ਜਾਣੋ 'ਬਟਾਲਾ ਫੈਕਟਰੀ ਹਾਦਸੇ' 'ਤੇ ਕੀ ਬੋਲੇ ਪ੍ਰਤਾਪ ਸਿੰਘ ਬਾਜਵਾ
Thursday, Sep 05, 2019 - 03:26 PM (IST)

ਚੰਡੀਗੜ੍ਹ/ ਬਟਾਲਾ (ਬੇਰੀ) : ਬੀਤੇ ਦਿਨ ਬਟਾਲਾ 'ਚ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਨਾਲ 23 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਲਗਭਗ 4 ਦਰਜਨਾਂ ਦੇ ਕਰੀਬ ਲੋਕ ਜ਼ਖਮੀਂ ਹੋ ਗਏ ਸਨ। ਇਸ ਸਬੰਧੀ 'ਜਗਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਅਤੇ ਜ਼ਖਮੀਆਂ ਦੇ ਲਈ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ, ਇਹ ਬਹੁਤ ਹੀ ਘੱਟ ਹੈ ਅਤੇ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਅਤੇ ਗੰਭੀਰ ਰੂਪ 'ਚ ਜ਼ਖਮੀ ਹੋਏ ਲੋਕਾਂ ਨੂੰ 10-10 ਲੱਖ ਰੁਪਏ ਆਰਥਿਕ ਮਦਦ ਦੇ ਤੌਰ 'ਤੇ ਦੇਵੇ।
ਪ੍ਰਤਾਪ ਸਿੰਘ ਬਾਜਵਾ ਨੇ ਪਟਾਕਾ ਫੈਕਟਰੀ 'ਚ ਹੋਈ ਘਟਨਾ ਨੂੰ ਮੰਦਭਾਗਾ ਦੱਸਦੇ ਹੋਏ ਅੱਗੇ ਕਿਹਾ ਕਿ ਪੰਜਾਬ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਵਿਚੋਂ ਇਕ ਵਿਅਕਤੀ ਨੂੰ ਉਸ ਦੀ ਯੋਗਤਾ ਮੁਤਾਬਕ ਬਣਦੀ ਸਰਕਾਰੀ ਨੌਕਰੀ ਵੀ ਮੁਹੱਈਆ ਕਰਵਾਏ ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਸਹੀ ਢੰਗ ਨਾਲ ਕਰ ਸਕੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੀਵਾਲੀ ਤੋਂ ਪਹਿਲਾਂ-ਪਹਿਲਾਂ ਸਾਰੇ ਐੱਸ.ਐੱਸ. ਪੀਜ. ਨੂੰ ਇਹ ਨਿਰਦੇਸ਼ ਜਾਰੀ ਕਰੇ ਕਿ ਜਿੰਨੀਆਂ ਵੀ ਸ਼ਹਿਰਾਂ ਦੇ ਅੰਦਰ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਹਨ, ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਖਾਲੀ ਜਗ੍ਹਾ ਦੇ ਕੇ ਸ਼ਿਫਟ ਕਰਵਾਉਣ ਤਾਂ ਜੋ ਭਵਿੱਖ 'ਚ ਕਿਸੇ ਵੀ ਅਜਿਹੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਪ੍ਰਤਾਪ ਬਾਜਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੇ ਜੋ ਮੈਜਿਸਟ੍ਰੇਟ ਜਾਂਚ ਦੇ ਨਿਰਦੇਸ਼ ਦਿੱਤੇ ਹਨ, ਇਸ ਦੀ ਜਾਂਚ ਰਿਪੋਰਟ 15 ਦਿਨਾਂ ਦੇ ਅੰਦਰ-ਅੰਦਰ ਜਾਰੀ ਕੀਤੀ ਜਾਵੇ ਅਤੇ ਦੋਸ਼ੀ ਅਧਿਕਾਰੀਆਂ ਦਾ ਪਤਾ ਲਾ ਕੇ ਉਨ੍ਹਾਂ ਦੇ ਖਿਲਾਫਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ।