ਪ੍ਰਤਾਪ ਬਾਜਵਾ ਦਾ ਟਵੀਟ, ਟਰੱਕ ਯੂਨੀਅਨਾਂ ਦੀ ਪ੍ਰਧਾਨਗੀ ਦੇ ਮੁੱਦੇ ਨੂੰ ਲੈ ਕੇ ‘ਆਪ’ ’ਤੇ ਲਾਇਆ ਨਿਸ਼ਾਨਾ
Tuesday, Apr 05, 2022 - 12:06 AM (IST)
ਚੰਡੀਗੜ੍ਹ (ਬਿਊਰੋ) : ਕਾਦੀਆਂ ਤੋਂ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਭਰ ’ਚ ‘ਆਪ’ ਵੱਲੋਂ ਟਰੱਕ ਯੂਨੀਅਨਾਂ ਦੀ ਪ੍ਰਧਾਨਗੀ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਦੌਰਾਨ ਹੋ ਰਹੇ ਖ਼ੂਨ-ਖਰਾਬੇ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ‘ਆਪ’ ਵੱਲੋਂ ਪੰਜਾਬ ਭਰ ’ਚ ਟਰੱਕ ਯੂਨੀਅਨਾਂ ’ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਾਰਨ ਹਿੰਸਾ ਤੇ ਖ਼ੂਨ-ਖ਼ਰਾਬਾ ਹੋਇਆ ਹੈ। ਅਜਿਹਾ ਲੱਗਦਾ ਹੈ ਕਿ ਬਦਲਾਅ ਸਿਰਫ ‘ਆਪ’ ਦੇ ਉਨ੍ਹਾਂ ਲੋਕਾਂ ਲਈ ਹੈ, ਜੋ ਇਸ ਦਾ ਅਣਉਚਿਤ ਲਾਭ ਲੈ ਸਕਦੇ ਹਨ। ਬਾਜਵਾ ਨੇ ਸੰਦੀਪ ਜਾਖੜ ਵੱਲੋਂ ਪੋਸਟ ਕੀਤੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਮੈਂ ਸੰਦੀਪ ਜਾਖੜ ਦੀਆਂ ਭਾਵਨਾਵਾਂ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਜ਼ਿਕਰਯੋਗ ਹੈ ਕਿ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਟਰੱਕ ਯੂਨੀਅਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਹੋਏ ਖੂਨ-ਖਰਾਬੇ ਨੂੰ ਲੈ ਕੇ ਵੀਡੀਓ ਸ਼ੇਅਰ ਕਰਦਿਆਂ ਕਿਹਾ ਸੀ ਕਿ ਕੀ ਇਹ ਇਨਕਲਾਬ ਹੈ? ਉਨ੍ਹਾਂ ਕਿਹਾ ਕਿ ਇਹ ਉਹ ਤਬਦੀਲੀ ਹੈ, ਜਿਸ ਲਈ ਅਸੀਂ ਵੋਟ ਪਾਈ ਹੈ? ਉਨ੍ਹਾਂ ਲਿਖਿਆ ਸੀ ਕਿ ਅਬੋਹਰ ’ਚ ‘ਆਪ’ ਦੇ ਵਾਲੰਟੀਅਰਾਂ ਦੀ ਉਨ੍ਹਾਂ ਦੀ ਹੀ ਟਰੱਕ ਯੂਨੀਅਨ ਦੇ ਨਿਯੁਕਤ ਪ੍ਰਧਾਨ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ, ਜੋ ਇਕ ਹਿਸਟਰੀਸ਼ੀਟਰ ਹੈ।