ਪੰਜਾਬ ਸਰਕਾਰ ਦੇ ਬਜਟ ''ਤੇ ਕੀ ਬੋਲੇ ਪਰਮਿੰਦਰ ਸਿੰਘ ਢੀਂਡਸਾ
Wednesday, Mar 10, 2021 - 07:33 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਬਜਟ ਕੋਰਾ ਝੂਠ ਹੈ, ਜਿਸ ਨੂੰ ਹੇਰ ਫੇਰ ਕਰਕੇ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹ ਇਥੇ ਆਪਣੇ ਕਿਸੇ ਰਿਸ਼ਤੇਦਾਰ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਬਜਟ ਨੂੰ ਵਧਾ ਕੇ ਪੇਸ਼ ਕੀਤਾ ਗਿਆ ਹੈ, ਇਸੇ ਤਰ੍ਹਾਂ ਪਿਛਲੇ ਸਾਲ ਵੀ ਕੀਤਾ ਗਿਆ ਸੀ ਜਿਸ ਨਾਲ ਆਉਣ ਵਾਲੀਆਂ ਨਵੀਆਂ ਸਕੀਮਾਂ ਨਹੀਂ ਆ ਸਕੀਆਂ ਅਤੇ ਹੁਣ ਵੀ ਬਜਟ ਨੂੰ ਵਧਾ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਨਾ ਪੈਸਾ ਇਸ ਸਰਕਾਰ ਪਾਸ ਆਉਣਾ ਨਹੀਂ ਹੈ, ਉਨ੍ਹਾਂ ਕਿਹਾ ਕਿ ਹੁਣ ਵੀ ਇਨ੍ਹਾਂ ਵੱਲੋਂ 27/28 ਫੀਸਦੀ ਵਾਧਾ ਦਿਖਾ ਕੇ ਬਜਟ ਪੇਸ਼ ਕੀਤਾ ਗਿਆ ਹੈ ਜੋ ਆਉਣ ਵਾਲੀਆਂ ਨਵੀਆਂ ਸਕੀਮਾਂ ਲਈ ਸੰਭਵ ਨਹੀਂ ਹੋਵੇਗਾ, ਇਸ ਲਈ ਪੰਜਾਬ ਦੇ ਲੋਕਾਂ ਨੂੰ ਇਸ ਬਜਟ ਤੋਂ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਜਦੋਂ ਪੈਸਾ ਨਹੀਂ ਆਵੇਗਾ ਤਾਂ ਨਵੀਆਂ ਸਕੀਮਾਂ ਕਿੱਥੋਂ ਆਉਣਗੀਆਂ।
ਇਹ ਵੀ ਪੜ੍ਹੋ : ਅਕਾਲੀ ਦਲ ਦੀ ਸਿਆਸਤ 'ਚ ਵੱਡਾ ਧਮਾਕਾ, ਵਲਟੋਹਾ ਦਾ ਪਿਆ ਬਾਦਲ ਦੇ ਜਵਾਈ ਨਾਲ ਪੇਚਾ
ਉਨ੍ਹਾਂ ਕਿਹਾ ਕਿ ਜਿੰਨੀ ਤੇਜ਼ੀ ਨਾਲ ਕਰਜ਼ਾ ਪਿਛਲੇ ਪੰਜ ਸਾਲਾਂ ਵਿਚ ਪੰਜਾਬ 'ਤੇ ਵਧਿਆ ਹੈ, ਉਨਾ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਵਧਿਆ। ਉਨ੍ਹਾਂ ਕਿਹਾ ਕਿ ਸੂਬੇ ਦੀ ਵਿਕਾਸ ਦਰ ਦੀ ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਚਾਰ ਸਾਲਾਂ ਵਿਚ ਉਸ ਵਿਚ ਵੀ ਕਾਫ਼ੀ ਗਿਰਾਵਟ ਆਈ ਹੈ, ਉਨ੍ਹਾਂ ਕਿਹਾ ਕਿ ਕਹਿਣ ਨੂੰ ਕਾਂਗਰਸ ਸਰਕਾਰ ਜੋ ਮਰਜ਼ੀ ਕਹੀ ਜਾਵੇ ਪਰ ਆਉਣ ਵਾਲਾ ਸਮਾਂ ਸੂਬੇ ਲਈ ਚੰਗਾ ਨਹੀਂ ਹੈ ਕਿਉਂਕਿ ਵੀਹ ਹਜ਼ਾਰ ਕਰੋੜ ਰੁਪਏ ਤਾਂ ਕਰਜ਼ੇ ਦੇ ਵਿਆਜ਼ ਦਾ ਦੇਣ ਲਈ ਚਾਹੀਦੇ ਹਨ ਅਤੇ ਉਹ ਰਾਸ਼ੀ ਵੀ ਆਉਣ ਵਾਲੇ ਸਮੇਂ ਵਿਚ ਵਧਦੀ ਜਾਵੇਗੀ । ਇਸ ਮੌਕੇ ਉਨ੍ਹਾਂ ਡੀਜ਼ਲ-ਪੈਟਰੋਲ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੂਬਾ ਸਰਕਾਰ ਨੂੰ ਡੀਜ਼ਲ ਅਤੇ ਪੈਟਰੋਲ ਦੇ ਵਧੇ ਰੇਟਾਂ ਸਬੰਧੀ ਸੋਚਣਾ ਚਾਹੀਦਾ ਹੈ ਕਿਉਂਕਿ ਸਰਹੱਦੀ ਇਲਾਕਿਆਂ ਵਿਚ ਪੰਜਾਬ ਦੇ ਪੈਟਰੋਲ ਪੰਪਾਂ ਦੀ ਸੇਲ ਬਹੁਤ ਘੱਟ ਚੁੱਕੀ ਹੈ ਅਤੇ ਲੋਕ ਹਿਮਾਚਲ ਹਰਿਆਣੇ ਤੋਂ ਡੀਜ਼ਲ-ਪੈਟਰੋਲ ਬਲੈਕ ਕਰ ਰਹੇ ਹਨ ,ਕਿਉਂਕਿ ਉਨ੍ਹਾਂ ਸੂਬਿਆਂ ਵਿਚ ਇਹ ਇਸ ਦੇ ਰੇਟ ਘੱਟ ਹਨ ਜਿਸ ਲਈ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਟੈਕਸਾਂ ਵਿਚੋਂ ਡੀਜ਼ਲ ਅਤੇ ਪੈਟਰੋਲ ਤੇ ਵਧਾਏ ਟੈਕਸਾਂ ਨੂੰ ਵਾਪਸ ਲਵੇ ਜਿਸ ਨਾਲ ਸੂਬੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਬਲਕਿ ਸੂਬੇ ਦਾ ਫਾਇਦਾ ਹੀ ਹੋਵੇਗਾ ਕਿਉਂਕਿ ਡੀਜ਼ਲ ਅਤੇ ਪੈਟਰੋਲ ਦੇ ਰੇਟ ਘਟਣ ਨਾਲ ਸੂਬੇ ਅੰਦਰ ਡੀਜ਼ਲ ਪੈਟਰੋਲ ਦੀ ਸੇਲ ਵਧੇਗੀ ।
ਇਹ ਵੀ ਪੜ੍ਹੋ : ਈ. ਡੀ. ਵਲੋਂ ਮਾਰੇ ਗਏ ਛਾਪਿਆਂ ਤੋਂ ਬਾਅਦ ਸੁਖਪਾਲ ਖਹਿਰਾ ਦਾ ਵੱਡਾ ਐਲਾਨ
ਕਿਸਾਨੀ ਸੰਘਰਸ਼ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਤਾਨਾਸ਼ਾਹੀ ਜੱਗ-ਜ਼ਾਹਿਰ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਲੋਕ ਵੀ ਇਹ ਸੋਚ ਰਹੇ ਹਨ ਕਿ ਹੁਣ ਇਸ ਸਰਕਾਰ ਨੂੰ ਚੱਲਦਾ ਕਰੀਏ ਜਿਸ ਲਈ ਇਕੱਲੇ ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਸੰਘਰਸ਼ ਦੇ ਨਾਲ ਖੜੇ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਵੀ ਨਾਲ ਖੜੇ ਰਹਾਂਗੇ । 2022 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਚੋਣਾਂ ਵੀ ਲੜੇਗੀ ਅਤੇ ਬਾਦਲ ਦਲ, ਕਾਂਗਰਸ ਅਤੇ ਭਾਜਪਾ ਇਨ੍ਹਾਂ ਤਿੰਨਾਂ ਪਾਰਟੀਆਂ ਤੋਂ ਇਲਾਵਾ ਮਜ਼ਬੂਤ ਫਰੰਟ ਤਿਆਰ ਕਰਾਂਗੇ, ਜਿਸ ਵਿਚ ਸਾਰੀਆਂ ਹਮਖ਼ਿਆਲੀ ਪਾਰਟੀਆਂ ਜੋ ਪੰਜਾਬ ਦਾ ਭਲਾ ਚਾਹੁੰਦੀਆਂ ਹਨ ਉਹ ਸ਼ਾਮਲ ਹੋਣ ਤਾਂ ਜੋ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਗੁਰਲਾਲ ਭਲਵਾਨ ਕਤਲ ਕਾਂਡ ਵਿਚ ਪੁਲਸ ਨੇ ਸਾਹਮਣੇ ਲਿਆਂਦੇ ਹੈਰਾਨ ਕਰਨ ਵਾਲੇ ਤੱਥ
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਤੋਂ ਇਲਾਵਾ ਬਾਕੀ ਪਾਰਟੀਆਂ ਨੂੰ ਵੀ ਇਕ ਪਲੇਟਫਾਰਮ 'ਤੇ ਇਕੱਠੇ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨੂੰ ਮਾਤ ਦੇਣੀ ਹੈ ਤਾਂ ਸਾਨੂੰ ਸਭ ਨੂੰ ਇਕੱਠੇ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਚੰਗੇ ਆਗੂ ਜਿਵੇਂ ਕਾਂਗਰਸ ਵਿਚ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਨੂੰ ਚਾਹੀਦਾ ਕਿ ਉਹ ਜਲੀਲ ਹੋਣ ਨਾਲੋਂ ਪਾਰਟੀ ਛੱਡ ਕੇ ਇਕ ਮੰਚ 'ਤੇ ਇਕੱਠੇ ਹੋਣ। ਈ.ਡੀ ਵੱਲੋਂ ਕੱਲ੍ਹ ਸੁਖਪਾਲ ਸਿੰਘ ਖਹਿਰਾ ਦੇ ਘਰ ਕੀਤੀ ਛਾਪੇਮਾਰੀ ਦੇ ਸੰਬੰਧ ਵਿਚ ਉਨ੍ਹਾਂ ਕਿਹਾ ਕਿ ਇਸ ਛਾਪੇਮਾਰੀ ਤੋਂ ਸਾਫ ਪਤਾ ਲਗਦਾ ਹੈ ਕਿ ਇਹ ਧੱਕੇਸ਼ਾਹੀ ਤੇ ਡਰਾਉਣ ਲਈ ਕੇਂਦਰ ਸਰਕਾਰ ਵੱਲੋਂ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ]
ਨੋਟ - ਪਰਮਿੰਦਰ ਢੀਂਡਸਾ ਦੇ ਬਿਆਨ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?