ਬਾਜਵਾ ਨੇ ਫਿਰ ਦਿੱਤੀ ਕੈਪਟਨ ਨੂੰ ਸਲਾਹ, ''ਸਮਾਂ ਰਹਿੰਦੇ ਹਾਲਾਤ ਸੰਭਾਲ ਲਓ'' (ਵੀਡੀਓ)
Friday, Mar 13, 2020 - 07:03 PM (IST)
ਚੰਡੀਗੜ੍ਹ : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਵਾਰ ਫਿਰ ਸਲਾਹ ਦਿੱਤੀ ਹੈ ਕਿ ਅਜੇ ਉਨ੍ਹਾਂ ਕੋਲ 2 ਸਾਲਾਂ ਦਾ ਸਮਾਂ ਬਾਕੀ ਹੈ ਅਤੇ ਸਮਾਂ ਰਹਿੰਦੇ ਉਹ ਹਾਲਾਤ ਸੰਭਾਲ ਲੈਣ, ਨਹੀਂ ਤਾਂ ਪੰਜਾਬ ਦੇ ਹਾਲਾਤ ਵੀ ਮੱਧ ਪ੍ਰਦੇਸ਼ ਵਰਗੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸੀ ਵਿਧਾਇਕ ਆਪਣੀ ਸਰਕਾਰ ਤੋਂ ਸੰਤੁਸ਼ਟ ਨਹੀਂ ਹਨ ਅਤੇ ਅਫਸਰਸ਼ਾਹੀ ਵਿਧਾਇਕਾਂ 'ਤੇ ਭਾਰੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਤੋਂ ਉਮੀਦ ਕਰਦੇ ਹਨ ਕਿ ਉਹ ਵਿਧਾਇਕਾਂ ਨੂੰ ਸੰਤੁਸ਼ਟ ਜ਼ਰੂਰ ਕਰਨਗੇ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਸਾਲ 2022 'ਚ ਪੰਜਾਬ ਦੇ ਹਾਲਾਤ ਕਿਹੋ ਜਿਹੇ ਹੋਣਗੇ, ਇਹ ਖੁਦ ਕੈਪਟਨ ਵੀ ਸੋਚ ਸਕਦੇ ਹਨ। ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਜੇਕਰ ਸਭ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ ਤਾਂ ਕੋਈ ਵੀ ਪਾਰਟੀ ਨਹੀਂ ਛੱਡਦਾ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਜੇ ਤੱਕ ਵਿਧਾਇਕਾਂ ਨੂੰ ਮਾਣ-ਸਨਮਾਨ ਘੱਟ ਮਿਲਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਕੈਪਟਨ ਨੇ 365 ਦਿਨ ਕੰਮ ਨਾ ਕੀਤਾ ਤਾਂ ਪੰਜਾਬ 'ਚ ਕਾਂਗਰਸ ਦੀ ਬੇੜੀ ਡੁੱਬ ਜਾਵੇਗੀ : ਬਾਜਵਾ
ਉਨ੍ਹਾਂ ਨੇ ਕਿਹਾ ਹੈ ਕਿ ਕੈਪਟਨ ਨੂੰ ਮੱਧ ਪ੍ਰਦੇਸ਼ ਤੋਂ ਸਬਕ ਲੈਂਦੇ ਹੋਏ 2 ਸਾਲਾਂ 'ਚ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਹਾਈਕਮਾਨ ਨੂੰ ਵੀ ਸਲਾਹ ਦਿੰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਦੇ ਹਿਸਾਬ ਨਾਲ ਕੁਝ ਨਹੀਂ ਹੋ ਸਕਦਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਪਾਰਟੀ ਦੀ ਹੀ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਸੀ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 365 ਦਿਨ ਕੰਮ ਨਾ ਕੀਤਾ ਤਾਂ ਪੰਜਾਬ 'ਚ ਕਾਂਗਰਸ ਦੀ ਬੇੜੀ ਡੁੱਬ ਜਾਵੇਗੀ। ਉਨ੍ਹਾਂ ਕਿਹਾ ਸੀ ਕਿ ਪੰਜਾਬ ਦੇ ਮੌਜੂਦਾ ਹਾਲਾਤ ਬੇਹੱਦ ਤਰਸਯੋਗ ਹਨ ਅਤੇ ਜੇਕਰ ਮੁੱਖ ਮੰਤਰੀ ਨੇ 24 ਘੰਟੇ ਲੋਕਾਂ ਦੇ ਕੰਮ ਨਾ ਕੀਤੇ ਤਾਂ ਪੰਜਾਬ ਅਤੇ ਕਾਂਗਰਸ ਪਾਰਟੀ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਨੇ ਕਾਨੂੰਨ ਮੰਤਰੀ ਰਾਹੀਂ ਕੈਪਟਨ 'ਤੇ ਸੁੱਟਿਆ ਨਵਾਂ ਲੈਟਰ ਬੰਬ