VC ਨਾਲ ਸਿਹਤ ਮੰਤਰੀ ਦੇ ਰਵੱਈਏ 'ਤੇ ਭੜਕੇ ਪ੍ਰਤਾਪ ਬਾਜਵਾ, ਦਿੱਤਾ ਵੱਡਾ ਬਿਆਨ
Saturday, Jul 30, 2022 - 03:29 PM (IST)
ਗੁਰਦਾਸਪੁਰ (ਜੀਤ ਮਠਾਰੂ) - ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਦੇ ਵਾਈਸ-ਚਾਂਸਲਰ ਡਾ: ਰਾਜ ਬਹਾਦਰ ਦੀ ਕੀਤੀ ਗਈ ਕਥਿਤ ਬੇਇਜ਼ਤੀ ਦੀ ਪ੍ਰਤਾਪ ਸਿੰਘ ਬਾਜਵਾ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਕਾਰਵਾਈ ਸਿਹਤ ਮੰਤਰੀ ਦੇ ਵਿਵਹਾਰ ਵਿਚ ਬੁਨਿਆਦੀ ਸ਼ਿਸਟਾਚਾਰ ਦੀ ਘਾਟ ਦਾ ਨਤੀਜਾ ਹੈ।
ਪੜ੍ਹੋ ਇਹ ਵੀ ਖ਼ਬਰ: ਸਕਿਓਰਿਟੀ ਵਾਪਸ ਲੈਣ ਸਬੰਧੀ ਸੂਚਨਾ ਲੀਕ ਹੋਣ ਦਾ ਮਾਮਲਾ, ਸਰਕਾਰ ਨੇ ਸੀਲਬੰਦ ਰਿਪੋਰਟ ਲਈ ਮੰਗਿਆ ਸਮਾਂ
ਬਾਜਵਾ ਨੇ ਕਿਹਾ ਕਿ ਮੰਤਰੀ ਦੇ ਨਾਲ ‘ਆਪ’ ਦੇ ਵਰਕਰ ਇਸ ਮੰਦਭਾਗੀ ਘਟਨਾ ਦਾ ਵੀਡੀਓ ਬਣਾ ਰਹੇ ਸਨ ਅਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜੇਕਰ ਆਮ ਆਦਮੀ ਪਾਰਟੀ ਵਿੱਚ ਚੱਲ ਰਹੀ ਇਸ ਅਣਚਾਹੀ ਰਵਾਇਤ ’ਤੇ ਰੋਕ ਨਾ ਲਾਈ ਗਈ ਤਾਂ ਜ਼ਮੀਨੀ ਪੱਧਰ ’ਤੇ ਹਾਲਾਤ ਸੁਧਰਨ ਦੀ ਬਜਾਏ ਹੋਰ ਵਿਗੜ ਜਾਣਗੇ ਅਤੇ ਲੋਕਾਂ ਦੀਆਂ ਮੁਸੀਬਤਾਂ ਵਧਣਗੀਆਂ। ਬਾਜਵਾ ਨੇ ਕਿਹਾ ਕਿ ਉਪਕੁਲਪਤੀ ਡਾ. ਰਾਜ ਬਹਾਦੁਰ ਇੱਕ ਵਿਸ਼ਵ-ਪ੍ਰਸਿੱਧ ਆਰਥੋਪੀਡਿਕ ਸਰਜਨ ਹਨ, ਜਿਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਅਤੇ ਪੀਜੀਆਈ, ਚੰਡੀਗੜ੍ਹ ਵਿੱਚ 19 ਸਾਲਾਂ ਦੌਰਾਨ ਰੀੜ੍ਹ ਦੀ ਹੱਡੀ ਦੀਆਂ ਹਜਾਰਾਂ ਸਰਜਰੀਆਂ ਕਰਨ ਦਾ ਵਿਸ਼ਾਲ ਤਜਰਬਾ ਹੈ।
ਪੜ੍ਹੋ ਇਹ ਵੀ ਖ਼ਬਰ: ਲੁਧਿਆਣਾ: ਬੈਂਕ ਦੇ ਸੁਰੱਖਿਆ ਗਾਰਡ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਬਾਥਰੂਮ ‘ਚੋਂ ਮਿਲੀ ਲਾਸ਼
ਬਾਜਵਾ ਨੇ ਕਿਹਾ ਕਿ ਉਹ ਪਿਛਲੇ ਸਮੇਂ ਵਿੱਚ 15 ਤੋਂ ਵੱਧ ਵੱਕਾਰੀ ਸੰਸਥਾਵਾਂ ਦੀ ਅਗਵਾਈ ਕਰ ਚੁੱਕੇ ਹਨ ਅਤੇ ਦਸੰਬਰ 2014 ਤੋਂ ਇਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਹਨ। ਬਾਜਵਾ ਨੇ ਕਿਹਾ ਕਿ ਸਿਹਤ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਹਸਪਤਾਲ ਦੀ ਸਾਰੀ ਸਥਿਤੀ ਦਾ ਜਾਇਜਾ ਲੈਂਦੇ ਅਤੇ ਬਾਅਦ ਵਿਚ ਡਾ: ਰਾਜ ਬਹਾਦਰ ਨਾਲ ਵਨ-ਟੂ-ਵਨ ਮੀਟਿੰਗ ਵਿੱਚ ਇਸ ਬਾਰੇ ਚਰਚਾ ਕਰਦੇ। ਅਸਲੀਅਤ ਅਤੇ ਕਾਰਨਾਂ ਨੂੰ ਜਾਣੇ ਬਿਨਾਂ ਹੀ ਸਿਹਤ ਮੰਤਰੀ ਨੇ ਲੋਕਾਂ ਵਿੱਚ ਸਸਤੀ ਸ਼ੋਹਰਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੰਤਰੀ ਦੀ ਇਸ ਗਲਤੀ ਨਾਲ ਪੰਜਾਬ ਦੇ ਆਮ ਲੋਕ ਇਕ ਮਾਹਰ ਡਾਕਟਰ ਦੀ ਕਾਬਲੀਅਤ ਅਤੇ ਵੱਡੇ ਤਜਰਬੇ ਤੋਂ ਵਾਂਝੇ ਹੋ ਗਏ ਹਨ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ
ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਮੰਤਰੀ ਦੇ ਇਸ ਅਣਗਹਿਲੀ ਵਾਲੇ ਵਤੀਰੇ ਦਾ ਜਨਤਕ ਤੌਰ ’ਤੇ ਗੰਭੀਰ ਨੋਟਿਸ ਲੈਣ ਅਤੇ ਉਸ ਨੂੰ ਕੈਬਨਿਟ ਵਿਚੋਂ ਬਾਹਰ ਕਰਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚਾਹੀਦਾ ਹੈ ਕਿ ‘ਆਪ’ ਵਰਕਰਾਂ, ਵਿਧਾਇਕਾਂ ਅਤੇ ਮੰਤਰੀਆਂ ਲਈ ਇੱਕ ਓਰੀਐਂਟੇਸਨ ਪ੍ਰੋਗਰਾਮ ਦਾ ਪ੍ਰਬੰਧ ਕਰਨ ਤਾਂ ਜੋ ਉਹ ਲੋਕਾਂ ਵਿੱਚ ਸਹੀ ਢੰਗ ਨਾਲ ਵਿਚਰਨ ਅਤੇ ਚੰਗਾ ਵਿਵਹਾਰ ਕਰਨਾ ਸਿੱਖ ਸਕਣ।
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ