ਵਿਧਾਇਕ ਵੱਲੋਂ ਫੜਵਾਈਆਂ ਰੇਤਾ ਦੀਆਂ 5 ਟਰਾਲੀਆਂ ਦਾ ਪਰਚੇ ''ਚ ਜ਼ਿਕਰ ਤੱਕ ਨਹੀਂ

Thursday, Mar 08, 2018 - 12:47 AM (IST)

ਫਿਰੋਜ਼ਪੁਰ(ਮਲਹੋਤਰਾ)-ਰੇਤਾ ਦੀ ਨਾਜਾਇਜ਼ ਨਿਕਾਸੀ ਨੂੰ ਲੈ ਕੇ ਉਦਯੋਗ ਵਿਭਾਗ ਦੇ ਨਾਲ-ਨਾਲ ਪੁਲਸ ਦੀ ਕਾਰਜ ਪ੍ਰਣਾਲੀ ਵੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਮੰਗਲਵਾਰ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਰੇਤਾ ਨਾਲ ਭਰੀਆਂ 5 ਟਰਾਲੀਆਂ ਨੂੰ ਫੜ ਕੇ ਥਾਣਾ ਆਰਫਕੇ ਵਿਚ ਬੰਦ ਕਰਵਾਉਣ ਤੋਂ ਬਾਅਦ ਪੁਲਸ ਵੱਲੋਂ ਸਿਰਫ ਦੋ ਪੋਕਲਾਈਨ ਮਸ਼ੀਨਾਂ ਦੀ ਬਰਾਮਦਗੀ ਵਿਖਾ ਕੇ ਅਣਪਛਾਤੇ ਲੋਕਾਂ ਖਿਲਾਫ ਪਰਚਾ ਦਰਜ ਕਰਨਾ ਇਸ ਗੱਲ ਦੀ ਜਿਊਂਦੀ ਜਾਗਦੀ ਉਦਾਹਰਨ ਹੈ ਕਿ ਦਾਲ ਵਿਚ ਕੁਝ ਕਾਲਾ ਹੀ ਨਹੀਂ, ਬਲਕਿ ਪੂਰੀ ਦਾਲ ਹੀ ਕਾਲੀ ਹੈ ਕਿਉਂਕਿ ਵਿਧਾਇਕ ਦੇ ਗਨਮੈਨਾਂ ਨੇ ਪੰਜ ਟਰਾਲੀਆਂ ਤੇ ਉਨ੍ਹਾਂ ਦੇ ਚਾਲਕਾਂ ਨੂੰ ਥਾਣਾ ਆਰਫਕੇ ਦੇ ਇੰਚਾਰਜ ਮੋਹਿਤ ਧਵਨ ਦੇ ਹਵਾਲੇ ਕਰ ਕੇ ਪੂਰੀ ਕਾਰਵਾਈ ਕੀਤੀ ਸੀ। ਪੁਲਸ ਵੱਲੋਂ ਦਰਜ ਐੱਫ. ਆਈ. ਆਰ. ਨੰਬਰ 59 ਵਿਚ ਇਨ੍ਹਾਂ ਟਰਾਲੀਆਂ ਤੇ ਉਨ੍ਹਾਂ ਦੇ ਚਾਲਕਾਂ 'ਤੇ ਕਾਰਵਾਈ ਨਾ ਕਰਨਾ ਇਹ ਸਪੱਸ਼ਟ ਕਰਦਾ ਹੈ ਕਿ ਨਾਜਾਇਜ਼ ਨਿਕਾਸੀ ਦਾ ਨੈੱਟਵਰਕ ਬਹੁਤ ਮਜ਼ਬੂਤ ਹੈ। ਆਗੂਆਂ, ਪੁਲਸ ਤੇ ਉਦਯੋਗ ਵਿਭਾਗ ਦੇ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਹੈ। ਉਧਰ ਅੱਜ ਦੂਜੇ ਦਿਨ ਪੁਲਸ ਨੇ ਬੰਡਾਲਾ ਸਮੇਤ ਪੂਰੇ ਇਲਾਕੇ ਵਿਚ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾ ਕੇ ਉਥੇ ਪੁਲਸ ਕਰਮਚਾਰੀ ਤਾਇਨਾਤ ਕਰ ਦਿੱਤੇ ਹਨ। ਇਸ ਪੂਰੇ ਮਾਮਲੇ ਵਿਚ ਜਦ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਥੇ ਵੀ ਨਾਜਾਇਜ਼ ਨਿਕਾਸੀ ਚੱਲ ਰਹੀ ਹੈ, ਉਸ ਵਿਚ ਸਿੱਧੇ ਤੌਰ 'ਤੇ ਉਦਯੋਗ ਵਿਭਾਗ ਦੇ ਜੀ. ਐੱਮ. ਜ਼ਿੰਮੇਦਾਰ ਹਨ ਤੇ ਉਨ੍ਹਾਂ ਖਿਲਾਫ ਪਰਚਾ ਦਰਜ ਕੀਤਾ ਜਾਵੇ। ਪਿੰਕੀ ਨੇ ਕਿਹਾ ਕਿ ਉਹ ਲਿਖਤ ਤੌਰ 'ਤੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰ ਰਹੇ ਹਨ। ਇਸ ਸਬੰਧੀ ਥਾਣਾ ਆਰਫਕੇ ਦੇ ਇੰਚਾਰਜ ਮੋਹਿਤ ਧਵਨ ਦਾ ਕਹਿਣਾ ਹੈ ਕਿ ਪਰਚਾ ਮੁਖਬਰੀ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਅਸੀਂ 2 ਪੋਕਲਾਈਨ ਮਸ਼ੀਨਾਂ ਤੋਂ ਇਲਾਵਾ 7 ਟਰਾਲੀਆਂ ਤੇ ਇਕ ਘੋੜਾ ਟਰਾਲਾ ਵੀ ਬਰਾਮਦ ਕੀਤਾ ਹੈ। ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕ੍ਰਾਈਮ ਰਿਪੋਰਟ ਵਿਚ ਬਰਾਮਦਗੀ ਸਿਰਫ ਦੋ ਪੋਕਲਾਈਨ ਮਸ਼ੀਨਾਂ ਹੀ ਹੈ ਤਾਂ ਉਨ੍ਹਾਂ ਕਿਹਾ ਕਿ ਮੁਖਬਰੀ 'ਤੇ ਦਰਜ ਹੋਏ ਪਰਚੇ 'ਚ ਅਸੀਂ ਬਾਅਦ ਵਿਚ ਮਿਸਲ ਵਿਚ ਬਰਾਮਦਗੀ ਦਿਖਾ ਦਿੰਦੇ ਹਾਂ।


Related News