਾ ਦੇ ਸਮਰਥਨ ਦੇ ਆਧਾਰ ’ਤੇ ਕਾਂਗਰਸ ਸਾਰੀਆਂ ਪਾਰਟੀਆਂ ਦਾ ਮਜ਼ਬੂਤੀ ਨਾਲ ਮੁਕਾਬਲਾ ਕਰੇਗੀ।
ਚਰਨਜੀਤ ਸਿੰਘ ਚੰਨੀ ਸਮੇਤ ਨਾਰਾਜ਼ ਨੇਤਾਵਾਂ ਨੂੰ ਕਿਸ ਤਰ੍ਹਾਂ ਮਨਾਓਗੇ?
ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਦਾ ਸਮਾਂ ਕੱਲ੍ਹ ਤੈਅ ਸੀ ਪਰ ਮੋਰਿੰਡਾ ਵਿਚ ਲੋਕਲ ਬਾਡੀਜ਼ ਚੋਣਾਂ ਵਿਚ ਉਨ੍ਹਾਂ ਦੇ ਬਿਜ਼ੀ ਹੋਣ ਕਾਰਨ ਹੁਣ ਸ਼ਨੀਵਾਰ ਨੂੰ ਮਿਲਣ ਦਾ ਸਮਾਂ ਤੈਅ ਹੋਇਆ ਹੈ। ਚੰਨੀ ਤੋਂ ਇਲਾਵਾ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਕਈ ਹੋਰ ਆਗੂ ਵੀ ਉਨ੍ਹਾਂ ਨੂੰ ਮਿਲਣਗੇ। ਸਾਰੇ ਪਹਿਲੂਆਂ ’ਤੇ ਚਰਚਾ ਹੋਣ ਤੋਂ ਬਾਅਦ ਕਾਂਗਰਸ ਦੀ ਚੋਣ ਰਣਨੀਤੀ ਨੂੰ ਲੈ ਕੇ ਅਗਲੀਆਂ ਗਤੀਵਿਧੀਆਂ ਤੈਅ ਕੀਤੀਆਂ ਜਾਣਗੀਆਂ। ਇਕੋ ਇਕ ਟੀਚਾ ਹੈ ਕਿ 2027 ਵਿਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਾ ਕੇ ਦੇਣੀ ਹੈ, ਤਾਂ ਜੋ ਪੰਜਾਬ ਆਪਣੀ ਪੁਰਾਣੀ ਪਛਾਣ ਹਾਸਲ ਕਰਨ ਵੱਲ ਅੱਗੇ ਵਧ ਸਕੇ।
ਤੁਸੀਂ ਈ-20 ਪੈਟਰੋਲ ਨੂੰ ਲੈ ਕੇ ਕੇਂਦਰ ਸਰਕਾਰ ਦੀ ਨੀਤੀ ਦਾ ਵਿਰੋਧ ਕੀਤਾ ਹੈ, ਤੁਹਾਡਾ ਮੁੱਖ ਇਤਰਾਜ਼ ਕੀ ਹੈ?
ਭਾਜਪਾ ਸਰਕਾਰ ਬਿਨਾਂ ਲੋੜੀਂਦੀ ਖੋਜ ਅਤੇ ਤਿਆਰੀ ਦੇ ਦੇਸ਼ ਦੀ ਜਨਤਾ ’ਤੇ ਇਥੇਨੌਲ ਮਿਸ਼ਰਿਤ ਈ-20 ਪੈਟਰੋਲ ਥੋਪ ਰਹੀ ਹੈ। ਇਸ ਨਾਲ ਵਾਹਨ ਮਾਲਕਾਂ ਦੀਆਂ ਚਿੰਤਾਵਾਂ ਵਧ ਰਹੀਆਂ ਹਨ। ਸਰਕਾਰ ਨੂੰ ਪਹਿਲਾਂ ਵਿਗਿਆਨਕ ਅਧਿਐਨ, ਤਕਨੀਕੀ ਟੈਸਟਿੰਗ ਅਤੇ ਖਪਤਕਾਰਾਂ ’ਤੇ ਇਸ ਦੇ ਪ੍ਰਭਾਵ ਦਾ ਵਿਆਪਕ ਮੁਲਾਂਕਣ ਕਰਨਾ ਚਾਹੀਦਾ ਸੀ ਪਰ ਅਜਿਹਾ ਲੱਗਦਾ ਹੈ ਕਿ ਕੁਝ ਚੋਣਵੇਂ ਉਦਯੋਗਪਤੀਆਂ ਦੇ ਨਾਲ-ਨਾਲ ਸਰਕਾਰ ਵਿਚ ਹੀ ਬੈਠੇ ਕੁਝ ਖ਼ਾਸ ਲੋਕਾਂ ਨੂੰ ਲਾਭ ਪਹੁੰਚਾਉਣ ਦੀ ਜਲਦਬਾਜ਼ੀ ਵਿਚ ਇਸ ਨੀਤੀ ਨੂੰ ਅੱਗੇ ਵਧਾਇਆ ਗਿਆ ਹੈ। ਜਨਤਾ ਦੇ ਹਿੱਤਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ, ਇਸ ਲਈ ਕਾਂਗਰਸ ਇਸ ਦਾ ਜ਼ਬਰਦਸਤ ਵਿਰੋਧ ਕਰੇਗੀ।
ਪੰਜਾਬ ਦੀ ਜਨਤਾ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਕਾਂਗਰਸ ਜਨਤਾ ਦੇ ਮੁੱਦਿਆਂ ਦੀ ਲੜਾਈ ਲੜਨ ਲਈ ਵਚਨਬੱਧ ਹੈ। ਸਾਡਾ ਟੀਚਾ ਪੰਜਾਬ ਵਿਚ ਮਜ਼ਬੂਤ, ਜਵਾਬਦੇਹ ਅਤੇ ਲੋਕ-ਪੱਖੀ ਸਿਆਸਤ ਨੂੰ ਅੱਗੇ ਵਧਾਉਣਾ ਹੈ। ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ, ਵਰਕਰਾਂ ਨੂੰ ਸਰਗਰਮ ਕਰਨ ਅਤੇ ਜਨਤਾ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਾਨੂੰ ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕ 2027 ਵਿਚ ਕਾਂਗਰਸ ਨੂੰ ਇਕ ਮਜ਼ਬੂਤ ਬਦਲ ਵਜੋਂ ਦੇਖਣਗੇ।
