ਜਾਂਚ ਟੀਮ ਵਲੋਂ ਭੇਜੇ ਸੰਮਨ ''ਤੇ ਆਪਣਾ ਪੱਖ ਪੂਰਨਗੇ ਬਾਦਲ
Monday, Nov 12, 2018 - 11:56 AM (IST)
ਚੰਡੀਗੜ੍ਹ : ਵਿਸ਼ੇਸ਼ ਜਾਂਚ ਟੀਮ ਵਲੋਂ ਬਰਗਾੜੀ ਮਾਮਲੇ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੂੰ ਸੰਮਨ ਜਾਰੀ ਹੋਣ ਸਬੰਧੀ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਲੋਕਾਂ ਸਾਹਮਣੇ ਸੱਚਾਈ ਲਿਆਉਣ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਜਾਂਚ ਟੀਮ ਨਾਲ ਪੂਰਾ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਅਕਸ਼ੈ ਕੁਮਾਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਆਪਣੇ ਘਰ 'ਚ ਕਦੇ ਸੁਖਬੀਰ ਬਾਦਲ ਨੂੰ ਨਹੀਂ ਮਿਲੇ ਹਨ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਮੀਟਿੰਗ ਹੋਈ ਹੈ, ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਇਸ ਮਾਮਲੇ ਸਬੰਧੀ ਲੋਕਾਂ ਅੱਗੇ ਸੱਚ ਲੈ ਕੇ ਆਉਣਗੇ।
ਜ਼ਿਕਰਯੋਗ ਹੈ ਕਿ ਬਰਗਾੜੀ ਕਾਂਡ ਸਬੰਧੀ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਅਤੇ ਅਕਸ਼ੈ ਕੁਮਾਰ ਨੂੰ 21 ਨਵੰਬਰ ਨੂੰ ਪੁੱਛਗਿੱਛ ਲਈ ਅੰਮ੍ਰਿਤਸਰ ਸਰਕਟ ਹਾਊਸ 'ਚ ਬੁਲਾਇਆ ਹੈ। ਤਿੰਨਾਂ ਨੂੰ ਕੋਟਕਪੂਰਾ ਥਾਣੇ 'ਚ ਦਰਜ ਮਾਮਲੇ ਸਬੰਧੀ ਸੰਮਨ ਜਾਰੀ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਤਿੰਨਾਂ ਨੂੰ ਬਰਗਾੜੀ 'ਚ ਅਪਮਾਨ ਅਤੇ ਕੋਟਕਪੂਰਾ ਅਤੇ ਬਹਿਬਲ ਕਲਾਂ 'ਚ ਫਾਇਰਿੰਗ ਸਬੰਧੀ ਜਾਂਚ ਲਈ ਮੌਜੂਦ ਰਹਿਣ ਲਈ ਕਿਹਾ ਗਿਆ ਹੈ।