ਪੁਲਸ ਵਲੋਂ ਗੈਂਗਸਟਰ ਗੁਗਨੀ ਅਤੇ ਹੈਪੀ ਦੀ ਡਿਸਚਾਰਜ ਐਪਲੀਕੇਸ਼ਨ ਦਰਜ

02/12/2019 9:52:57 PM

ਮੋਹਾਲੀ (ਕੁਲਦੀਪ)— ਪ੍ਰਸਿੱਧ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਕੇਸ ਵਿਚ ਪੁਲਸ ਨੇ ਦੋ ਮੁਲਜ਼ਮਾਂ ਗੈਂਗਸਟਰ ਧਰਮਿੰਦਰ ਸਿੰਘ ਉਰਫ ਗੁਗਨੀ ਅਤੇ ਹਰਵਿੰਦਰ ਸਿੰਘ ਹੈਪੀ ਨੂੰ ਡਿਸਚਾਰਜ ਕਰਨ ਸਬੰਧੀ ਡਿਸਚਾਰਜ ਐਪਲੀਕੇਸ਼ਨ ਅਦਾਲਤ ਵਿਚ ਦਰਜ ਕਰ ਦਿੱਤੀ ਹੈ । ਪੁਲਸ ਨੇ ਮੰਨਿਆ ਕਿ ਉਕਤ ਦੋਵਾਂ ਮੁਲਜ਼ਮਾਂ ਦੀ ਪਰਮੀਸ਼ 'ਤੇ ਹੋਏ ਹਮਲੇ ਬਾਰੇ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ । ਪੁਲਸ ਇਨ੍ਹਾਂ ਦੋਵਾਂ ਮੁਲਜ਼ਮਾਂ ਦਾ ਸਬੰਧ ਦਿਲਪ੍ਰੀਤ ਦੇ ਨਾਲ ਜੋੜ ਨਹੀਂ ਸਕੀ ।
ਗੁਗਨੀ ਨੂੰ ਜੇਲ ਤੋਂ ਲਿਆ ਕੇ ਕੀਤੀ ਸੀ ਪੁੱਛਗਿੱਛ
ਜ਼ਿਕਰਯੋਗ ਹੈ ਕਿ ਮੋਹਾਲੀ ਦੇ ਵਕੀਲ ਹੱਤਿਆ ਕਾਂਡ ਸਬੰਧੀ ਜੇਲ ਵਿੱਚ ਸਜਾ ਕੱਟ ਰਹੇ ਧਰਮਿੰਦਰ ਸਿੰਘ ਗੁਗਨੀ ਨੂੰ ਪੁਲਸ ਨੇ ਉਕਤ ਕੇਸ ਵਿਚ ਜੇਲ ਤੋਂ ਲਿਆ ਕੇ ਪੁੱਛਗਿਛ ਕੀਤੀ ਸੀ ।ਪੁਲਸ ਨੂੰ ਉਸ 'ਤੇ ਸ਼ੱਕ ਸੀ ਕਿ ਉਹ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ ਬਾਬਾ ਅਤੇ ਰਿੰਦਾ ਨੂੰ ਅਸਲਾ ਸਪਲਾਈ ਕਰਵਾਉਂਦਾ ਸੀ ।
ਹੈਪੀ ਨੂੰ ਬੱਦੀ ਤੋਂ ਕੀਤਾ ਸੀ ਗ੍ਰਿਫਤਾਰ:
ਦੂਜੇ ਮੁਲਜ਼ਮ ਹਰਵਿੰਦਰ ਸਿੰਘ ਹੈਪੀ ਨੂੰ ਪੁਲਸ ਨੇ ਬੱਦੀ ਤੋਂ ਗ੍ਰਿਫਤਾਰ ਕੀਤਾ ਸੀ ਜੋ ਕਿ ਚੰਡੀਗੜ੍ਹ ਸਥਿਤ ਕਿਸੇ ਇੰਸਟੀਚਿਊਟ ਤੋਂ ਲਾਅ ਕਰ ਰਿਹਾ ਸੀ ਅਤੇ ਗਊ ਰੱਖਿਆ ਦਲ ਦਾ ਮੈਂਬਰ ਵੀ ਸੀ । ਉਸ ਨੂੰ ਗੈਂਗਸਟਰ ਦਿਲਪ੍ਰੀਤ ਦਾ ਨਜ਼ਦੀਕੀ ਵੀ ਮੰਨਿਆ ਜਾ ਰਿਹਾ ਸੀ । ਕੇਸ ਵਿਚ ਹੈਪੀ ਹੀ ਸਭ ਤੋਂ ਪਹਿਲਾ ਮੁਲਜ਼ਮ ਸੀ ਜਿਸ ਨੂੰ ਪੁਲਸ ਨੇ 15 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਸੀ ।
ਪੰਜ ਦੇ ਖਿਲਾਫ ਪੇਸ਼ ਕੀਤਾ ਸੀ ਚਲਾਣ:
ਮੋਹਾਲੀ ਦੀ ਜ਼ਿਲਾ ਅਦਾਲਤ ਵਿਚ ਉਕਤ ਕੇਸ ਪੈਂਡਿੰਗ ਹੈ । ਪੁਲਸ ਨੇ ਇਸ ਕੇਸ ਵਿਚ ਇਕ ਮਹਿਲਾ ਸਮੇਤ ਕੁੱਲ ਪੰਜ ਮੁਲਜ਼ਾਮਾਂ ਖਿਲਾਫ ਚਲਾਣ ਪੇਸ਼ ਕੀਤਾ ਸੀ । ਇਨ੍ਹਾਂ ਪੰਜ ਮੁਲਾਜ਼ਮਾਂ ਵਿਚ ਦਿਲਪ੍ਰੀਤ ਸਿੰਘ, ਅਰੁਣ ਕੁਮਾਰ ਉਰਫ ਸੰਨੀ, ਹਰਜਿੰਦਰ ਸਿੰਘ ਉਰਫ ਅਕਾਸ਼ ਮਹਾਂਰਾਸ਼ਟਰ, ਅਰਸ਼ਦੀਪ ਸਿੰਘ ਅਤੇ ਰੇਨੂ ਦੇ ਖਿਲਾਫ ਚਲਾਣ ਪੇਸ਼ ਕੀਤਾ ਸੀ । ਇਹ ਚਲਾਣ ਆਈ. ਪੀ. ਸੀ. ਦੀ ਧਾਰਾ 307, 148, 149, 427, 120ਬੀ, 212, 216, 201 ਅਤੇ ਆਮਰਸ ਐਕਟ ਦੀਆਂ ਧਾਰਾਵਾਂ ਤਹਿਤ ਪੇਸ਼ ਕੀਤਾ ਗਿਆ ਸੀ ।
ਇਹ ਸੀ ਮਾਮਲਾ:
ਜ਼ਿਕਰਯੋਗ ਹੈ ਕਿ 14 ਅਪ੍ਰੈਲ 2018 ਦਿਨ ਸ਼ੁੱਕਰਵਾਰ ਦੀ ਦੇਰ ਰਾਤ ਸਾਢੇ 12 ਵਜੇ ਦੇ ਕਰੀਬ ਗਾਇਕ ਪਰਮੀਸ਼ ਵਰਮਾ 'ਤੇ ਕੁੱਝ ਅਗਿਆਤ ਲੋਕਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਸੀ ਜਦੋਂ ਉਹ ਮੋਹਾਲੀ ਦੇ ਸੈਕਟਰ-91 ਸਥਿਤ ਆਪਣੇ ਘਰ ਨੂੰ ਕਾਰ ਵਿਚ ਵਾਪਸ ਆਰ ਰਿਹਾ ਸੀ । ਇਸ ਹਮਲੇ ਵਿਚ ਪਰਮੀਸ਼ ਵਰਮਾ ਅਤੇ ਉਸ ਦਾ ਦੋਸਤ ਕੁਲਵੰਤ ਸਿੰਘ ਚਾਹਲ ਵੀ ਜ਼ਖ਼ਮੀ ਹੋ ਗਏ ਸਨ । ਪੁਲਸ ਵਲੋਂ ਇੰਡਸਟਰੀਅਲ ਏਰੀਆ ਫੇਜ਼- 8ਬੀ ਮੋਹਾਲੀ ਸਥਿਤ ਪੁਲਸ ਚੌਂਕੀ ਵਿਚ ਕੁਲਵੰਤ ਸਿੰਘ ਨਿਵਾਸੀ ਪਿੰਡ ਡਡਹੇੜਾ ਜ਼ਿਲਾ ਪਟਿਆਲੇ ਦੇ ਬਿਆਨਾਂ 'ਤੇ ਆਈ. ਪੀ. ਸੀ. ਦੀ ਧਾਰਾ 307, 148, 149 ਅਤੇ ਆਮਰਸ ਐਕਟ ਦੀਆਂ ਧਾਰਾਵਾਂ 25, 54, 59 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ ।


Related News