ਵਿਧਾਇਕਾਂ ਦੇ ਵਿਦਰੋਹ ਕਾਰਨ ਸਰਕਾਰ ਨੂੰ ਰੱਦ ਕਰਨੀ ਪਈ ਜ਼ਿਲਾ ਮਾਨੀਟਰਿੰਗ ਕਮੇਟੀ ਦੀ ਮੀਟਿੰਗ

12/02/2019 4:02:31 PM

ਪਟਿਆਲਾ (ਰਾਜੇਸ਼ ਪੰਜੋਲਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਜ਼ਿਲਾ ਪਟਿਆਲਾ ਦੇ 4 ਕਾਂਗਰਸੀ ਵਿਧਾਇਕਾਂ ਵੱਲੋਂ ਕੀਤੇ ਵਿਦਰੋਹ ਕਾਰਨ ਸੀ. ਐੱਮ. ਜ਼ਿਲੇ ਦੀ ਇਕ ਅਹਿਮ ਕਮੇਟੀ ਦੀ ਮੀਟਿੰਗ ਸਰਕਾਰ ਨੂੰ ਰੱਦ ਕਰਨੀ ਪਈ। ਜ਼ਿਲਾ ਪਟਿਆਲਾ 'ਚ ਭਾਰਤ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਕਰਨ ਲਈ ਸਰਕਾਰ ਨੇ ਡਿਸਟ੍ਰਿਕਟ ਡਿਵੈਲਪਮੈਂਟ ਕੋਆਰਡੀਨੇਟਰ ਐਂਡ ਮਾਨੀਟਰਿੰਗ ਕਮੇਟੀ ਦੀ ਮੀਟਿੰਗ ਬੀਤੀ 30 ਨਵੰਬਰ ਨੂੰ ਸ਼ਾਮ 3.30 ਵਜੇ ਬੁਲਾਈ ਸੀ, ਜਿਸ 'ਚ ਐੱਮ. ਪੀ. ਪ੍ਰਨੀਤ ਕੌਰ ਨੇ ਪ੍ਰਧਾਨਗੀ ਕਰਨੀ ਸੀ। ਜ਼ਿਲੇ ਦੇ ਸਾਰੇ ਵਿਧਾਇਕ ਇਸ ਕਮੇਟੀ ਦੇ ਮੈਂਬਰ ਹੁੰਦੇ ਹਨ। 30 ਨਵੰਬਰ ਨੂੰ ਹੀ ਸਵੇਰੇ ਜ਼ਿਲਾ ਪ੍ਰਸ਼ਾਸਨ ਨੇ ਨਗਰ ਨਿਗਮ ਦੇ ਆਡੀਟੋਰੀਅਮ 'ਚ ਸਰਕਾਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਇਸ 'ਚ ਐੱਮ. ਪੀ. ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਸਾਰੇ ਵਿਧਾਇਕਾਂ ਨੂੰ ਵੀ ਬੁਲਾਇਆ ਗਿਆ ਸੀ। ਜ਼ਿਲੇ ਦੇ ਚਾਰੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਨਿਰਮਲ ਸਿੰਘ ਸ਼ੁਤਰਾਣਾ ਅਤੇ ਰਾਜਿੰਦਰ ਸਿੰਘ ਸਮਾਗਮ ਵਿਚ ਨਹੀਂ ਪਹੁੰਚੇ ਸਨ।

ਸਰਕਾਰ ਕੋਲ ਇਹ ਗੱਲ ਪਹੁੰਚ ਗਈ ਕਿ ਚਾਰੇ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕ ਸ਼ਾਮ 3.30 ਵਜੇ ਹੋਣ ਵਾਲੀ ਮਾਨੀਟਰਿੰਗ ਕਮੇਟੀ ਦੀ ਮੀਟਿੰਗ 'ਚ ਨਹੀਂ ਪਹੁੰਚਣਗੇ। ਇਸ ਕਮੇਟੀ ਦੇ ਮੈਂਬਰ ਜ਼ਿਲੇ ਦੇ ਸਾਰੇ ਵਿਧਾਇਕਾਂ ਤੋਂ ਇਲਾਵਾ ਨਗਰ ਨਿਗਮ ਦੇ ਮੇਅਰ, ਨਗਰ ਕੌਂਸਲਾਂ ਦੇ ਪ੍ਰਧਾਨ, ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਸਾਰੇ ਬਲਾਕ ਸੰਮਤੀਆਂ ਦੇ ਚੇਅਰਮੈਨ ਹੁੰਦੇ ਹਨ। ਹਰੇਕ ਵਿਧਾਨ ਸਭਾ ਹਲਕੇ ਵਿਚ 2-2 ਬਲਾਕ ਸੰਮਤੀਆਂ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਰਾਜਪੁਰਾ, ਨਗਰ ਕੌਂਸਲ ਸਮਾਣਾ, ਨਗਰ ਕੌਂਸਲ ਪਾਤੜਾਂ, ਨਗਰ ਕੌਂਸਲ ਘੱਗਾ, ਨਗਰ ਕੌਂਸਲ ਘਨੌਰ ਅਤੇ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਵੀ ਕਮੇਟੀ ਦੇ ਮੈਂਬਰ ਹਨ। ਸਿਰਫ ਸਮਾਣਾ ਨਗਰ ਕੌਂਸਲ ਨੂੰ ਛੱਡ ਕੇ ਸਾਰਿਆਂ ਦੇ ਪ੍ਰਧਾਨ ਸਬੰਧਤ ਹਲਕੇ ਦੇ ਵਿਧਾਇਕ ਨੇ ਆਪਣੇ ਪੱਕੇ ਸਮਰਥਕਾਂ ਨੂੰ ਬਣਾਇਆ ਹੋਇਆ ਹੈ। ਸਮਾਣਾ ਨਗਰ ਕੌਂਸਲ ਦਾ ਪ੍ਰਧਾਨ ਅਕਾਲੀ ਦਲ ਦਾ ਹੈ।

PunjabKesari

ਮੀਟਿੰਗ ਦਾ ਕੋਰਮ ਪੂਰਾ ਨਾ ਹੋਣ 'ਤੇ ਸਰਕਾਰ ਦੀ ਹੁੰਦੀ ਕਿਰਕਿਰੀ
ਜ਼ਿਲਾ ਪ੍ਰੀਸ਼ਦ ਦੀ ਮੌਜੂਦਾ ਚੇਅਰਪਰਸਨ ਵੀ ਇਨ੍ਹਾਂ ਚਾਰੇ ਵਿਧਾਇਕਾਂ ਨੇ ਇਕਜੁੱਟ ਹੋ ਕੇ ਬਣਵਾਈ ਹੈ। ਸਾਰੇ ਹਾਲਾਤ ਨੂੰ ਦੇਖਦੇ ਹੋਏ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਸਮਝ ਆ ਗਈ ਕਿ ਚਾਰੇ ਵਿਧਾਇਕਾਂ ਦੇ ਨਾਲ-ਨਾਲ ਸਾਰੀਆਂ ਨਗਰ ਪ੍ਰੀਸ਼ਦਾਂ ਦੇ ਪ੍ਰਧਾਨ ਅਤੇ ਬਲਾਕ ਸੰਮਤੀਆਂ ਦੇ ਚੇਅਰਮੈਨ ਵੀ ਮੀਟਿੰਗ 'ਚ ਨਹੀਂ ਆਉਣਗੇ। ਕਮੇਟੀ ਦੀ ਚੇਅਰਪਰਸਨ ਐੱਮ. ਪੀ. ਮਹਾਰਾਣੀ ਪ੍ਰਨੀਤ ਕੌਰ ਖੁਦ ਹਨ। ਜੇਕਰ ਉਨ੍ਹਾਂ ਦੀ ਪ੍ਰਧਾਨਗੀ ਵਾਲੀ ਕਮੇਟੀ ਦੀ ਮੀਟਿੰਗ ਦਾ ਕੋਰਮ ਹੀ ਪੂਰਾ ਨਾ ਹੋਇਆ ਤਾਂ ਇਸ ਨਾਲ ਸਰਕਾਰ ਦੀ ਕਿਰਕਿਰੀ ਹੋ ਜਾਵੇਗੀ। ਪ੍ਰਸ਼ਾਸਨ ਨੇ ਇਸ ਦੀ ਸੂਚਨਾ ਸਰਕਾਰ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਈ। ਇਸ ਤੋਂ ਬਾਅਦ ਜਲਦਬਾਜ਼ੀ ਵਿਚ ਇਸ ਮੀਟਿੰਗ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ।

ਬ੍ਰਹਮ ਮਹਿੰਦਰਾ ਚੱਲ ਰਹੇ ਨੇ ਬੀਮਾਰ
ਹਲਕਾ ਪਟਿਆਲਾ ਦਿਹਾਤੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਬੀਮਾਰ ਚੱਲ ਰਹੇ ਹਨ। ਉਨ੍ਹਾਂ ਦਾ ਮੀਟਿੰਗ ਵਿਚ ਆਉਣਾ ਤੈਅ ਨਹੀਂ ਸੀ। ਅਜਿਹੇ ਵਿਚ ਜੇਕਰ ਮੀਟਿੰਗ ਆਯੋਜਿਤ ਕੀਤੀ ਜਾਂਦੀ ਤਾਂ ਸਿਰਫ ਚੇਅਰਪਰਸਨ ਐੱਮ. ਪੀ. ਪ੍ਰਨੀਤ ਕੌਰ, ਕੈਬਨਿਟ ਮੰਤਰੀ, ਹਲਕਾ ਨਾਭਾ ਦੇ ਵਿਧਾਇਕ ਸਾਧੂ ਸਿੰਘ ਧਰਮਸੌਤ ਅਤੇ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਹੀ ਇਸ ਮੀਟਿੰਗ ਵਿਚ ਪਹੁੰਚਦੇ। ਸਾਰੀ ਸਥਿਤੀ ਨੂੰ ਭਾਂਪਦੇ ਹੋਏ ਹੀ ਸਰਕਾਰ ਨੂੰ ਇਹ ਮੀਟਿੰਗ ਰੱਦ ਕਰਨੀ ਪਈ।


Anuradha

Content Editor

Related News