ਬੇਅਦਬੀ ਦੇ ਮੁੱਦੇ ਨੂੰ ਲੈ ਕੇ ਪਰਮਿੰਦਰ ਸਿੰਘ ਢੀਂਡਸਾ ਨੇ ਘੇਰੀ ਚੰਨੀ ਸਰਕਾਰ, ਦਿੱਤੀ ਇਹ ਚਿਤਾਵਨੀ
Wednesday, Nov 10, 2021 - 06:31 PM (IST)

ਚੰਡੀਗੜ੍ਹ- ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪ੍ਰੈੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਬੇਅਦਬੀ ਅਤੇ ਬਹਿਬਲ ਕਲਾਂ ਗੋਲ਼ੀਕਾਂਡ ਦੇ ਮਾਮਲੇ ’ਤੇ ਉਨ੍ਹਾਂ ਨੇ ਚੰਨੀ ਸਰਕਾਰ ਨੂੰ ਲੰਮੇ ਹੱਥੀਂ ਲੈਂਦੇ ਹੋਏ ਮੁੱਖ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਨੂੰ ਲੈ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਦੀ ਸਖ਼ਤ ਚਿਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਚੰਨੀ ਸਰਕਾਰ ਦੀ ਮੰਸ਼ਾ ਸਿਰਫ਼ ਦੋਸ਼ੀਆਂ ਨੂੰ ਬਚਾਉਣ ਦੀ ਜ਼ਿਆਦਾ ਲੱਗ ਰਹੀ ਹੈ। ਜਦੋਂ ਦੀ ਚੰਨੀ ਸਰਕਾਰ ਬਣੀ ਹੈ, ਉਦੋਂ ਤੋਂ ਇਹੀ ਕਿਹਾ ਜਾ ਰਿਹਾ ਹੈ ਕਿ ਬੇਅਦਬੀ ਦੇ ਮਾਮਲੇ ’ਚ ਕਾਰਵਾਈ ਕੀਤੀ ਜਾਵੇਗੀ। ਚੰਨੀ ਸਰਕਾਰ ਦੀ ਕਹਿਣੀ ਅਤੇ ਕੱਥਨੀ ’ਚ ਬੇਹੱਦ ਫਰਕ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਜਿਹੀ ਸਰਕਾਰ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ, ਜੋ ਦੋਸ਼ੀਆਂ ਨੂੰ ਬਚਾਉਣ ’ਚ ਲੱਗੀ ਹੋਵੇ।
ਢੀਂਡਸਾ ਨੇ ਕਿਹਾ ਕਿ ਬਹਿਬਲ ਕਲਾਂ ਗੋਲ਼ੀਕਾਂਡ ਦੇ ਮਾਮਲੇ ’ਚ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਸਮੇਤ ਹੋਰ ਕਈ ਅਫ਼ਸਰ ਸ਼ਾਮਲ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦੇ ਕਿਹਾ ਕਿ ਇਸ ਮਾਮਲੇ ’ਚ ਪਹਿਲਾਂ ਕੈਪਟਨ ਸਰਕਾਰ ਬਾਦਲ ਸਰਕਾਰ ਦੀ ਮਦਦ ਕਰਦੀ ਰਹੀ ਹੈ ਅਤੇ ਮੌਜੂਦਾ ਚੰਨੀ ਸਰਕਾਰ ਹੁਣ ਸੁਮੈਧ ਸੈਣੀ ਦੀ ਮਦਦ ਕਰ ਰਹੀ ਹੈ।
ਇਹ ਵੀ ਪੜ੍ਹੋ: ਕਬਰਾਂ ’ਚ ਦੀਵੇ ਨੇ, ਸ਼ਹੀਦਾਂ ਘਰੀਂ ਹਨੇਰੇ ਨੇ, ਸ਼ਹਾਦਤਾਂ ਦਾ ਸਿਆਸੀਕਰਨ ਕਰਨ ਵਾਲੇ ਮੁੜ ਨੀਂ ਲੈਂਦੇ ਪਰਿਵਾਰਾਂ ਦੀ ਸਾਰ
ਵੀਡੀਓ ਵਿਖਾ ਕੇ ਦੱਸਿਆ ਇੰਝ ਹੋ ਰਹੀ ਹੈ ਸੁਮੈਧ ਸੈਣੀ ਦੀ ਮਦਦ
ਕੋਰਟ ਪ੍ਰੋਸੀਡਿੰਗ ਦੀ ਇਕ ਵੀਡੀਓ ਵਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸ ਵੀਡੀਓ ’ਚ ਇਕ ਕੇਸ ’ਚ ਸਰਕਾਰ ਦਾ ਨੁਮਾਇੰਦਾ ਬਕਾਇਦਾ ਸੁਮੈਧ ਸੈਣੀ ਦੀ ਮਦਦ ਕਰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕੇਸ ਐੱਫ. ਆਈ. ਆਰ. ਨੰਬਰ 15, ਜਿਸ ’ਚ ਐਕਸੀਅਨ ਨਿਮਰਤ ਪਾਲ, ਨਿਮਰਦੀਪ ਸਿੰਘ ਅਤੇ ਸੁਮੈਧ ਸੈਣੀ ਹਨ, ਜਿਸ ਦੀ ਇਹ ਕੋਰਟ ਪ੍ਰੋਸੀਡਿੰਗ ਦੀ ਵੀਡੀਓ ਹੈ। ਇਸ ਵੀਡੀਓ ਰਾਹੀਂ ਇਹ ਸਾਬਤ ਹੁੰਦਾ ਹੈ ਕਿ ਕਿਵੇਂ ਸਰਕਾਰ ਸੁਮੈਧ ਸੈਣੀ ਦੀ ਮਦਦ ਕਰ ਰਹੀ ਹੈ। ਜੇਕਰ ਇਸੇ ਤਰ੍ਹਾਂ ਦੋਸ਼ੀਆਂ ਦੀ ਮਦਦ ਕੀਤੀ ਜਾਵੇਗੀ ਤਾਂ ਇਹ ਮਾਮਲਾ ਇਨਸਾਫ਼ ਤੱਕ ਨਹੀਂ ਪੁੱਜ ਸਕੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤਾਂ ਸੁਮੈਧ ਸੈਣੀ ਨੂੰ ਬਚਾ ਹੀ ਰਹੀ ਹੈ ਪਰ ਹੁਣ ਪੰਜਾਬ ਸਰਕਾਰ ਵੀ ਅੰਦਰ ਖਾਤੇ ਲੁੱਕ ਕੇ ਦੋਸ਼ੀਆਂ ਦੀ ਮਦਦ ਕਰ ਰਹੀ ਹੈ।
ਉਨ੍ਹਾਂ ਚੰਨੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਤੇ ਜਿਹੜੀ ਸੁਮੈਧ ਸੈਣੀ ਨੂੰ ਬਲੈਂਕੇਟ ਬੇਲ ਦਿੱਤੀ ਗਈ ਹੈ, ਉਸ ਖ਼ਿਲਾਫ਼ ਸੁਪਰੀਮ ਕੋਰਟ ’ਚ ਜਲਦੀ ਤੋਂ ਜਲਦੀ ਅਪੀਲ ਨਾ ਫਾਈਲ ਕੀਤੀ ਤਾਂ ਅਸੀਂ ਮੌਜੂਦਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਾਂਗਾ, ਕਿਉਂਕਿ ਲੋਕ ਚਾਹੁੰਦੇ ਹਨ ਕਿ ਇਸ ਮਾਮਲੇ ’ਚ ਜਲਦੀ ਤੋਂ ਜਲਦੀ ਇਨਸਾਫ਼ ਦਿਵਾਇਆ ਜਾਵੇ।
ਇਹ ਵੀ ਪੜ੍ਹੋ: ਜਲੰਧਰ: ਪੁਲਸ ਕਸਟਡੀ 'ਚੋਂ ਭੱਜੇ ਹਿਮਾਂਸ਼ ਵਰਮਾ ਦੀ ਸੂਚਨਾ ਦੇਣ ਵਾਲੇ ਲਈ ਪੁਲਸ ਨੇ ਰੱਖਿਆ ਵੱਡਾ ਇਨਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ